
ਫੋਟੋ :- ਡੀ.ਐੱਸ.ਪੀ ਦਫਤਰ ਅੱਗੇ ਪ੍ਰਦਰਸ਼ਨ ਕਰਦੇ ਤੇ ਜਾਣਕਾਰੀ ਦਿੰਦੇ ਦਲਿਤ ਸੈਨਾ ਆਗੂ
ਤਲਵੰਡੀ ਸਾਬੋ 02 ਜੂਨ (ਅੰਮ੍ਰਿਤ ਮਲਕਾਣਾ ) ਉੱਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਲੇਲੇਵਾਲਾ ਚ ਕਰੀਬ ਡੇਢ ਮਹੀਨਾ ਪਹਿਲਾਂ ਇੱਕ ਨਾਬਾਲਿਗ ਲੜਕੀ ਨਾਲ ਜਬਰ ਜਨਾਹ ਕਰਨ ਵਾਲੇ ਵਿਅਕਤੀ ਦੀ ਡੇਢ ਮਹੀਨਾ ਗੁਜ਼ਰ ਜਾਣ ਤੇ ਬਾਵਜ਼ੂਦ ਗ੍ਰਿਫਤਾਰੀ ਨਾ ਕਰਨ ਅਤੇ ਪਿੰਡ ਲਾਲੇਆਣਾ ਦੇ ਇੱਕ ਗਰੀਬ ਵਿਅਕਤੀ ਨਾਲ ਕੁੱਟਮਾਰ ਦੇ ਕਥਿਤ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ ਦੇ ਕਥਿਤ ਇਲਜ਼ਾਮ ਲਾਉਦਿਆਂ ਦਲਿਤ ਸੈਨਾ ਨੇ ਅੱਜ ਡੀ.ਐੱਸ.ਪੀ ਦਫਤਰ ਤਲਵੰਡੀ ਸਾਬੋ ਅੱਗੇ ਸੰਕੇਤਕ ਧਰਨਾ ਲਾਉਦਿਆਂ ਪੰਜਾਬ ਸਰਕਾਰ ਅਤੇ ਡੀ.ਅੇੈੱਸ.ਪੀ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਧਰਨੇ ਨੂੰ ਸੰਬੋਧਨ ਦੌਰਾਨ ਦਲਿਤ ਸੈਨਾ ਪੰਜਾਬ ਦੇ ਪ੍ਰਧਾਨ ਗੁਰਤੇਜ ਸਿੰਘ ਜੋਧਪੁਰੀ ਨੇ ਦੱਸਿਆ ਕਿ ਪਿੰਡ ਲੇਲੇਵਾਲਾ ਦੀ ਇੱਕ ਨਾਬਾਲਿਗ ਲੜਕੀ ਨੂੰ ਝਾਂਸੇ ਨਾਲ ਨਸ਼ਾ ਕਰਵਾ ਕੇ ਉਸ ਨਾਲ ਜਬਰ ਜਨਾਹ ਕਰਨ ਵਾਲੇ ਕਥਿਤ ਦੋਸ਼ੀ ਖਿਲਾਫ ਥਾਣਾ ਤਲਵੰਡੀ ਸਾਬੋ ਵਿਖੇ 17 ਅਪ੍ਰੈਲ ਨੂੰ ਮੁਕੱਦਮਾ ਦਰਜ ਕੀਤਾ ਗਿਆ ਸੀ ਪਰ ਕਰੀਬ ਡੇਢ ਮਹੀਨੇ ਤੋਂ ਉੱਪਰ ਲੰਘ ਜਾਣ ਦੇ ਬਾਵਜ਼ੂਦ ਅੱਜ ਤੱਕ ਪੁਲਿਸ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਨਹੀ ਕਰ ਸਕੀ।ਉਨਾਂ ਕਥਿਤ ਦੋਸ਼ ਲਾਏ ਕਿ ਕਥਿਤ ਦੋਸ਼ੀ ਪੈਸੇ ਦੇ ਜ਼ੋਰ ਤੇ ਗ੍ਰਿਫਤਾਰੀ ਤੋਂ ਬਚ ਰਹੇ ਹਨ।ਉਨਾਂ ਅੱਗੇ ਕਿਹਾ ਕਿ ਇਸੇ ਤਰ੍ਹਾਂ ਪਿੰਡ ਲਾਲੇਆਣਾ ਦੇ ਗਮਦੂਰ ਸਿੰਘ ਨਾਂ ਦੇ ਇੱਕ ਗਰੀਬ ਦੇ ਜ਼ਮੀਨੀ ਟੁੱਕੜੇ ਨੂੰ ਕਬਜ਼ਾਉਣ ਦੇ ਮੰਤਵ ਨਾਲ ਉਸਦੀ ਤੇ ਪਰਿਵਾਰ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਪਰ ਬਜਾਏ ਇਸਦੇ ਕਿ ਕਥਿਤ ਹਮਲਾਵਰਾਂ ਨੂੰ ਪੁਲਿਸ ਗ੍ਰਿਫਤਾਰ ਕਰਦੀ ਉਲਟਾ ਪੀੜਿਤ ਤੇ ਕਰਾਸ ਕੇਸ ਬਣਾ ਦਿੱਤਾ ਗਿਆ।ਉਨਾਂ ਕਿਹਾ ਕਿ ਅੱਜ ਦਾ ਧਰਨ ਸੰਕੇਤਕ ਸੀ ਅਗਰ ਜਲਦ ਦੋਵਾਂ ਕੇਸਾਂ ਚ ਪੁਲਿਸ ਨੇ ਬਣਦੀ ਕਾਰਵਾਈ ਨਾ ਕੀਤੀ ਤਾਂ ਵੱਡੇ ਪੱਧਰ ਤੇ ਸੰਘਰਸ਼ ਉਲੀਕਿਆ ਜਾਵੇਗਾ।
ਪ੍ਰਦਰਸ਼ਨ ਚ ਵਿਸ਼ੇਸ ਤੌਰ ਤੇ ਸ਼ਾਮਿਲ ਹੋਏ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਸਕੱਤਰ ਮਾ.ਜਗਦੀਪ ਸਿੰਘ ਗੋਗੀ ਨੇ ਗੱਲਬਾਤ ਦੌਰਾਨ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਵੀ ਪੂਰੀ ਤਰ੍ਹਾਂ ਦਲਿਤ ਤੇ ਗਰੀਬ ਵਿਰੋਧੀ ਸਾਬਿਤ ਹੋਈ ਹੈ।ਉਨਾਂ ਮੰਗ ਕੀਤੀ ਕਿ ਪੀੜਿਤਾਂ ਨੂੰ ਇਨਸਾਫ ਦਵਾਇਆ ਜਾਵੇ।ਪ੍ਰਦਰਸ਼ਨ ਦੌਰਾਨ ਅਮਨਦੀਪ ਸਿੰਘ ਸਿਵੀਆ,ਰਣਜੀਤ ਸਿੰਘ,ਬਸਪਾ ਦੇ ਹਰਨੇਕ ਸਿੰਘ,ਡੀ.ਸੀ ਸਿੰਘ ਤਲਵੰਡੀ ਸਾਬੋ ਆਦਿ ਵੀ ਮੌਜੂਦ ਰਹੇ।
ਫੋਟੋ ਨੰ:1








