ਆਪ ਸਰਕਾਰ ‘ਤੇ ਫੈਕਟਰੀ ਮਾਲਕਾਂ ਦੇ ਪੱਖ ‘ਚ ਭੁਗਤਣ ਦੇ ਦੋਸ਼

ਬਠਿੰਡਾ/ ਸੰਗਤ,27 ਅਪ੍ਰੈਲ (ਯ ਪ)
ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਸਪੋਰਟ ਕਿੰਗ ਫੈਕਟਰੀ ਜੀਦਾ ਦੇ ਮਜ਼ਦੂਰ ਮਰਦ-ਔਰਤਾਂ ਤੇ ਆਗੂਆਂ ਨੂੰ ਅੱਜ ਪੁਲਿਸ ਵੱਲੋਂ ਗਿਰਫ਼ਤਾਰ ਕਰਕੇ ਨੰਦਗੜ੍ਹ ਥਾਣੇ ਲਿਆਉਣ ਉਪਰੰਤ ਕਿਸਾਨ, ਖੇਤ ਮਜ਼ਦੂਰ ਤੇ ਵਿਦਿਆਰਥੀ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਦਾ ਭਰਵਾਂ ਇਕੱਠ ਥਾਣੇ ਦੇ ਅੱਗੇ ਪਹੁੰਚਿਆ। ਵਰਨਣਯੋਗ ਹੈ ਕਿ ਪੁਲਿਸ ਵੱਲੋਂ ਨੌਜਵਾਨ ਆਗੂ ਸੁਖਵੀਰ ਸਿੰਘ ਖੇਮੂਆਣਾ ਤੇ ਮੰਗਾ ਅਜ਼ਾਦ ਤੋਂ ਇਲਾਵਾ ਜੀਦਾ ਫੈਕਟਰੀ ਦੀਆਂ 13ਔਰਤਾਂ ਸਮੇਤ 66 ਮਜ਼ਦੂਰਾਂ ਨੂੰ ਗਿਰਫ਼ਤਾਰ ਕਰਕੇ ਨੰਦਗੜ੍ਹ ਲਿਆਂਦਾ ਗਿਆ ਸੀ। ਇਸ ਦਾ ਪਤਾ ਲਗਦਿਆਂ ਹੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ,ਬੀਕੇ ਯੂ (ਏਕਤਾ ਉਗਰਾਹਾਂ) ਦੇ ਬਲਾਕ ਆਗੂ ਰਾਮ ਸਿੰਘ ਕੋਟਗੁਰੂ, ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਆਗੂ ਗੁਰਵਿੰਦਰ ਸਿੰਘ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਦੀ ਅਗਵਾਈ ‘ਚ ਗਿਰਫ਼ਤਾਰ ਮਜ਼ਦੂਰਾਂ ਨੂੰ ਮਿਲਿਆ। ਇਸ ਉਪਰੰਤ ਉਹਨਾਂ ਥਾਣਾ ਮੁਖੀ ਨਾਲ਼ ਵੀ ਮੁਲਾਕਾਤ ਕਰਨ ਉਪਰੰਤ ਥਾਣੇ ਅੱਗੇ ਧਰਨਾ ਦਿੱਤਾ ਗਿਆ। ਧਰਨੇ ਨੂੰ ਉਪਰੋਕਤ ਆਗੂਆਂ ਤੋਂ ਇਲਾਵਾ ਕਿਸਾਨ ਆਗੂ ਗੁਰਪਾਸ਼ ਸਿੰਘ, ਜਸਕਰਨ ਸਿੰਘ ਕੋਟਗੁਰੂ, ਮਲਕੀਤ ਸਿੰਘ ਗੱਗੜ,ਖੇਤ ਮਜ਼ਦੂਰ ਆਗੂ ਕਾਲਾ ਸਿੰਘ ਸਿੰਘੇਵਾਲਾ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਮੰਗ ਕੀਤੀ ਕਿ ਗਿਰਫ਼ਤਾਰ ਮਜ਼ਦੂਰਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ ਅਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਤੁਰੰਤ ਪੂਰਾ ਕੀਤਾ ਜਾਵੇ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਭਗਵੰਤ ਮਾਨ ਸਰਕਾਰ ਅਤੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਕਾਨੂੰਨ ਮੁਤਾਬਕ ਮਜ਼ਦੂਰਾਂ ਨੂੰ ਤਨਖਾਹ, ਛੁੱਟੀਆਂ ਅਤੇ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਤੋਂ ਇਨਕਾਰੀ ਅਤੇ ਮਜ਼ਦੂਰ ਮਰਦ ਔਰਤਾਂ ਦਾ ਸੋਸ਼ਣ ਕਰਨ ਦੇ ਦੋਸ਼ੀ ਫੈਕਟਰੀ ਮਾਲਕਾਂ ਅਤੇ ਮੈਨੇਜ਼ਮੈਂਟ ‘ਤੇ ਕਾਰਵਾਈ ਕਰਨ ਦੀ ਥਾਂ ਉਲਟਾ ਪੀੜਤ ਮਜ਼ਦੂਰਾਂ ‘ਤੇ ਜ਼ਬਰ ਢਾਹੁਣ ਦੇ ਰਾਹ ਪੈ ਗਈ ਹੈ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਆਪ ਸਰਕਾਰ ਨਿਯਮਾਂ ਤੇ ਕਾਨੂੰਨ ਅਨੁਸਾਰ ਕਾਰਵਾਈ ਕਰਨ ਦੀ ਥਾਂ ਪ੍ਰਤੱਖ ਰੂਪ ਵਿੱਚ ਫੈਕਟਰੀ ਮਾਲਕਾਂ ਦੇ ਪੱਖ ‘ਚ ਭੁਗਤ ਰਹੀ ਹੈ।ਮਾਮਲੇ ਸੰਬੰਧੀ ਥਾਣਾ ਮੁਖੀ ਨੰਦਗੜ੍ਹ ਨਾਲ਼ ਮੁਲਾਕਾਤ ਨਹੀਂ ਹੋ ਸਕੀ।







