Home » Lok Masle » ਟੁੱਟੀਆਂ ਸੜ੍ਹਕਾਂ ਤੇ ਸੀਵਰੇਜ ਦੇ ਗੰਦੇ ਪਾਣੀ ਨੇ ਰਾਮਾਂ ਮੰਡੀ ਵਾਸੀਆਂ ਦੀ ਜ਼ਿੰਦਗੀ ਕੀਤੀ ਦੁੱਭਰ

ਟੁੱਟੀਆਂ ਸੜ੍ਹਕਾਂ ਤੇ ਸੀਵਰੇਜ ਦੇ ਗੰਦੇ ਪਾਣੀ ਨੇ ਰਾਮਾਂ ਮੰਡੀ ਵਾਸੀਆਂ ਦੀ ਜ਼ਿੰਦਗੀ ਕੀਤੀ ਦੁੱਭਰ

News Portal Development Companies In India

ਬੰਗੀ ਰੋਡ, ਮਹੰਤਾਂ ਵਾਲੀ ਗਲ਼ੀ, ਕੱਚਾ ਵਾਸ ਤੇ ਬੈਂਟੀ ਵਾਲੀ ਗਲ਼ੀ ਦੇ ਲੋਕ ਸਾਲਾਂ ਤੋਂ ਸਮੱਸਿਆ ਨਾਲ ਜੂਝਣ ਲਈ ਮਜ਼ਬੂਰ

