
ਮੌੜ ਮੰਡੀ 14 ਅਕਤੂਬਰ (ਅੰਮ੍ਰਿਤ ਮਲਕਾਣਾ/ਹੁਸਨਦੀਪ ਸਿੰਘ) ਲੰਘੇ ਦਿਨ ਮਾਨਸਾ ਵਿਖੇ ਗੋਲੀਆਂ ਮਾਰਕੇ ਕਤਲ ਕਰ ਦਿੱਤੇ ਗਏ ਨਸ਼ਾ ਵਿਰੋਧੀ ਮੁਹਿੰਮ ਦੇ ਆਗੂ ਪਰਵਿੰਦਰ ਸਿੰਘ ਝੋਟਾ ਦੇ ਇਨਸਾਫ ਲਈ ਉਨਾਂ ਦੇ ਸਮੱਰਥਕਾਂ ਤੇ ਇਨਸਾਫ ਪਸੰਦ ਧਿਰਾਂ ਵੱਲੋਂ ਮਾਨਸਾ ਵਿਖੇ ਲਗਾਏ ਗਏ ਧਰਨੇ ‘ਚ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪਰਗਟ ਸਿੰਘ,ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਹੋਰ ਸੀਨੀਅਰ ਆਗੂਆਂ ਦੇ ਨਾਲ ਨਾਲ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਨੇ ਵੀ ਹਾਜ਼ਰੀ ਭਰਦਿਆਂ ਪੀੜਿਤ ਪਰਿਵਾਰ ਲਈ ਇਨਸਾਫ ਦੀ ਮੰਗ ਕੀਤੀ।
ਮਾਨਸਾ ਵਿਖੇ ਰੱਖੇ ਧਰਨੇ ‘ਚ ਸ਼ਾਮਿਲ ਹੋਣ ਉਪਰੰਤ ਗੱਲਬਾਤ ਕਰਦਿਆਂ ਜੀਤਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਸੂਬੇ ਨੂੰ ਰੰਗਲਾ ਬਣਾਉਣ ਦੇ ਸੁਪਨੇ ਦਿਖਾ ਕੇ ਸੂਬੇ ਦੀ ਸੱਤਾ ਤੇ ਕਾਬਿਜ਼ ਹੋਈ ਧਿਰ ਨੇ ਹਾਲਾਤ ਇਹ ਬਣਾ ਦਿੱਤੇ ਹਨ ਕਿ ਅੱਜ ਪੰਜਾਬ ਦਾ ਕੋਈ ਵੀ ਵਾਸ਼ਿੰਦਾ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀ ਕਰਦਾ।ਉਨਾਂ ਕਿਹਾ ਕਿ ਗੋਲੀਆਂ ਚਲਾਉਣੀਆਂ ਅਤੇ ਕਤਲੇਆਮ, ਇੱਥੋਂ ਤੱਕ ਆਮ ਹੋ ਗਿਐ ਕਿ ਪੁਲਿਸ ਦੀ ਵਰਦੀ ਪਹਿਨਣ ਵਾਲੇ ਵੀ ਸੁਰੱਖਿਅਤ ਨਹੀ।ਸਾਬਕਾ ਵਿਧਾਇਕ ਨੇ ਕਿਹਾ ਕਿ ਨਸ਼ਿਆਂ ਦੇ ਮੱੁਦੇ ‘ਤੇ ਬੁਰੀ ਤਰ੍ਹਾਂ ਫੇਲ੍ਹ ਹੋਈ ਸਰਕਾਰ ਤੋਂ ਹੁਣ ਕਿਸੇ ਤਰ੍ਹਾਂ ਵੀ ਸਥਿੱਤੀ ਕਾਬੂ ਹੇਠ ਨਹੀ ਆ ਰਹੀ ਇਸ ਲਈ ਹੁਣ ਲੋਕਾਂ ਨੂੰ ਇਕਜੁਟ ਹੋਣਾ ਪਵੇਗਾ।ਉਨ੍ਹਾਂ ਮੰਗ ਕੀਤੀ ਕਿ ਮਰਹੂਮ ਝੋਟਾ ਦੇ ਪਰਿਵਾਰ ਦੀਆਂ ਮੰਗਾਂ ਨੂੰ ਸਰਕਾਰ ਅਮਲੀ ਜਾਮਾ ਪਹਿਨਾਵੇ।









