-ਜਥੇ:ਬਾਬਾ ਟੇਕ ਸਿੰਘ ਵੱਲੋਂ ਸਿੱਖਾਂ ਨੂੰ ਸ਼ਸਤਰਧਾਰੀ ਹੋਣ ਦਾ ਸੰਦੇਸ਼-

ਫੋਟੋ ਕੈਪਸ਼ਨ:ਤਖਤ ਸਾਹਿਬ ਤੋਂ ਰਵਾਇਤੀ ਮਹੱਲਾ ਸਜਾਉਣ ਸਮੇਂ ਪੰਜ ਪਿਆਰੇ ਤੇ ਜਥੇਦਾਰ ਬਾਬਾ ਟੇਕ ਸਿੰਘ
ਤਲਵੰਡੀ ਸਾਬੋ 15 ਅਪ੍ਰੈਲ (ਅੰਮ੍ਰਿਤ ਮਲਕਾਣਾ )
ਖਾਲਸਾ ਸਾਜਨਾ ਦਿਵਸ ਵੈਸਾਖੀ ਜੋੜ ਮੇਲ ਦੇ ਆਖਿਰੀ ਦਿਨ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜ ਪਿਆਰਿਆਂ ਅਤੇ ਨਿਸ਼ਾਨਚੀ ਸਿੰਘਾਂ ਦੀ ਸਰਪ੍ਰਸਤੀ ਹੇਠ ਰਵਾਇਤੀ ਮਹੱਲਾ ਸਜਾਇਆ ਜਿਸ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਸਮੇਤ ਧਾਰਮਿਕ ਸਖਸ਼ੀਅਤਾਂ ਨੇ ਹਾਜ਼ਰੀਆਂ ਭਰੀਆਂ।
ਤਖਤ ਸਾਹਿਬ ਤੋਂ ਆਰੰਭ ਹੋਏ ਮਹੱਲੇ ਦੀ ਸੰਪੂਰਨਤਾ ਮੌਕੇ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਇਲਾਹੀ ਬਾਣੀ ਦੇ ਜਾਪ ਉਪਰੰਤ ਪੰਥ ਦੀ ਚੜ੍ਹਦੀ ਕਲਾ ਅਤੇ ਜੋੜ-ਮੇਲੇ ਦੀ ਸਫ਼ਲਤਾ ਲਈ ਸ਼ੁਕਰਾਨੇ ਦੀ ਅਰਦਾਸ ਕੀਤੀ।ਇਸ ਮੌਕੇ ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਵਿਸਾਖੀ ਸਮਾਗਮਾਂ ਦੌਰਾਨ ਨਿਰੰਤਰ ਸੇਵਾਵਾਂ ਨਿਭਾਉਣ ਵਾਲੀਆਂ ਸਮੂਹ ਨਿਹੰਗ ਸਿੰਘ ਜਥੇਬੰਦੀਆਂ, ਨਿਰਮਲੇ, ਉਦਾਸੀ ਸੰਪਰਦਾਵਾਂ, ਦਮਦਮੀ ਟਕਸਾਲ, ਵੱਖ-ਵੱਖ ਧਾਰਮਿਕ ਸਭਾ-ਸੁਸਾਇਟੀਆਂ ਅਤੇ ਦੇਸ਼-ਵਿਦੇਸ਼ ਤੋਂ ਆਈ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਪੰਥਕ ਇਕਜੁੱਟਤਾ ਸਦਕਾ ਹੀ ਅਜਿਹੇ ਮਹਾਨ ਕਾਰਜ ਨੇਪਰੇ ਚੜ੍ਹਦੇ ਹਨ।
ਸੰਗਤ ਦੇ ਨਾਂ ਸੰਦੇਸ਼ ਵਿੱਚ ਸਿੰਘ ਸਾਹਿਬ ਨੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ‘ਤਿਆਰ-ਬਰ-ਤਿਆਰ’ ਰਹਿਣ ਦੇ ਸਿਧਾਂਤ ਨੂੰ ਦੁਹਰਾਉਂਦਿਆਂ ਕੌਮ ਨੂੰ ਸ਼ਸਤਰਧਾਰੀ ਹੋਣ ਦਾ ਸੰਦੇਸ਼ ਦਿੱਤਾ।ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਆਪਣੀ ਹੋਂਦ ਅਤੇ ਸਵੈ-ਮਾਣ ਦੀ ਰਾਖੀ ਲਈ ਬਾਣੀ ਅਤੇ ਬਾਣੇ ਦੇ ਧਾਰਨੀ ਹੋਣਾ ਅਤਿ ਲੋੜੀਂਦਾ ਹੈ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਗੁਰਪ੍ਰੀਤ ਸਿੰਘ ਝੱਬਰ, ਮੋਹਨ ਸਿੰਘ ਬੰਗੀ,ਜਗਸੀਰ ਸਿੰਘ ਮਾਂਗੇਆਣਾ ਤੇ ਬੀਬੀ ਜੁਗਿੰਦਰ ਕੌਰ ਤਿੰਨੇ ਮੈਂਬਰ ਸ਼੍ਰੋਮਣੀ ਕਮੇਟੀ,ਸਕੱਤਰ ਬਲਵਿੰਦਰ ਸਿੰਘ ਕਾਹਲਵਾਂ,ਮੀਤ ਸਕੱਤਰ ਸੁਖਬੀਰ ਸਿੰਘ,ਇੰਚਾਰਜ ਗੁਰਪ੍ਰੀਤ ਸਿੰਘ ਰੋਡੇ,ਤਖ਼ਤ ਸਾਹਿਬ ਦੇ ਮੈਨੇਜਰ ਨਰਿੰਦਰਜੀਤ ਸਿੰਘ ਭਵਾਨੀਗੜ੍ਹ,ਵਧੀਕ ਮੈਨੇਜਰ ਗੁਰਦੇਵ ਸਿੰਘ, ਮਨਦੀਪ ਸਿੰਘ ਤੇ ਗੁਰਸੇਵਕ ਸਿੰਘ ਕਿੰਗਰਾ,ਗਿਆਨੀ ਗੁਰਜੰਟ ਸਿੰਘ ਵਧੀਕ ਗ੍ਰੰਥੀ,ਗਿਆਨੀ ਜਗਤਾਰ ਸਿੰਘ ਕੀਰਤਪੁਰੀ ਮੁੱਖ ਕਥਾਵਾਚਕ,ਗਿਆਨੀ ਆਲਮ ਸਿੰਘ ਕਥਾਵਾਚਕ,ਭਾਈ ਰਵਿੰਦਰ ਸਿੰਘ ਖਾਲਸਾ ਪ੍ਰਿੰਸੀਪਲ ਗੁਰੂ ਕਾਸ਼ੀ ਗੁਰਮਤਿ ਇੰਸਟੀਚਿਊਟ,ਬਾਬਾ ਲਾਲ ਸਿੰਘ ਜੀ ਉਦਾਸੀ ਸੰਪ੍ਰਦਾਇ ਤੋਂ ਇਲਾਵਾ ਵੱਡੀ ਗਿਣਤੀ ਸੰਗਤਾਂ ਮੌਜੂਦ ਸਨ।







