
ਘਲੇ ਆਵਿਹ ਨਾਨਕਾ ਸਦੇ ਉਠੀ ਜਾਹਿ ||
ਗੁਰਬਾਣੀ ਦੇ ਮਹਾਂਵਾਕ ਅਨੁਸਾਰ ਸਰਦਾਰਨੀ ਬਲਜੀਤ ਕੌਰ ਜੀ ਪਰਮਾਤਮਾ ਦੁਆਰਾ ਬਖਸ਼ੀ ਆਪਣੀ ਸਵਾਸਾਂ ਦੀ ਪੂੰਜੀ ਭੋਗਦੇ ਹੋਏ ਇਸ ਫਾਨੀ ਸੰਸਾਰ ਤੋਂ ਮਿਤੀ 07/10/2026 ਨੂੰ ਮਨਹੂਸ ਦਿਨ ਅਚਾਨਕ ਰੁਖ਼ਸਤ ਹੋ ਗਏ ਹਨ |ਇਸ ਨਰਮ ਅਤੇ ਸ਼ਾਂਤ ਸੁਭਾਅ ਦੀ ਰੂਹ ਦਾ ਜਨਮ ਮਿਤੀ 01/01/1952 ਨੂੰ ਸੁਭਾਗੇ ਦਿਨ ਪਿੰਡ ਚਹਿਲਾਂਵਾਲ਼ੀ (ਮਾਨਸਾ )ਵਿਖੇ ਪਿਤਾ ਸਰਦਾਰ ਛੋਟਾ ਸਿੰਘ ਤੇ ਮਾਤਾ ਸਰਦਾਰਨੀ ਸੁਰਜੀਤ ਕੌਰ ਦੀ ਸੁਲੱਖਣੀ ਕੁੱਖੋਂ ਹੋਇਆ|ਚਾਰ ਭੈਣਾਂ ਤੇ ਪੰਜ ਭਰਾਵਾਂ ‘ਚ ਆਪ ਸਭ ਤੋਂ ਵੱਡੇ ਸਨ |ਮਿਹਨਤੀ, ਇਮਾਨਦਾਰ ਤੇ ਨਿੱਘੇ ਸੁਭਾਅ ਦੀ ਮਾਲਕ ਮਾਤਾ ਬਲਜੀਤ ਕੌਰ ਦਾ ਪਵਿੱਤਰ ਵਿਆਹ ਪਿੰਡ ਕੋਟ ਗੁਰੂ (ਬਠਿੰਡਾ) ਦੀ ਦੇ ਸਰਦਾਰ ਚਾਨਣ ਸਿੰਘ ਤੇ ਸਰਦਾਰਨੀ ਭਗਵਾਨ ਕੌਰ ਦੇ ਹੋਣਹਾਰ ਪੁੱਤਰ ਸਰਦਾਰ ਗੁਰਦੀਪ ਸਿੰਘ ਨਾਲ਼ ਹੋਇਆ ਅਤੇ ਆਪ ਨੇ ਜੀਵਨ ਭਰ ਆਪਣੀ ਪਤੀ ਸਰਦਾਰ ਗੁਰਦੀਪ ਸਿੰਘ ਦੀ ਦਿਲੋਂ ਸੇਵਾ -ਸੰਭਾਲ ਕੀਤੀ |ਆਪ ਜੀ ਦੀ ਸੁਲੱਖਣੀ ਕੁੱਖੋਂ ਤਿੰਨ ਧੀਆਂ ਅਤੇ ਇੱਕ ਪੁੱਤਰ ਨੇ ਜਨਮ ਲਿਆ |ਆਪ ਨੇ ਆਪਣੀ ਔਲਾਦ ਨੂੰ ਪੜ੍ਹਾਇਆ -ਲਿਖਾਇਆ,ਲਾਡਾਂ ਨਾਲ਼ ਪਾਲਿਆ ਤੇ ਚੰਗੇ ਸੰਸਕਾਰ ਦਿੱਤੇ |ਗ਼ਰੀਬ ਲੋਕਾਂ ਦੀ ਮੱਦਦ ਕਰਨ ਵਾਲ਼ੇ ਅਤੇ ਭਾਈਚਾਰਕ ਸਾਂਝ ਨਿਭਾਉਣ ਵਾਲ਼ੀ ਮਾਤਾ ਨੇ ਸਾਂਝੇ ਪਰਿਵਾਰ ਨੂੰ ਜੋੜ ਕੇ ਰੱਖਿਆ ਅਤੇ ਘਰੇਲੂ ਕੰਮਾਂ ਦੇ ਨਾਲ਼ -ਨਾਲ਼ ਖੇਤੀਬਾੜੀ ਦੇ ਕੰਮਾਂ ‘ਚ ਆਪਣਾ ਕੀਮਤੀ ਯੋਗਦਾਨ ਪਾ ਕੇ ਘਰ ਨੂੰ ਆਰਥਿਕ ਤਰੱਕੀਆਂ ‘ਤੇ ਪਹੁੰਚਾਇਆ ||ਸਰੀਰਕ ਤੌਰ ‘ਤੇ ਫਰਤੀਲੇ, ਜੋਸ਼ੀਲੇ, ਅਣਥੱਕ ਤੇ ਅਣਖਿੱਝ ਮਾਤਾ ਬਲਜੀਤ ਕੌਰ ਜੀ ਨੇ ਜੀਵਨ ਭਰ ਸੰਜਮ ਨਾਲ਼ ਸਾਦਾ ਖਾਣਾ ਖਾਧਾ ਅਤੇ ਜੀਵਨ ਦੇ ਆਖਰੀ ਦਿਨਾਂ ਤੋਂ ਇਲਾਵਾ ਕਦੇ ਬਿਮਾਰ ਨਹੀਂ ਹੋਏ ਸਨ | ਖੂਬਸੂਰਤ ਵਿਚਾਰਧਾਰਾ, ਸਾਦਗੀ ਪਸੰਦ,ਸਭਦਾ ਸਤਿਕਾਰ ਅਤੇ ਸੁਚੱਜਾ ਮਾਰਗ ਦਰਸ਼ਨ ਕਰਨ ਵਾਲ਼ੀ ਸਤਿਕਾਰਤ ਹਸਤੀ ਮਾਤਾ ਬਲਜੀਤ ਕੌਰ ਦੀ ਅਜੇ ਪਰਿਵਾਰ, ਰਿਸ਼ਤੇਦਾਰਾਂ ਅਤੇ ਸਮਾਜ ਨੂੰ ਬਹੁਤ ਲੋੜ ਸੀ |ਸਭ
ਰਿਸ਼ਤੇਦਾਰਾਂ ਦਾ ਸਹਾਰਾ,ਸਭ ਦੇ ਸਿਰ ‘ਤੇ ਅਸ਼ੀਰਵਾਦ ਭਰਿਆ ਹੱਥ ਰੱਖਣ ਵਾਲੇ ਅਤੇ ਸਾਰਿਆਂ ਨੂੰ ਜੋੜ ਕੇ ਰੱਖਣ ਵਾਲ਼ੀ ਸਤਯੁਗੀ ਮਾਤਾ ਬਲਜੀਤ ਕੌਰ ਦੇ ਪਰਿਵਾਰਕ ਜੀਆਂ ‘ਚੋਂ ਉਹਨਾਂ ਤੋਂ ਸੇਧ ਲੈ ਕੇ ਲਾਇਕ ਪੁੱਤਰ ਗੁਰਸੇਵਕ ਸਿੰਘ ਖੇਤੀਬਾੜੀ ਕਰ ਰਿਹਾ ਹੈ , ਨੂੰਹ ਹਰਜੀਤ ਕੌਰ ਘਰੇਲੂ ਕਾਰਜਾਂ ਦੇ ਨਾਲ਼ -ਨਾਲ਼ ਬੁਟੀਕ ਦਾ ਕੰਮ ਕਰ ਰਹੀ ਹੈ,ਹੋਣਹਾਰ ਪੋਤਰੀ ਰਮਨੀਤ ਕੌਰ ਚਾਨੀ ਸਿਵਲ ਹਸਪਤਾਲ ਸੰਗਰੂਰ ਵਿਖੇ ਨੌਕਰੀ ਕਰਨ ਦੇ ਨਾਲ਼ -ਨਾਲ਼ ਲੇਖਿਕਾ ਅਤੇ ਸਮਾਜ ਸੇਵਿਕਾ ਵਜੋਂ ਵੱਖਰੀ ਪਛਾਣ ਦੀ ਮਾਲਕ ਹੈ |ਸਾਊ ਪੋਤਰਾ ਸੁਖਵੀਰ ਸਿੰਘ ਪੜ੍ਹਾਈ ਦੇ ਨਾਲ਼ -ਨਾਲ਼ ਡਾਕਟਰੀ ਦੀ ਪ੍ਰੈਕਟਿਸ ਕਰ ਰਿਹਾ ਹੈ ਮਾਤਾ ਦੀਆਂ ਹੋਣਹਾਰ ਧੀਆਂ ਛਿੰਦਰਪਾਲ ਕੌਰ ਪਤਨੀ ਭੁਪਿੰਦਰ ਸਿੰਘ ਮਹਿਮਾ ਸਰਜਾ,ਸਿਮਰਜੀਤ ਕੌਰ ਪਤਨੀ ਗੁਰਦੀਪ ਸਿੰਘ ਬਾਂਡੀ, ਵੀਰਪਾਲ ਕੌਰ ਪਤਨੀ ਨਿਰਭੈ ਸਿੰਘ ਤਿਉਣਾ ਆਪਣਾ ਸੁਖਮਈ ਜੀਵਨ ਬਤੀਤ ਕਰ ਰਹੀਆਂ ਹਨ |ਬਾਬਾ ਚਾਨਣ ਸਿੰਘ ਦੀ ਪਰਿਵਾਰਕ ਫੁਲਵਾੜੀ ਦੇ ਸਰਦਾਰ ਗੁਰਦੀਪ ਸਿੰਘ, ਗੁਰਸੇਵਕ ਸਿੰਘ,ਸੁਖਵੀਰ ਸਿੰਘ,ਪ੍ਰੀਤਮ ਸਿੰਘ, ਬਲਕਰਨ ਸਿੰਘ, ਜਸਕਰਨ ਸਿੰਘ, ਸੁਖਜੀਵਨ ਸਿੰਘ,ਦਲੀਪ ਸਿੰਘ, ਸਵ :ਸੁਖਜਿੰਦਰ ਸਿੰਘ,ਧੀਆਂ, ਜਵਾਈ,ਭਾਣਜੇ -ਭਾਣਜੀਆਂ, ਦੋਹਤੇ -ਦੋਹਤੀਆਂ, ਭਰਾ ਭੈਣਾਂ,-ਭਤੀਜੇ -ਭਤੀਜੀਆਂ ਸਮੇਤ ਸਭ ਰਿਸ਼ਤੇਦਾਰ ਅੱਜ ਮਾਤਾ ਬਿਨਾਂ ਸੁੰਨਾ -ਸੁੰਨਾ, ਬੇ ਰੌਣਕ ਤੇ ਫਿੱਕਾ -ਫ਼ਿੱਕਾ ਮਹਿਸੂਸ ਕਰ ਰਹੇ ਹਨ |74 ਸਾਲ ਦੀ ਉਮਰ ਭੋਗ ਉਪਰੰਤ ਪਰਮਾਤਮਾ ਦੇ ਚਰਨਾਂ ‘ਚ ਜਾ ਬਿਰਾਜੀ ਇਸ ਰੱਬੀ ਅਤੇ ਰੱਜੀ ਰੂਹ ਮਾਤਾ ਬਲਜੀਤ ਕੌਰ ਜੀ ਨਮਿਤ ਰੱਖੇ ਗਏ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਅੱਜ ਮਿਤੀ 16/10/2026 (ਸ਼ੁੱਕਰਵਾਰ )ਨੂੰ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਪਿੰਡ ਕੋਟ ਗੁਰੂ (ਬਠਿੰਡਾ)ਵਿਖੇ ਦੁਪਹਿਰ 12 ਤੋਂ 1ਵਜੇ ਦੇ ਦਰਮਿਆਨ ਹੋਵੇਗੀ, ਜਿੱਥੇ ਪਰਿਵਾਰਕ ਜੀਅ, ਰਿਸ਼ਤੇਦਾਰ, ਸੰਬੰਧੀ, ਇਲਾਕਾ ਨਿਵਾਸੀ, ਜਥੇਬੰਦਕ ਆਗੂ , ਸੱਭਿਆਚਾਰਕ ਤੇ ਕਲਾ ਵਰਗ,ਧਾਰਮਿਕ ਹਸਤੀਆਂ, ਮੁਲਾਜ਼ਮ ਵਰਗ ਆਦਿ ਖੇਤਰਾਂ ਦੇ ਵਿਅਕਤੀ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਅਰਪਿਤ ਕਰਨਗੇ |
ਸ਼ਬਦ -ਰਚਨਾ :
ਲੈਕਚਰਾਰ ਤਰਸੇਮ ਸਿੰਘ ਬੁੱਟਰ









