
ਤਲਵੰਡੀ ਸਾਬੋ ,03 ਨਵੰਬਰ (ਅੰਮ੍ਰਿਤ ਮਲਕਾਣਾ ) ਖ਼ਾਲਸੇ ਦੀ ਮਾਤਾ,ਮਾਤਾ ਸਾਹਿਬ ਕੌਰ ਜੀ ਦੇ ਜਨਮ ਦਿਹਾੜੇ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਕਰਵਾਏ ਵਿਸ਼ਾਲ ਗੁਰਮਤਿ ਸਮਾਗਮ ਦੌਰਾਨ ਉੱਘੇ ਲੇਖਕ ਅਤੇ ਕਵੀਸ਼ਰ ਦਰਸ਼ਨ ਸਿੰਘ ਭੰਮੇ ਵੱਲੋਂ ਲਿਖੀ ਕਿਤਾਬ ‘ਪਰਮ ਗਾਥਾਵਾਂ’ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਵੱਲੋਂ ਲੋਕ ਅਰਪਣ ਕੀਤੀ ਗਈ।ਕਿਤਾਬ ਬਾਰੇ ਗੱਲ ਕਰਦਿਆਂ ਲੇਖਕ ਦਰਸ਼ਨ ਸਿੰਘ ਭੰਮੇ ਨੇ ਦੱਸਿਆ ਕਿ ‘ਪਰਮ ਗਾਥਾਵਾਂ’ ਚ ਖ਼ਾਲਸੇ ਦੀ ਮਾਤਾ,ਮਾਤਾ ਸਾਹਿਬ ਕੌਰ ਦੀ ਵੀ ਜੀਵਨ ਗਾਥਾ ਸ਼ਾਮਿਲ ਕੀਤੀ ਗਈ ਹੈ ਅਤੇ ਉਨਾਂ ਲਈ ਇਹ ਸਨਮਾਨ ਦੀ ਗੱਲ ਹੈ ਕਿ ਅੱਜ ਮਾਤਾ ਸਾਹਿਬ ਕੌਰ ਜੀ ਦੇ ਜਨਮ ਦਿਹਾੜੇ ਮੌਕੇ ਕਿਤਾਬ ਨੂੰ ਸਿੰਘ ਸਾਹਿਬ ਜਥੇਦਾਰ ਬਾਬਾ ਟੇਕ ਸਿੰਘ ਸਮੇਤ ਧਾਰਮਿਕ ਅਤੇ ਵਿਦਵਾਨ ਸ਼ਖ਼ਸੀਅਤਾਂ ਵੱਲੋਂ ਲੋਕ-ਅਰਪਣ ਕੀਤਾ ਗਿਆ ਹੈ।ਉਨ੍ਹਾਂ ਨੇ ਇਸ ਵਾਸਤੇ ਸਿੰਘ ਸਾਹਿਬ ਅਤੇ ਦੂਜੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਵੀ ਕੀਤਾ।ਕਿਤਾਬ ਲੋਕ ਅਰਪਣ ਕਰਨ ਮੌਕੇ ਸਿੰਘ ਸਾਹਿਬ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਅੰਤ੍ਰਿਗ ਮੈਂਬਰ ਬੀਬੀ ਹਰਜਿੰਦਰ ਕੌਰ,ਬੀਬੀ ਜੋਗਿੰਦਰ ਕੌਰ ਮੈਂਬਰ ਸ਼੍ਰੋਮਣੀ ਕਮੇਟੀ,ਇੰਜ:ਸੁਖਮਿੰਦਰ ਸਿੰਘ ਸਕੱਤਰ ਵਿੱਦਿਆ ਸ਼੍ਰੋਮਣੀ ਕਮੇਟੀ,ਭਾਈ ਰਵਿੰਦਰ ਸਿੰਘ ਖਾਲਸਾ ਪ੍ਰਿੰਸੀਪਲ ਗੁਰੂ ਕਾਸ਼ੀ ਗੁਰਮਤਿ ਇੰਸਟੀਚਿਊਟ,ਤਖਤ ਸਾਹਿਬ ਦੇ ਵਧੀਕ ਮੈਨੇਜ਼ਰ ਗੁਰਦੇਵ ਸਿੰਘ ਸੰਧੂ ਅਤੇ ਰਾਸ਼ਟਰਪਤੀ ਐਵਾਰਡੀ ਉੱਘੇ ਕਵੀਸ਼ਰ ਰੇਵਤੀ ਪ੍ਰਸ਼ਾਦ ਸ਼ਰਮਾਂ ਮੌਜੂਦ ਸਨ।









