
ਤਲਵੰਡੀ ਸਾਬੋ 07 ਨਵੰਬਰ (ਅੰਮ੍ਰਿਤ ਮਲਕਾਣਾ ) ਉੱਪ-ਮੰਡਲ ਤਲਵੰਡੀ ਸਾਬੋ ਦੀ ਹੱਦ ਦੇ ਲਾਗੇ ਬੀਤੀ ਦੇਰ ਸ਼ਾਮ ਵਾਪਰੇ ਇੱਕ ਭਿਆਨਕ ਹਾਦਸੇ ‘ਚ ਮਾਨਸਾ ਜਿਲ੍ਹੇ ਦੇ ਪਿੰਡ ਜੌੜਕੀਆਂ ਦੇ ਤਿੰਨ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਨਾ ਕੇਵਲ ਉਕਤ ਤਿੰਨੇ ਪਰਿਵਾਰਾਂ ਸਗੋਂ ਸਮੁੱਚੇ ਪਿੰਡ ਦੀ ਦੀਵਾਲੀ ਦੀ ਖੁਸ਼ੀ ਨੂੰ ਗ੍ਰਹਿਣ ਲੱਗ ਗਿਆ ਹੈ।
ਸਿਵਲ ਹਸਪਤਾਲ ਤਲਵੰਡੀ ਸਾਬੋ ਦੇ ਮੁਰਦਾਘਰ ‘ਚ ਦੋ ਨੌਜਵਾਨਾਂ ਦੀਆਂ ਲਾਸ਼ਾਂ ਨਾਲ ਪੁੱਜੇ ਉਨਾਂ ਦੇ ਸਕੇ ਸਬੰਧੀਆਂ ‘ਚੋਂ ਗੁਰਪ੍ਰੀਤ ਸਿੰਘ,ਗੁਰਬਚਨ ਸਿੰਘ ਅਤੇ ਗਗਨਦੀਪ ਸਿੰਘ ਦੇ ਦੱਸਣ ਅਨੁਸਾਰ ਲੰਘੀ ਸ਼ਾਮ ਅੰਮ੍ਰਿਤਪਾਲ ਸਿੰਘ (25) ਅਤੇ ਹਰਭਜਨ ਸਿੰਘ ਹਰਮਨ (25) ਜੋ ਤਲਵੰਡੀ ਸਾਬੋ ਅਤੇ ਰਾਮਾਂ ਮੰਡੀ ਦੀਆਂ ਦੁਕਾਨਾਂ ਤੋਂ ਕੰਮ ਸਮਾਪਤ ਕਰਕੇ ਵਾਪਸ ਆਪਣੇ ਪਿੰਡ ਜੌੜਕੀਆਂ (ਮਾਨਸਾ) ਜਾ ਰਹੇ ਸਨ ਤਾਂ ਨਥੇਹਾ ਪਿੰਡ ਕੋਲ ਉਨਾਂ ਨੂੰ ਉਨ੍ਹਾਂ ਦੇ ਹੀ ਪਿੰਡ ਦਾ ਬਲਵਿੰਦਰ ਸਿੰਘ ਉਰਫ ਬੋਘਾ (30) ਜੋ ਕਿ ਸਰਦੂਲਗੜ੍ਹ ਕਿਸੇ ਦੁਕਾਨ ‘ਤੇ ਲੱਗਿਆ ਹੋਇਆ ਸੀ ਵੀ ਮਿਲ਼ ਗਿਆ ਤੇ ਸ਼ਾਮ ਜਿਆਦਾ ਹੋਣ ਕਾਰਨ ਤੇ ਕਿਸੇ ਸਾਧਨ ਦੇ ਮਿਲ ਜਾਣ ਦੀ ਘੱਟ ਸੰਭਾਵਨਾ ਨੂੰ ਦੇਖਦਿਆਂ ਉਨਾਂ ਨੇ ਉਕਤ ਨੌਜਵਾਨ ਨੂੰ ਵੀ ਆਪਣੇ ਨਾਲ ਮੋਟਰਸਾਈਕਲ ‘ਤੇ ਚੜ੍ਹਾ ਲਿਆ।
ਉਕਤ ਵਿਅਕਤੀਆਂ ਦੇ ਦੱਸਣ ਅਨੁਸਾਰ ਤਿੰਨੇ ਮੋਟਰਸਾਈਕਲ ਸਵਾਰ ਬੱਸ ਪਿੰਡ ਤੋਂ ਕੁਝ ਹੀ ਦੂਰ ਪਿੱਛੇ ਸਨ ਤਾਂ ਅੱਗੋਂ ਆ ਰਹੀ ਪਰਾਲੀ ਦੀਆਂ ਗੱਠਾਂ ਨਾਲ ਭਰੀ ਟਰੈਕਟਰ ਟਰਾਲੀ ਨਾਲ ਉਨਾਂ ਦਾ ਮੋਟਰਸਾਈਕਲ ਟਕਰਾ ਗਿਆ।ਹਾਦਸੇ ‘ਚ ਤਿੰਨੇ ਨੌਜਵਾਨ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਬਠਿੰਡਾ ਦੇ ਹਸਪਤਾਲ ਵਿੱਚ ਲੈ ਜਾਇਆ ਗਿਆ ਜਿੱਥੇ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ।ਉਨ੍ਹਾਂ ਦੱਸਿਆ ਕਿ ਹਾਦਸਾ ਵਾਪਰਦਿਆਂ ਹੀ ਟਰੈਕਟਰ ਚਾਲਕ ਰਫੂ ਚੱਕਰ ਹੋ ਗਿਆ।ਹਾਦਸੇ ਦਾ ਕਾਰਣ ਇਹ ਦੱਸਿਆ ਜਾ ਰਿਹਾ ਹੈ ਕਿ ਗੱਠਾਂ ਵਾਲੀ ਟਰਾਲੀ ਦੇ ਕੋਈ ਸੰਕੇਤਕ ਲਾਈਟ ਨਹੀ ਸੀ ਲੱਗੀ ਹੋਈ ਇਸ ਲਈ ਮੋਟਰਸਾਈਕਲ ਸਵਾਰਾਂ ਨੇ ਸ਼ਾਇਦ ਟ੍ਰੈਕਟਰ ਤਾਂ ਦੇਖ ਲਿਆ ਪਰ ਹਨੇਰੇ ਕਾਰਨ ਉਹ ਗੱਠਾਂ ਵਾਲੀ ਟਰਾਲੀ ਦਾ ਅੰਦਾਜ਼ਾ ਨਹੀ ਲਾ ਸਕੇ।ਸਿਵਲ ਹਸਪਤਾਲ ਤਲਵੰਡੀ ਸਾਬੋ ‘ਚ ਮ੍ਰਿਤਕ ਨੌਜਵਾਨਾਂ ਦਾ ਪੋਸਟਮਾਰਟਮ ਕਰਵਾਉਣ ਪੁੱਜੇ ਵਾਰਿਸਾਂ ਨੇ ਟ੍ਰੈਕਟਰ ਚਾਲਕ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।ਹਾਦਸਾ ਮਾਨਸਾ ਜਿਲ੍ਹੇ ਦੇ ਥਾਣਾ ਜੌੜਕੀਆਂ ਦੀ ਹਦੂਦ ‘ਚ ਵਾਪਰਿਆ ਹੋਣ ਕਾਰਨ ਜੌੜਕੀਆਂ ਪੁਲਿਸ ਨੇ ਜਾਂਚ ਆਰੰਭ ਦਿੱਤੀ ਹੈ।









