
ਤਲਵੰਡੀ ਸਾਬੋ ,18 ਅਕਤੂਬਰ (ਅੰਮ੍ਰਿਤ ਮਲਕਾਣਾ ) ਸਿੱਖ ਕੌਮ ਦੇ ਚੌਥੇ ਤਖ਼ਤ,ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਦੇਸ਼ ਵਿਦੇਸ਼ ‘ਚੋਂ ਨਤਮਸਤਕ ਹੋਣ ਆਉਂਦੀਆਂ ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ, ਮਾਤਾ ਸੁੰਦਰ ਕੌਰ ਜੀ ਲੰਗਰ ਹਾਲ ਵਿਖੇ ਰੋਟੀਆਂ ਤਿਆਰ ਕਰਨ ਵਾਲੀ ਨਵੀਂ ਆਧੁਨਿਕ ਕਿਸਮ ਦੀ ਮਸ਼ੀਨ ਸਥਾਪਿਤ ਕੀਤੀ ਗਈ ਹੈ ਜਿਸਦੀ ਸ਼ੁਰੂਆਤ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਅਤੇ ਪ੍ਰਬੰਧਕਾਂ ਨੇ ਮੁੱਖ ਗ੍ਰੰਥੀ ਗਿਆਨੀ ਗੁਰਜੰਟ ਸਿੰਘ ਵੱਲੋਂ ਕੀਤੀ ਅਰਦਾਸ ਉਪਰੰਤ ਰਸਮੀ ਬਟਨ ਦੱਬਕੇ ਕਰਵਾਈ।
ਜਥੇਦਾਰ ਬਾਬਾ ਟੇਕ ਸਿੰਘ ਨੇ ਇਸ ਮੌਕੇ ਆਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਈ ਗਈ ਲੰਗਰ ਦੀ ਮਰਿਆਦਾ ਸਮੁੱਚੀ ਲੋਕਾਈ ਨੂੰ ਆਪਸੀ ਪ੍ਰੇਮ,ਬਰਾਬਰੀ ਅਤੇ ਨਿਰਸਵਾਰਥ ਸੇਵਾ ਦਾ ਸੰਦੇਸ਼ ਦਿੰਦੀ ਹੈ, ਜਿੱਥੇ ਜਾਤ-ਪਾਤ ਅਤੇ ਊਚ-ਨੀਚ ਦੇ ਭੇਦਭਾਵ ਤੋਂ ਉੱਪਰ ਉੱਠ ਕੇ ਸਮੂਹ ਸੰਗਤ ਇੱਕੋ ਪੰਗਤ ਵਿੱਚ ਬੈਠ ਕੇ ਪ੍ਰਸ਼ਾਦ ਛਕਦੀ ਹੈ।ਉਨਾਂ ਨਵੀਂ ਮਸ਼ੀਨ ਦੀ ਸ਼ੁਰੂਆਤ ਤੇ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿੱਤੀ।ਤਖ਼ਤ ਸਾਹਿਬ ਦੇ ਮੈਨੇਜਰ ਭਾਈ ਨਰਿੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਆਧੁਨਿਕ ਮਸ਼ੀਨ ਦੇ ਸਥਾਪਿਤ ਹੋਣ ਨਾਲ ਜਿੱਥੇ ਘੱਟ ਸਮੇਂ ਅੰਦਰ ਵੱਡੀ ਗਿਣਤੀ ਵਿੱਚ ਪ੍ਰਸ਼ਾਦੇ ਤਿਆਰ ਹੋ ਸਕਣਗੇ ਉੱਥੇ ਹੀ ਸੇਵਾਦਾਰਾਂ ਲਈ ਕੰਮ ਸੌਖਾਲਾ ਹੋ ਸਕੇਗਾ।ਉੱਧਰ ਸੰਗਤਾਂ ਨੇ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।ਮਸ਼ੀਨ ਦੀ ਰਸਮੀ ਸ਼ੁਰੂਆਤ ਮੌਕੇ ਗੁਰਚਰਨ ਸਿੰਘ ਜੀਦਾ,ਸੁਰਿੰਦਰ ਸਿੰਘ ਮੰਡੇਰ ਸਮੇਤ ਸਮੁੱਚਾ ਸਟਾਫ਼ ਮੌਜੂਦ ਸੀ।









