
ਸੰਗਤ ਮੰਡੀ ,11 ਅਗਸਤ (ਯ ਪ ) ਬੀਤੇ ਰੋਜ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਲਾਕ ਸੰਗਤ ਦੇ ਪਿੰਡ ਨਰੂਆਣਾ ਵਿਖੇ ਪਿੰਡ ਕਮੇਟੀ ਦੀ ਚੋਣ ਬਲਾਕ ਆਗੂ ਰਾਮ ਸਿੰਘ ਕੋਟ ਗੁਰੂ ਦੀ ਅਗਵਾਈ ਹੇਠ ਨਵੇਂ ਸਿਰੇ ਤੋਂ ਕੀਤੀ ਗਈ। ਸੂਬਾ ਕਮੇਟੀ ਦੇ ਸੱਦੇ ਤਹਿਤ ਪਹਿਲਾਂ ਪਿੰਡ ਦੇ ਘਰ ਘਰ ਜਾ ਕੇ ਮੈਂਬਰਸ਼ਿਪ ਕੀਤੀ ਗਈ। ਮੈਂਬਰਸ਼ਿਪ ਮੁਕੰਮਲ ਹੋਣ ਤੋਂ ਬਾਅਦ ਅੱਜ ਪਿੰਡ ਦੇ ਗੁਰੂਘਰ ਵਿੱਚ ਇਜਲਾਸ ਸੱਦਿਆ ਗਿਆ। ਜਿਸ ਦੀ ਪ੍ਰਧਾਨਗੀ ਜਗਤਾਰ ਸਿੰਘ ਤਾਰੀ ਵਲੋਂ ਕੀਤੀ ਗਈ। ਇਕੱਤਰ ਹੋਏ ਕਿਸਾਨਾਂ ਨੂੰ ਰਾਮ ਸਿੰਘ ਕੋਟ ਗੁਰੂ ਤੇ ਜਸਕਰਨ ਸਿੰਘ ਕੋਟ ਗੁਰੂ ਨੇ ਸੰਬੋਧਨ ਕਰਦਿਆਂ ਜੱਥੇਬੰਦੀ ਦੇ ਵਿਧਾਨ ਦੀ ਵਿਆਖਿਆ ਕੀਤੀ ਤੇ ਖੇਤੀ ਸੰਕਟ ਦੇ ਹੱਲ ਲਈ ਜੱਥੇਬੰਦ ਹੋਣ ਦੀ ਅਣਸਰਦੀ ਲੋੜ ਨੂੰ ਉਭਾਰਿਆ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਕਾਲੇ ਕਾਨੂੰਨਾਂ ਨੂੰ ਜੱਥੇਬੰਦਕ ਲੋਕ ਤਾਕਤ ਦੇ ਜ਼ੋਰ ਹੀ ਮੋੜਿਆ ਜਾ ਸਕਿਆ ਸੀ ਤੇ ਹੁਣ ਜੰਤਰ ਮੰਤਰ ‘ਤੇ ਚੱਲੇ ਵਿਦਿਆਰਥੀਆਂ ਦੇ ਸੰਘਰਸ਼ ਨੇ ਵੀ ਇਹੀ ਸਾਬਤ ਕੀਤਾ ਹੈ ਕਿ ਮੋਦੀ ਦੀ ਫਿਰਕੂ ਫਾਸ਼ੀ ਹਕੂਮਤ ਦੇ ਹੱਲਿਆਂ ਨੂੰ ਜੱਥੇਬੰਦਕ ਜਨਤਕ ਸੰਘਰਸ਼ ਦੇ ਜ਼ੋਰ ਹੀ ਚਣੌਤੀ ਦਿੱਤੀ ਜਾ ਸਕਦੀ ਹੈ। ਹੁਣ ਤਾਜ਼ਾ ਭਾਰਤ ਅਮਰੀਕਾ ਦਰਮਿਆਨ ਹੋਣ ਵਾਲਾ ਵਪਾਰ ਸਮਝੌਤਾ ਕਿਸਾਨਾਂ ਮਜ਼ਦੂਰਾਂ ਦੁਕਾਨਦਾਰਾਂ ਛੋਟੇ ਕਾਰੋਬਾਰੀਆਂ ਦੇ ਮੌਤ ਦੇ ਵਾਰੰਟ ਸਾਬਿਤ ਹੋਵੇਗਾ। ਇਸ ਲਈ ਇਸ ਦੇ ਪ੍ਰਭਾਵ ਹੇਠ ਆਉਣ ਵਾਲੇ ਸਾਰੇ ਹਿੱਸਿਆਂ ਨੂੰ ਇਕੱਠੇ ਹੋ ਕੇ ਸਾਂਝੇ ਸੰਘਰਸ਼ ਦੇ ਰਾਹ ਪੈਣ ਦੀ ਡਾਹਢੀ ਲੋੜ ਹੈ। ਇਜਲਾਸ ਵਿੱਚ ਚੁਣੇ ਗਏ ਅਹੁਦੇਦਾਰਾਂ ਨੇ ਜੱਥੇਬੰਦੀ ਦੇ ਅਸੂਲਾਂ ਮੁਤਾਬਕ ਚੱਲਣ ਦਾ ਪ੍ਰਣ ਕੀਤਾ। ਜਗਤਾਰ ਸਿੰਘ ਤਾਰੀ ਨੂੰ ਪਿੰਡ ਕਮੇਟੀ ਪ੍ਰਧਾਨ, ਸੁਰਜੀਤ ਸਿੰਘ ਨੂੰ ਸਕੱਤਰ, ਰਾਜਨ ਸਿੰਘ ਨੂੰ ਮੀਤ ਪ੍ਰਧਾਨ, ਮਿੱਠੂ ਸਿੰਘ ਮਾਸਟਰ ਨੂੰ ਖ਼ਜ਼ਾਨਚੀ, ਹਰਨੇਕ ਸਿੰਘ, ਸੁਖਵੰਤ ਸਿੰਘ ਤੇ ਛਿੰਦਾ ਸਿੰਘ ਨੂੰ ਸਲਾਹਕਾਰ ਚੁਣਿਆ ਗਿਆ। ਇਸ ਮੌਕੇ ਗੁਰਦੀਪ ਸਿੰਘ ਜੈ ਸਿੰਘ ਵਾਲਾ ਵੀ ਹਾਜ਼ਰ ਸਨ।







