
ਫੋਟੋ ਕੈਪਸ਼ਨ:ਨਵੇਂ ਲੱਗੇ ਸੋਲਰ ਦਾ ਸਮਾਨ ਜਾਂਚਦੇ ਕਿਸਾਨ ਤੇ ਜਾਣਕਾਰੀ ਦਿੰਦਾ ਪੀੜਿਤ ਕਿਸਾਨ
ਤਲਵੰਡੀ ਸਾਬੋ 25 ਜੂਨ (ਅੰਮ੍ਰਿਤ ਮਲਕਾਣਾ )
ਕਿਸਾਨਾਂ ਦੇ ਖੇਤਾਂ ਚੋਂ ਟਰਾਂਸਫਾਰਮਰਾਂ ਦੇ ਸਮਾਨ ਸਮੇਤ ਸਿੰਚਾਈ ਦੀ ਵਰਤੋਂ ਚ ਆਉਣ ਵਾਲੇ ਕੀਮਤੀ ਸਮਾਨ ਦੀ ਚੋਰੀ ਦੀਆਂ ਖਬਰਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤੇ ਕਿਸਾਨ ਇੰਨਾਂ ਚੋਰੀਆਂ ਤੋਂ ਅਤੇ ਪ੍ਰਸ਼ਾਸਨ ਵੱਲੋਂ ਠੋਸ ਕਦਮ ਨਾ ਚੁੱਕੇ ਜਾਣ ਤੋਂ ਹੁਣ ਇੰਨੇ ਅੱਕ ਗਏ ਨੇ ਕਿ ਉਨਾਂ ਨੇ ਅੱਜ ਸਰਕਾਰ ਤੋਂ ਮੰਗ ਕੀਤੀ ਹੈ ਚੋਰਾਂ ਨਾਲ ਨਿਪਟਣ ਦੀ ਉਨਾਂ ਨੂੰ ਹੀ ਖੁੱਲ ਦੇ ਦਿੱਤੀ ਜਾਵੇ ਉਹ ਆਪੇ ਨਿਪਟ ਲੈਣਗੇ।

ਪਿੰਡ ਗੁਰੂਸਰ ਜਗਾ ਦੇ ਕਿਸਾਨ ਗੁਰਵਿੰਦਰ ਸਿੰਘ ਨੇ ਅੱਜ ਆਪਣੇ ਖੇਤਾਂ ਚ ਪੱਤਰਕਾਰਾਂ ਨੂੰ ਮੌਕਾ ਦਿਖਾਉਦਿਆਂ ਦੱਸਿਆ ਕਿ ਲੰਘੀ ਕੱਲ ਹੀ ਖੇਤਾਂ ਚ ਦੋ ਨਵੀਆਂ ਸੋਲਰ ਮੋਟਰਾਂ ਲਗਾ ਕੇ ਉਹ ਦੇਰ ਸ਼ਾਮ ਘਰੇ ਪੁੱਜੇ ਸਨ ਕਿ ਸਵੇਰ ਹੁੰਦਿਆਂ ਉਨਾਂ ਨੂੰ ਪਤਾ ਲੱਗਾ ਕਿ ਮੋਟਰਾਂ ਦੀਆਂ ਕੀਮਤੀ ਤਾਰਾਂ ਵੱਢ ਕੇ ਚੋਰੀ ਕਰ ਲਈਆਂ ਗਈਆਂ ਹਨ।ਖੇਤ ਪਹੁੰਚਣ ਤੇ ਪਤਾ ਲੱਗਾ ਕਿ ਕੇਵਲ ਉਨਾਂ ਦੀਆਂ ਹੀ ਨਹੀ ਸਗੋਂ ਕੁੱਲ ਅੱਧੀ ਦਰਜ਼ਨ ਮੋਟਰਾਂ ਦੀਆਂ ਤਾਰਾਂ ਚੋਰੀ ਹੋਈਆਂ ਹਨ।ਪੀੜਿਤ ਕਿਸਾਨ ਨੇ ਦੱਸਿਆ ਕਿ ਕਿਸਾਨਾਂ ਦੇ ਖੇਤਾਂ ਚੋਂ ਚੋਰੀ ਹੁੰਦੇ ਸਮਾਨ ਦੀ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਸੁਣਵਾਈ ਨਹੀ ਹੁੰਦੀ।ਪਿਛਲੇ ਸਮੇਂ ਚ ਗੁਰੂਸਰ ਜਗਾ,ਫਤਹਿਗੜ੍ਹ ਨੌ ਆਬਾਦ ਅਤੇ ਸੰਗਤ ਪਿੰਡਾਂ ਦੇ ਕਿਸਾਨਾਂ ਨੇ ਚੋਰ ਫੜਕੇ ਪੁਲਿਸ ਹਵਾਲੇ ਕੀਤੇ ਤਾਂ ਪੁਲਿਸ ਨੇ ਤਰਕ ਦਿੱਤਾ ਕਿ ਇੰਨਾਂ ਤੇ ਕਾਰਵਾਈ ਬਿਜਲੀ ਮਹਿਕਮਾ ਕਰੇਗਾ।ਪੀੜਿਤ ਕਿਸਾਨ ਮੁਤਾਬਿਕ ਉਸ ਸਮੇਂ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਾ ਕਰਨ ਕਰਕੇ ਚੋਰਾਂ ਦੇ ਹੌਂਸਲੇ ਬੁਲੰਦ ਹਨ ਤੇ ਉਹ ਖੇਤਾਂ ਚੋਂ ਕੀਮਤੀ ਸਮਾਨ ਚੋਰੀ ਕਰ ਰਹੇ ਹਨ।ਉਨਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਜਾਂ ਤਾਂ ਚੋਰਾਂ ਨੂੰ ਫੜਨ ਦਾ ਠੋਸ ਉਪਰਾਲੇ ਦੇ ਨਿਰਦੇਸ਼ ਦੇਣ ਜਾਂ ਫਿਰ ਐਲਾਨ ਕਰਨ ਕਿ ਕਿਸਾਨ ਖੁਦ ਚੋਰਾਂ ਨੂੰ ਫੜ ਸਕਦੇ ਹਨ ਤਾਂ ਅਸੀਂ ਦਿਨਾਂ ਚ ਹੀ ਚੋਰੀਆਂ ਨੂੰ ਠੱਲ ਪਾ ਲਵਾਂਗੇ।ਉਨਾਂ ਦੱਸਿਆ ਕਿ ਮਾਮਲਾ ਪੁਲਿਸ ਦੇ ਧਿਆਨ ਚ ਲਿਆ ਰਹੇ ਹਾਂ।







