ਰਾਮਾਂ ਮੰਡੀ , 15 ਸਤੰਬਰ:(ਯੰਗ ਪੀਡੀਆ ਨਿਊਜ)ਰਾਮਾਂ ਮੰਡੀ ਦੇ ਹਰੀਜਨ ਬਸਤੀ ਦੇ ਰਹਿਣ ਵਾਲੇ ਇੱਕ 45 ਸਾਲਾ ਵਿਅਕਤੀ ਵੱਲੋਂ ਸਥਾਨਕ ਵਾਟਰ ਵਰਕਸ ਦੀ ਡੱਗੀ ਵਿੱਚ ਛਾਲ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਬਿੰਦਰ ਸਿੰਘ (45) ਪੁੱਤਰ ਬੂਟਾ ਸਿੰਘ, ਵਾਸੀ ਹਰੀਜਨ ਬਸਤੀ ਰਾਮਾਂ ਮੰਡੀ ਵਜੋਂ ਹੋਈ ਹੈ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਪੂਰੇ ਇਲਾਕੇ ਵਿੱਚ ਸਨਸਨੀ ਫੈਲ ਗਈ।
ਮਿਲੀ ਜਾਣਕਾਰੀ ਅਨੁਸਾਰ ਬਿੰਦਰ ਸਿੰਘ ਨੇ ਅਚਾਨਕ ਵਾਟਰ ਵਰਕਸ ਦੀ ਡੱਗੀ ਵਿੱਚ ਛਾਲ ਮਾਰ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਸਹਾਰਾ ਕਲੱਬ ਰਾਮਾਂ ਮੰਡੀ ਦੇ ਸੇਵਾਦਾਰ ਅਤੇ ਬੰਟੀ ਗੋਤਾਖੋਰ ਮੌਕੇ ‘ਤੇ ਪਹੁੰਚੇ। ਵਾਟਰ ਵਰਕਸ ਦੀ ਡੱਗੀ ਡੂੰਘੀ ਹੋਣ ਕਾਰਨ ਲਾਸ਼ ਨੂੰ ਬਾਹਰ ਕੱਢਣ ਵਿੱਚ ਕਾਫੀ ਜੱਦੋ-ਜਹਿਦ ਕਰਨੀ ਪਈ, ਪਰ ਗੋਤਾਖੋਰਾਂ ਅਤੇ ਸਮਾਜ ਸੇਵੀਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਲਾਸ਼ ਨੂੰ ਅਤਿਅੰਤ ਮੁਸ਼ਕਲ ਨਾਲ ਬਾਹਰ ਕੱਢਿਆ ਜਾ ਸਕਿਆ। ਹਾਲਾਂਕਿ ਵਿਅਕਤੀ ਵੱਲੋਂ ਇਹ ਖ਼ੁਦਕੁਸ਼ੀ ਕਰਨ ਦੇ ਅਸਲ ਕਾਰਨਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਸਥਾਨਕ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।
ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਦੀ ਮੋਰਚਰੀ (ਮੁਰਦਾਘਰ) ਵਿੱਚ ਰਖਵਾ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ‘ਤੇ ਹੀ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।