ਰਾਮਾਂ ਮੰਡੀ, 23 ਸਤੰਬਰ,(ਯੰਗ ਪੀਡੀਆ ਨਿਊਜ਼)ਰਾਮਾਂ ਮੰਡੀ ਵਿੱਚ ਟੁੱਟੀਆਂ ਸੜ੍ਹਕਾਂ ਅਤੇ ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆ ਨੇ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਲਗਾਤਾਰ ਵਾਧਾ ਕੀਤਾ ਹੋਇਆ ਹੈ। ਸ਼ਹਿਰ ਵਿੱਚ ਦਾਖ਼ਲ ਹੋਣ ਵਾਲੇ ਲੋਕਾਂ ਦਾ ਕਈ ਥਾਵਾਂ ’ਤੇ ਟੁੱਟੀਆਂ ਸੜ੍ਹਕਾਂ ਅਤੇ ਸੜ੍ਹਕਾਂ ’ਤੇ ਖੜ੍ਹੇ ਸੀਵਰੇਜ ਦੇ ਗੰਦੇ ਪਾਣੀ ਨਾਲ਼ ਸਵਾਗਤ ਹੁੰਦਾ ਹੈ। ਬੰਗੀ ਰੋਡ, ਮਹੰਤਾਂ ਵਾਲੀ ਗਲੀ, ਕੱਚਾ ਵਾਸ, ਗਲੀਆ ਸਮੇਤ ਕਈ ਇਲਾਕਿਆਂ ਦੇ ਵਸਨੀਕ ਲੰਮੇ ਸਮੇਂ ਤੋਂ ਇਸ ਸਮੱਸਿਆ ਦਾ ਸੰਤਾਪ ਭੋਗ ਰਹੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਾਲਾਂ ਤੋਂ ਸਮੱਸਿਆ ਦਾ ਕੋਈ ਪੱਕਾ ਹੱਲ ਨਹੀਂ ਹੋ ਸਕਿਆ। ਮੰਡੀ ਦੀਆਂ ਕਈ ਸੜ੍ਹਕਾਂ ਦੀ ਹਾਲਤ ਇੰਨੀ ਖਸਤਾ ਹੋ ਚੁੱਕੀ ਹੈ ਕਿ ਇਨ੍ਹਾਂ ’ਤੇ ਪੈਦਲ ਚੱਲਣਾ ਵੀ ਮੁਸ਼ਕਲ ਹੋ ਗਿਆ ਹੈ। ਵਾਹਨ ਚਾਲਕਾਂ ਨੂੰ ਵੀ ਟੁੱਟੀਆਂ ਸੜ੍ਹਕਾਂ, ਟੋਇਆਂ ਅਤੇ ਸੀਵਰੇਜ ਦੇ ਗੰਦੇ ਪਾਣੀ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਲੋਕਾਂ ਅਨੁਸਾਰ ਰਾਮਾਂ ਮੰਡੀ ਵਿੱਚ ਲਗਭਗ 50 ਸਾਲ ਪਹਿਲਾਂ ਸੀਵਰੇਜ ਸਿਸਟਮ ਵਿਛਾਇਆ ਗਿਆ ਸੀ। ਇਸ ਦੌਰਾਨ ਸ਼ਹਿਰ ਦੀ ਆਬਾਦੀ ਵਿੱਚ ਕਈ ਗੁਣਾ ਵਾਧਾ ਹੋ ਚੁੱਕਾ ਹੈ, ਪਰ ਵਧੀ ਹੋਈ ਆਬਾਦੀ ਦੇ ਮੁਕਾਬਲੇ ਸੀਵਰੇਜ ਪ੍ਰਬੰਧ ਵਿੱਚ ਲੋੜੀਂਦਾ ਸੁਧਾਰ ਨਹੀਂ ਕੀਤਾ ਗਿਆ। ਇਸ ਕਾਰਨ ਪੁਰਾਣਾ ਸੀਵਰੇਜ ਸਿਸਟਮ ਵਧਦੇ ਬੋਝ ਨੂੰ ਸੰਭਾਲਣ ਵਿੱਚ ਨਾਕਾਮ ਸਾਬਤ ਹੋ ਰਿਹਾ ਹੈ ਅਤੇ ਕਈ ਇਲਾਕਿਆਂ ਵਿੱਚ ਸੀਵਰੇਜ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰ ਰਹੀ ਹੈ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਰਾਮਾਂ ਮੰਡੀ ਦੇ ਪੂਰੇ ਸੀਵਰੇਜ ਸਿਸਟਮ ਦਾ ਮੁੜ ਤੋਂ ਸਰਵੇ ਕਰਵਾ ਕੇ ਇਸ ਦਾ ਨਵੀਨੀਕਰਨ ਕੀਤਾ ਜਾਵੇ ਅਤੇ ਵਧੀ ਹੋਈ ਆਬਾਦੀ ਨੂੰ ਧਿਆਨ ਵਿੱਚ ਰੱਖਦਿਆਂ ਨਵੀਂ ਸਮਰੱਥਾ ਵਾਲਾ ਸੀਵਰੇਜ ਸਿਸਟਮ ਤਿਆਰ ਕੀਤਾ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਸਿਰਫ਼ ਆਰਜ਼ੀ ਤੌਰ ’ਤੇ ਸੀਵਰੇਜ ਦੀ ਸਮੱਸਿਆ ਦੂਰ ਕਰਨ ਦੀ ਬਜਾਏ ਇਸ ਦਾ ਸਥਾਈ ਹੱਲ ਕੀਤਾ ਜਾਣਾ ਚਾਹੀਦਾ ਹੈ।
ਲੋਕਾਂ ਨੇ ਸਰਕਾਰ ਅਤੇ ਸਬੰਧਤ ਵਿਭਾਗਾਂ ’ਤੇ ਸੀਵਰੇਜ ਪ੍ਰਬੰਧ ਨੂੰ ਸੁਚਾਰੂ ਬਣਾਉਣ ਵਿੱਚ ਨਾਕਾਮ ਰਹਿਣ ਦੇ ਦੋਸ਼ ਲਗਾਉਂਦਿਆਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਮਾਂ ਮੰਡੀ ਦੀਆਂ ਸੜ੍ਹਕਾਂ ਅਤੇ ਸੀਵਰੇਜ ਦੀ ਸਮੱਸਿਆ ਹੁਣ ਕਿਸੇ ਇੱਕ ਇਲਾਕੇ ਦੀ ਨਹੀਂ ਰਹੀ, ਸਗੋਂ ਇਹ ਪੂਰੀ ਮੰਡੀ ਨਾਲ ਜੁੜੀ ਗੰਭੀਰ ਸਮੱਸਿਆ ਬਣ ਚੁੱਕੀ ਹੈ।
ਇਸ ਦੇ ਨਾਲ ਹੀ ਲੋਕਾਂ ਨੇ ਕਿਹਾ ਕਿ ਐਚਐਮਈਐਲ ਰਿਫਾਇਨਰੀ ਦੇ ਆਉਣ ਤੋਂ ਬਾਅਦ ਇਲਾਕੇ ਦੀ ਆਬਾਦੀ ਵਿੱਚ ਕਾਫ਼ੀ ਵਾਧਾ ਹੋਇਆ ਹੈ। ਇਸ ਲਈ ਉਨ੍ਹਾਂ ਦੀ ਮੰਗ ਹੈ ਕਿ ਰਿਫਾਇਨਰੀ ਵੱਲੋਂ ਆਪਣੇ ਸੀਐਸਆਰ ਫੰਡ ਵਿੱਚੋਂ ਰਾਮਾਂ ਮੰਡੀ ਦੇ ਸੀਵਰੇਜ ਸਿਸਟਮ ਦੇ ਮੁੜ ਨਿਰਮਾਣ ਅਤੇ ਨਵੀਨੀਕਰਨ ਲਈ ਯੋਗਦਾਨ ਪਾਇਆ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਦੀਆਂ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਸਰਕਾਰ ਅਤੇ ਰਿਫਾਇਨਰੀ ਨੂੰ ਮਿਲ ਕੇ ਠੋਸ ਕਦਮ ਚੁੱਕਣੇ ਚਾਹੀਦੇ ਹਨ। ਸ਼ਹਿਰ ਵਾਸੀਆਂ ਨੇ ਸਰਕਾਰ, ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਰਾਮਾਂ ਮੰਡੀ ਦੇ ਸੀਵਰੇਜ ਸਿਸਟਮ ਦਾ ਸਮੁੱਚਾ ਨਵੀਨੀਕਰਨ ਕਰਵਾਉਣ ਦੇ ਨਾਲ-ਨਾਲ ਟੁੱਟੀਆਂ ਸੜ੍ਹਕਾਂ ਦੀ ਵੀ ਤੁਰੰਤ ਮੁਰੰਮਤ ਕਰਵਾਈ ਜਾਵੇ ਤਾਂ ਜੋ ਲੋਕਾਂ ਨੂੰ ਲੰਮੇ ਸਮੇਂ ਤੋਂ ਚੱਲੀ ਆ ਰਹੀ ਇਸ ਸਮੱਸਿਆ ਤੋਂ ਨਿਜਾਤ ਮਿਲ ਸਕੇ।

Leave a Comment

Will the middle class get relief from the first general budget of Modi 3.0?