ਬਠਿੰਡਾ, 10 ਅਪ੍ਰੈਲ ( ਗੁਰਸੇਵਕ ਸਿੰਘ ਚੁੱਘੇ ਖੁਰਦ )
ਮਨਪ੍ਰੀਤ ਬਾਦਲ ਜੋ ਕਿ ਪੰਜਾਬ ਦੇ ਭਲੇ ਲਈ ਲੋਕਾਂ ਦੇ ਦਿਲ ਲੁਭਵਾਉਣ ਵਾਲੀਆਂ ਗੱਲਾਂ ਕਰਨ ਲਈ ਜਾਣੇ ਜਾਂਦੇ ਹਨ ਪਰ ਜੇਕਰ ਉਹਨਾਂ ਦਾ ਅਮਲ ਦੇਖਿਆ ਜਾਵੇ ਤਾਂ ਬਹੁਤਾ ਪੰਜਾਬ ਦੇ ਹਿੱਤ ਵਿੱਚ ਨਹੀਂ ਸੀ। ਉਹਨਾਂ ਨੇ ਵਿੱਤ ਮੰਤਰੀ ਰਹਿੰਦਿਆਂ ਬਠਿੰਡਾ ਦੀਆਂ ਮੁਨਾਫਾ ਕਮਾਉਣ ਵਾਲੀਆਂ ਸੰਸਥਾਵਾਂ ਤੇ ਆਪਣੇ ਚਹੇਤਿਆਂ ਨੂੰ “ਪੰਜਾਬ ਨਿਰਮਾਣ ਪ੍ਰੋਗਰਾਮ ਯੋਜਨਾ” ਤਹਿਤ ਲੱਖਾਂ ਰੁਪਏ ਦੇ ਫੰਡ ਵੰਡੇ। ਇਹ ਜਾਣਕਾਰੀ ਦਾ ਖੁਲਾਸਾ ਆਰਟੀਆਈ ਰਾਹੀਂ ਹੋਇਆ।ਬਾਦਲ ਨੇ ਇਹ ਮਾਇਆ ਦੇ ਗੱਫੇ 1 ਅਪ੍ਰੈਲ 2021 ਤੋਂ ਲੈ ਕੇ 31 ਮਾਰਚ 2022 ਭਾਵ ਚੋਣਾਂ ਦੇ ਵਰੇ ਤੋਂ ਕੁਝ ਮਹੀਨੇ ਪਹਿਲਾਂ ਹੀ ਵੰਡੇ। ਉੱਪ ਅਰਥ ਅਤੇ ਅੰਕੜਾ ਸਲਾਹਕਾਰ ਦਫਤਰ ਬਠਿੰਡਾ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਮਨਪ੍ਰੀਤ ਬਾਦਲ ਨੇ ਨਿਊ ਪੁਨਰ ਜੋਤ ਸੇਵਾ ਸੰਮਤੀ ਨੂੰ 3 ਲੱਖ ਰੁਪਏ, ਬਠਿੰਡਾ ਸਾਈਕਲਿੰਗ ਗਰੁੱਪ ਨੂੰ 4 ਲੱਖ, ਨਗਰ ਸੁਧਾਰ ਵੈੱਲਫੇਅਰ ਧਰਮਸ਼ਾਲਾ ਕਮੇਟੀ ਨੂੰ 5 ਲੱਖ, ਡਿਸਟ੍ਰਿਕਟ ਬਾਸਕਟਬਾਲ ਐਸੋਸੀਏਸਨ ਨੂੰ 5 ਲੱਖ ਬਠਿੰਡਾ ਥੈਲਾਸੀਮੀਆ ਵੈਲਫੇਅਰ ਸੁਸਾਇਟੀ ਨੂੰ 5 ਲੱਖ, ਦੀ ਬਠਿੰਡਾ ਡਿਸਟਰਿਕਟ ਕ੍ਰਿਕਟ ਐਸੋਸੀਏਸ਼ਨ ਨੂੰ 10 ਲੱਖ ਰੁਪਏ, ਬਾਵਾ ਬਰਾਦਰੀ ਨੌਜਵਾਨ ਸਭਾ ਨੂੰ 5 ਲੱਖ,ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਨੂੰ 5 ਲੱਖ,ਖਟੀਕ ਵੈੱਲਫੇਅਰ ਕਮੇਟੀ ਨੂੰ 10 ਲੱਖ ਨੂੰ,ਸ੍ਰੀ ਵੈਸ਼ਨੂੰ ਮਾਤਾ ਮੰਦਰ ਸੁਸਾਇਟੀ ਨੂੰ 10 ਲੱਖ, ਦਸ਼ਮੇਸ਼ ਪਬਲਿਕ ਸੀਨੀਅਰ ਸਕੂਲ ਬਠਿੰਡਾ ਨੂੰ 4 ਲੱਖ, ਮਹਾਤਮਾ ਹੰਸਰਾਜ ਮਾਡਲ ਹਾਈ ਸਕੂਲ ਗਲੀ ਨੰਬਰ 24 ਪ੍ਰਤਾਪ ਨਗਰ,ਸਮਾਜ ਸੁਧਾਰ ਸੇਵਾ ਸੁਸਾਇਟੀ ਜੋਗੀ ਨਗਰ ਨੂੰ 5 ਲੱਖ, ਗੌਰਵ ਇਨਕਲੇਵ ਵੈਲਫੇਅਰ ਨੂੰ 10 ਲੱਖ ਰੁਪਏ, ਭੋਜਰਾਜ ਐਸਐਸ ਜੈਨ ਸਭਾ ਪਬਲਿਕ ਸੀਨੀਅਰ ਸਕੂਲ ਨੂੰ 10 ਲੱਖ, ਖਾਲਸਾ ਮਿਸ਼ਨ ਚੈਰੀਟੇਬਲ ਸੁਸਾਇਟੀ ਨੂੰ 10 ਲੱਖ, ਸਮਾਲ ਇੰਡਸਟਰੀਜ ਐਸੋਸੀਏਸ਼ਨ ਇੰਡਸਟਰੀਅਲ ਫੋਕਲ ਪੁਆਇੰਟ ਨੂੰ 10 ਲੱਖ,ਸ੍ਰੀ ਗੁਰੂ ਰਾਮਦਾਸ ਪ੍ਰਬੰਧਕ ਕਮੇਟੀ ਨੂੰ 6 ਲੱਖ ਰੁਪਏ ਸੰਸਥਾ ਨੂੰ ਵੰਡੇ। ਹੈਰਾਨੀ ਇਸ ਗੱਲ ਦੀ ਹੈ ਕਿ ਇਹਨਾਂ ਵਿੱਚੋਂ ਜੋ ਵਿਦਿਅਕ ਸੰਸਥਾਵਾਂ ਜਿਵੇਂ ਮਹਾਤਮਾ ਰਾਜ ਮਾਡਲ ਹਾਈ ਸਕੂਲ ਪ੍ਰਤਾਪ ਨਗਰ ਬਠਿੰਡਾ, ਭੋਜਰਾਜ ਐਸਐਸ ਜੈਨ ਸਭਾ ਪਬਲਿਕ ਸੀਨੀਅਰ ਸਕੂਲ ਬਠਿੰਡਾ,ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਨੂੰ ਗਰਾਂਟ ਦਿੱਤੀ ਗਈ ਹੈ ਜਦੋਂ ਕਿ ਇਹ ਸਕੂਲ ਵਿਦਿਆਰਥੀਆਂ ਤੋਂ ਮੋਟੀਆਂ ਫੀਸਾਂ ਲੈਂਦੇ ਹਨ ਤੇ ਮੁਨਾਫਾ ਕਮਾ ਰਹੇ ਹਨ।ਇਸ ਤਰਾਂ ਦੇ ਸਕੂਲਾਂ ਨੂੰ ਗਰਾਂਟ ਦੇਣ ਤੋਂ ਕੀ ਭਾਵ ਹੈ? ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਇਸ ਤਰਾਂ ਕਿਉਂ ਉਜਾੜਿਆ ਗਿਆ ? ਇਸ ਦੇ ਨਾਲ ਹੀ ਮਨਪ੍ਰੀਤ ਬਾਦਲ ਨੇ ਆਪਣੇ ਕਈ ਚਹੇਤਿਆਂ ਨੂੰ 10 ਲੱਖ ਰੁਪਏ ਦੀ ਗਰਾਂਟ ਦਿੱਤੀ। ਇਹਨਾਂ ਵਿੱਚੋਂ ਜਿਹੜੀਆਂ ਸੰਸਥਾਵਾਂ ਜਾਂ ਕਲੱਬਾਂ ਨੂੰ ਗਰਾਂਟਾਂ ਦਿੱਤੀਆਂ ਗਈਆਂ ਜਿਨਾਂ ਵਿੱਚੋਂ ਜਿਆਦਾਤਰ ਅਮੀਰ ਲੋਕ ਜਾਂ ਪੈਸੇ ਕਮਾਉਣ ਵਾਲੀਆਂ ਫਰਮਾਂ ਹਨ। ਅਜਿਹੇ ਵਿੱਚ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਦੇ ਲਈ ਲੋਕਾਂ ਦੇ ਪੈਸੇ ਨੂੰ ਇਸ ਤਰਾਂ ਵੰਡਣਾ ਕੀ ਜਾਇਜ਼ ਹੈ ?








