Home » Lok Masle » ਪਰਵਿੰਦਰ ਝੋਟਾ ਕਤਲਕਾਂਡ:-ਵਿਧਾਇਕਾ ਨੂੰ ਲਾਹਨਤ ਪੱਤਰ ਦੇਣ ਜਾਂਦੇ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਝੜਪ,ਕਿਸਾਨ ਆਗੂ ਹੋਇਆ ਜ਼ਖ਼ਮੀ

ਪਰਵਿੰਦਰ ਝੋਟਾ ਕਤਲਕਾਂਡ:-ਵਿਧਾਇਕਾ ਨੂੰ ਲਾਹਨਤ ਪੱਤਰ ਦੇਣ ਜਾਂਦੇ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਝੜਪ,ਕਿਸਾਨ ਆਗੂ ਹੋਇਆ ਜ਼ਖ਼ਮੀ

News Portal Development Companies In India

 

ਤਲਵੰਡੀ ਸਾਬੋ 19 ਅਕਤੂਬਰ (ਅੰਮ੍ਰਿਤ ਮਲਕਾਣਾ ) ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਉਪਰੰਤ ਪਰਿਵਾਰ ਨੂੰ ਇਨਸਾਫ ਦਵਾਉਣ ਲਈ ਬਣਾਈ ਸੰਘਰਸ਼ ਕਮੇਟੀ ਵੱਲੋਂ ਅੱਜ ਸੱਤਾਧਿਰ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਲਾਹਨਤ ਪੱਤਰ ਸੌਂਪੇ ਜਾਣ ਦੇ ਉਲੀਕੇ ਪ੍ਰੋਗਰਾਮ ਤਹਿਤ ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕਾ ਬੀਬਾ ਬਲਜਿੰਦਰ ਕੌਰ ਨੂੰ ਲਾਹਨਤ ਪੱਤਰ ਦੇਣ ਜਾਂਦੇ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਝੜਪ ਹੋ ਗਈ ਜਿਸ ਵਿੱਚ ਇੱਕ ਕਿਸਾਨ ਆਗੂ ਗੰਭੀਰ ਜ਼ਖ਼ਮੀ ਹੋ ਗਿਆ।
ਦੱਸਣਯੋਗ ਹੈਕਿ ਸੰਘਰਸ਼ ਕਮੇਟੀ ਦੇ ਸੱਦੇ ਮੁਤਾਬਿਕ ਕੈਬਨਿਟ ਰੈਂਕ ਪ੍ਰਾਪਤ ਵਿਧਾਇਕਾ ਬਲਜਿੰਦਰ ਕੌਰ ਨੂੰ ਲਾਹਨਤ ਪੱਤਰ ਦੇਣ ਲਈ ਜਿੱਥੇ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਵੱਡੀ ਗਿਣਤੀ ਕਿਸਾਨ,ਜਮਹੂਰੀ ਕਿਸਾਨ ਸਭਾ ਦੇ ਸੁਖਮੰਦਰ ਸਿੰਘ ਧਾਲੀਵਾਲ,ਖੇਤ ਮਜ਼ਦੂਰ ਸਭਾ ਦੇ ਕਾ.ਮੱਖਣ ਸਿੰਘ,ਨਸ਼ਾ ਵਿਰੋਧੀ ਮੰਚ ਦੇ ਮੇਜਰ ਕਮਾਲੂ ਸਮੇਤ ਵੱਡੀ ਗਿਣਤੀ ਇਨਸਾਫ ਪਸੰਦ ਧਿਰਾਂ ਦੇ ਲੋਕਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਦੀ ਅਗਵਾਈ ‘ਚ ਵੱਡੀ ਗਿਣਤੀ ਅਕਾਲੀ ਵਰਕਰ,ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਮਨਦੀਪ ਸਿੰਘ ਸਿੱਧੂ ਦੀ ਅਗਵਾਈ ‘ਚ ਪਾਰਟੀ ਵਰਕਰ ਸਥਾਨਕ ਨੱਤ ਰੋਡ ‘ਤੇ ਇਕੱਤਰ ਹੋ ਕੇ ਵਿਧਾਇਕਾ ਦੀ ਰਿਹਾਇਸ਼ ਕਮ ਦਫ਼ਤਰ ਵੱਲ ਜਾਣ ਲੱਗੇ ਤਾਂ ਰਿਹਾਇਸ਼ ਤੋਂ ਅੱਗੇ ਹੀ ਵੱਡੀ ਗਿਣਤੀ ਪੁਲਿਸ ਪਾਰਟੀ ਨੇ ਥਾਣਾ ਮੁਖੀ ਅਮਰੀਕ ਸਿੰਘ ਦੀ ਅਗਵਾਈ ਹੇਠ ਬੈਰੀਕੇਡ ਲਗਾ ਕੇ ਰਾਸਤਾ ਜਾਮ ਕੀਤਾ ਹੋਇਆ ਸੀ।ਪੁਲਿਸ ਵੱਲੋਂ ਰੋਕੇ ਜਾਣ ‘ਤੇ ਪ੍ਰਦਰਸ਼ਨਕਾਰੀ ਆਗੂਆਂ ਨੇ ਇਤਰਾਜ਼ ਜਤਾਇਆ।ਆਗੂਆਂ ਦੀ ਅਧਿਕਾਰੀਆਂ ਨਾਲ ਚਲਦੀ ਗੱਲਬਾਤ ‘ਚ ਕਈ ਕਿਸਾਨ ਆਗੂ ਇਸ ਗੱਲੋਂ ਤੈਸ਼ ‘ਚ ਆ ਗਏ ਕਿ ਉਨ੍ਹਾਂ ਦੀਆਂ ਵੋਟਾਂ ਨਾਲ ਚੁਣੀ ਵਿਧਾਇਕਾ ਨੂੰ ਪਹਿਲਾਂ ਵੀ ਉਹ ਮਿਲਦੇ ਰਹੇ ਹਨ ਫਿਰ ਅੱਜ ਜ਼ਬਰੀ ਰੋਕਿਆ ਕਿਉਂ ਜਾ ਰਿਹਾ ਹੈ।ਦੇਖਦਿਆਂ ਹੀ ਦੇਖਦਿਆਂ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੇ ਬੈਰੀਕੇਡ ਉਖਾੜ ਸੁੱਟੇ ‘ਤੇ ਵਿਧਾਇਕਾ ਦੀ ਰਿਹਾਇਸ਼ ਵੱਲ ਵਧਣਾ ਸ਼ੁਰੂ ਕਰ ਦਿੱਤਾ।ਇਸ ਧੱਕਾਮੁੱਕੀ ਦੌਰਾਨ ਹੀ ਭਾਕਿਯੂ ਸਿੱਧੂਪੁਰ ਆਗੂ ਬੂਟਾ ਸਿੰਘ ਮਲਕਾਣਾ ਦੀ ਲੱਤ ‘ਤੇ ਕੁਝ ਵੱਜਣ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਏ ਜਿੰਨ੍ਹਾਂ ਨੂੰ ਸਾਥੀਆਂ ਵੱਲੋਂ ਤੁਰੰਤ ਹਸਪਤਾਲ ਦਾਖਿਲ ਕਰਵਾਇਆ ਗਿਆ।
ਸਿਵਲ ਹਸਪਤਾਲ ‘ਚ ਜ਼ੇਰੇ ਇਲਾਜ਼ ਬੂਟਾ ਸਿੰਘ ਮਲਕਾਣਾ ਨੇ ਕਿਹਾ ਕਿ ਵਿਧਾਇਕਾ ਨੂੰ ਸ਼ਾਂਤਮਈ ਪੱਤਰ ਦੇਣ ਜਾਂਦੇ ਸਮੇਂ ਉਨਾਂ ਨਾਲ ਧੱਕਾ-ਮੁੱਕੀ ਦੌਰਾਨ ਪੁਲਿਸ ਵੱਲੋਂ ਉਨਾਂ ਦੀ ਲੱਤ ‘ਤੇ ਕਿਸੇ ਤੇਜ਼ਧਾਰ ਵਸਤੂ ਨਾਲ ਵਾਰ ਕੀਤਾ ਗਿਆ ਜਿਸ ਕਰਕੇ ਉਨ੍ਹਾ ਦੀ ਲੱਤ ਗੰਭੀਰ ਜਖਮੀ ਹੋ ਗਈ ਜਦੋਂਕਿ ਪੁਲਿਸ ਅਧਿਕਾਰੀਆਂ ਨੇ ਉਕਤ ਦੋਸ਼ਾਂ ਨੂੰ ਮੁੱਢੋਂ ਰੱਦ ਕਰਦਿਆਂ ਕਿਹਾ ਕਿ ਬੈਰੀਕੇਡ ਵੱਜਣ ਨਾਲ ਸੱਟ ਵੱਜੀ ਹੋ ਸਕਦੀ ਹੈ।

Leave a Comment

Will the middle class get relief from the first general budget of Modi 3.0?