
ਤਲਵੰਡੀ ਸਾਬੋ,18 ਸਤੰਬਰ(ਅਮ੍ਰਿਤ ਮਲਕਾਣਾ)ਗੁਰੂ ਗੋਬਿੰਦ ਸਿੰਘ ਡਿਗਰੀ ਕਾਲਜ, ਤਲਵੰਡੀ ਸਾਬੋ ਵਿਖੇ “ਪਰਿਵਾਰਿਕ ਵਿਕੇਂਦਰੀਕਰਨ ਕਾਰਨ 21ਵੀਂ ਸਦੀ ਦੀਆਂ ਚੁਣੌਤੀਆਂ” ਵਿਸ਼ੇ ’ਤੇ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੀ ਅਗਵਾਈ ਕਾਲਜ ਦੇ ਪ੍ਰਿੰਸੀਪਲ ਡਾ. ਰਣਬੀਰ ਸਿੰਘ ਕਿੰਗਰਾ ਨੇ ਕੀਤੀ। ਇਸ ਮੌਕੇ ਪ੍ਰਿੰਸੀਪਲ ਕੁਮਾਰ ਜਗਦੇਵ ਸਿੰਘ, ਫਰੀਦਕੋਟ ਅਤੇ ਡਾ. ਅਦੀਸ਼ ਕੁਮਾਰ, ਸਹਾਇਕ ਪ੍ਰੋਫੈਸਰ, ਕੇਂਦਰੀ ਯੂਨੀਵਰਸਿਟੀ, ਬਠਿੰਡਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਕੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।ਆਪਣੇ ਸੰਬੋਧਨ ਦੌਰਾਨ ਵਿਦਵਾਨਾਂ ਨੇ ਕਿਹਾ ਕਿ ਆਧੁਨਿਕ ਜੀਵਨ-ਸ਼ੈਲੀ, ਤੇਜ਼ੀ ਨਾਲ ਹੋ ਰਹੇ ਸਮਾਜਿਕ ਅਤੇ ਆਰਥਿਕ ਪਰਿਵਰਤਨਾਂ ਅਤੇ ਬਦਲਦੀਆਂ ਕਦਰਾਂ-ਕੀਮਤਾਂ ਦਾ ਪਰਿਵਾਰਿਕ ਢਾਂਚੇ ’ਤੇ ਡੂੰਘਾ ਪ੍ਰਭਾਵ ਪੈ ਰਿਹਾ ਹੈ। ਉਨ੍ਹਾਂ ਨੇ ਪਰਿਵਾਰਿਕ ਰਿਸ਼ਤਿਆਂ ਵਿੱਚ ਆ ਰਹੀਆਂ ਤਬਦੀਲੀਆਂ, ਪੀੜ੍ਹੀਆਂ ਵਿਚਕਾਰ ਵਧ ਰਹੇ ਫ਼ਾਸਲੇ ਅਤੇ 21ਵੀਂ ਸਦੀ ਵਿੱਚ ਪਰਿਵਾਰਾਂ ਸਾਹਮਣੇ ਪੈਦਾ ਹੋ ਰਹੀਆਂ ਵੱਖ-ਵੱਖ ਚੁਣੌਤੀਆਂ ਬਾਰੇ ਵਿਦਿਆਰਥੀਆਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਵਿਦਵਾਨਾਂ ਵੱਲੋਂ ਸਾਂਝੇ ਕੀਤੇ ਵਿਚਾਰ ਅਤੇ ਉਦਾਹਰਨਾਂ ਵਿਦਿਆਰਥੀਆਂ ਲਈ ਗਿਆਨਵਰਧਕ, ਪ੍ਰੇਰਣਾਦਾਇਕ ਅਤੇ ਵਿਚਾਰ-ਉਤਪੰਨ ਕਰਨ ਵਾਲੇ ਰਹੇ।
ਸੈਮੀਨਾਰ ਦੌਰਾਨ ਵਿਦਿਆਰਥੀਆਂ ਨੇ ਵਿਸ਼ੇ ਨਾਲ ਸੰਬੰਧਿਤ ਆਪਣੇ ਸਵਾਲ ਵੀ ਸਾਂਝੇ ਕੀਤੇ ਜਿਨ੍ਹਾਂ ਦੇ ਵਿਦਵਾਨਾਂ ਵੱਲੋਂ ਤਸੱਲੀਬਖ਼ਸ਼ ਜਵਾਬ ਦਿੱਤੇ ਗਏ। ਅੰਤ ਵਿੱਚ ਕਾਲਜ ਪ੍ਰਬੰਧਨ ਵੱਲੋਂ ਆਏ ਹੋਏ ਵਿਦਵਾਨਾਂ ਦਾ ਧੰਨਵਾਦ ਕੀਤਾ ਗਿਆ। ਸਮੁੱਚੇ ਤੌਰ ’ਤੇ ਇਹ ਸੈਮੀਨਾਰ ਵਿਦਿਆਰਥੀਆਂ ਲਈ ਇੱਕ ਸਾਰਥਕ, ਗਿਆਨਵਰਧਕ ਅਤੇ ਯਾਦਗਾਰੀ ਅਕਾਦਮਿਕ ਗਤੀਵਿਧੀ ਸਾਬਤ ਹੋਇਆ।ਇਸ ਮੌਕੇ ਵਾਈਸ ਪ੍ਰਿੰਸੀਪਲ ਪ੍ਰੋ. ਗੁਰਪ੍ਰੀਤ ਕੌਰ ਤੋਂ ਇਲਾਵਾ ਪ੍ਰੋ. ਅਮਨਦੀਪ ਕੌਰ, ਪ੍ਰੋ. ਜਸਮੈਲ ਕੌਰ, ਪ੍ਰੋ. ਡਾ. ਬਲਦੇਵ ਸਿੰਘ ਚੀਮਾ, ਪ੍ਰੋ. ਹੁਸਨਪ੍ਰੀਤ ਸਿੰਘ, ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਕੁਲਵਿੰਦਰ ਕੌਰ, ਪ੍ਰੋ. ਸ਼ੋਕੀਨ ਸਿੰਘ, ਪ੍ਰੋ. ਮਨਿਸ਼ਾ, ਪ੍ਰੋ. ਗੁਰਬਿੰਦਰ ਕੌਰ, ਪ੍ਰੋ. ਕੁਲਵਿੰਦਰ ਸਿੰਘ ਅਤੇ ਪ੍ਰੋ. ਜਗਜੀਤ ਸਿੰਘ ਸਮੇਤ ਕਾਲਜ ਦਾ ਸਮੂਹ ਸਟਾਫ਼ ਹਾਜ਼ਰ ਰਿਹਾ।









