ਪਹਿਲੀ ਕੜੀ ਵਜੋਂ ਸਿਵਲ ਹਸਪਤਾਲ ਬਠਿੰਡਾ ਵਿਖੇ ਪੰਜਾਬ ਪੱਧਰੀ ਰੋਸ ਧਰਨਾ

ਬਠਿੰਡਾ,19 ਮਈ (ਗੁਰਸੇਵਕ ਸਿੰਘ ਚੁੱਘੇ ਖੁਰਦ )
ਪੰਜਾਬ ਦੇ ਸਿਹਤ ਵਿਭਾਗ ਵਿੱਚ ਆਊਟਸੋਰਸ ਅਧੀਨ ਕੰਮ ਕਰਦੇ ਮੁਲਾਜ਼ਮਾਂ ਦੀ ਅਗਵਾਈ ਕਰਦੀ ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਜਥੇਬੰਦੀ ਵੱਲੋਂ ਸੂਬਾ ਪ੍ਰਧਾਨ ਗੁਰਜਿੰਦਰ ਸਿੰਘ ਔਲਖ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਖਿਲਾਫ ਜਿਲ੍ਹਾ ਬਠਿੰਡਾ ਵਿਖੇ ਸੂਬਾ ਪੱਧਰੀ ਰੋਸ ਧਰਨਾ ਮਾਰਿਆ ਗਿਆ। ਪੰਜਾਬ ਭਰ ਵਿੱਚੋਂ ਆਊਟਸੋਰਸ ਕੰਪਨੀਆਂ ਅਧੀਨ ਕੰਮ ਕਰਦੇ ਕਾਮੇ ਜੋਸ਼ੀਲੇ ਨਾਅਰਿਆਂ ਦੇ ਨਾਲ ਇਸ ਧਰਨੇ ਵਿੱਚ ਸ਼ਾਮਿਲ ਹੋਏ। ਹੱਕੀ ਮੰਗਾਂ ਨੂੰ ਲੈ ਕੇ ਆਊਟਸੋਰਸ ਜਥੇਬੰਦੀ ਵੱਲੋਂ ਲਗਾਏ ਜਾ ਰਹੇ ਇਸ ਸੂਬਾ ਪੱਧਰੀ ਧਰਨੇ ਵਿੱਚ ਸਮਾਜਿਕ ਅਤੇ ਭਰਾਤਰੀ ਜਥੇਬੰਦੀਆਂ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ।

ਇਸ ਦੌਰਾਨ ਵੇਰਕਾ ਮਿਲਕ ਪਲਾਂਟ ਅਤੇ ਕੈਟਲ ਫੀਡ ਠੇਕਾ ਮੁਲਾਜ਼ਮ ਯੂਨੀਅਨ ਦੇ ਆਗੂ ਬਲਜਿੰਦਰ ਸਿੰਘ ਨੇ ਦੱਸਿਆ ਕਿ ਹਰੇਕ ਵਿਭਾਗ ਵਿੱਚ ਆਊਟਸੋਰਸ ਮੁਲਾਜ਼ਮਾਂ ਦੀ ਠੇਕਾ ਕੰਪਨੀਆਂ ਵੱਲੋਂ ਵੱਡੇ ਪੱਧਰ ਤੇ ਲੁੱਟ ਕੀਤੀ ਜਾ ਰਹੀ ਹੈ। ਇਸ ਦੌਰਾਨ ਸਿਹਤ ਵਿਭਾਗ ਦੀ ਨੁਮਾਇੰਦਗੀ ਕਰਦੀ ਜਥੇਬੰਦੀ ਮਲਟੀਪਰਪਜ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਰਾਜੇਸ਼ ਮੌੜ, ਰਾਜਿੰਦਰ ਬੱਲੂਆਣਾਂ, ਜਸਵਿੰਦਰ ਸ਼ਰਮਾ ਬਠਿੰਡਾ, ਭੁਪਿੰਦਰ ਕੌਰ ਬਠਿੰਡਾ, ਮਲਕੀਤ ਸਿੰਘ ਪ੍ਰਧਾਨ ਬਲਾਕ ਭਗਤਾ, ਜਗਦੀਸ਼ ਸਿੰਘ ਨਥਾਣਾ, ਮਨਪ੍ਰੀਤ ਸਿੰਘ ਨਥਾਣਾ ਨੇ ਇਨਕਲਾਬੀ ਸੰਦੇਸ਼ ਦਿੰਦੇ ਹੋਏ ਇੱਕਮੁੱਠਤਾ ਦਾ ਇਜ਼ਹਾਰ ਕੀਤਾ। ਤਾਲਮੇਲ ਕਮੇਟੀ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ ਵੱਲੋਂ ਸੂਬਾ ਕਨਵੀਨਰ ਸਾਥੀ ਗੁਲਜ਼ਾਰ ਖਾਨ, ਸੁਖਵਿੰਦਰ ਸਿੰਘ ਦੋਦਾ , ਜਿਲ੍ਹਾ ਕਨਵੀਨਰ ਮਨੀਸ਼ ਕੁਮਾਰ ਬਠਿੰਡਾ ਨੇ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਮਹਿਕਮਿਆਂ ਦਾ ਨਿੱਜੀਕਰਨ ਕਰ ਰਹੀ ਹੈ। ਸਿਹਤ ਵਿਭਾਗ ਵਿੱਚ ਵੱਖ ਵੱਖ ਸਕੀਮਾਂ ਦੇ ਤਹਿਤ ਮੁਲਾਜ਼ਮਾਂ ਨੂੰ ਨਿਗੁਣੀਆਂ ਤਨਖਾਹਾਂ ਤੇ ਰੱਖ ਕੇ ਕਿਰਤ ਦੀ ਲੁੱਟ ਕੀਤੀ ਜਾ ਰਹੀ ਹੈ। ਜਥੇਬੰਦੀ ਇਸ ਲੁੱਟ ਦੇ ਵਿਰੋਧ ਵਿੱਚ ਪੰਜਾਬ ਭਰ ਵਿੱਚੋਂ ਸਮੁੱਚੇ ਸਿਹਤ ਕਾਮਿਆਂ ਨੂੰ ਨਾਲ ਲੈ ਕੇ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਜ਼ੋਰਦਾਰ ਸੰਘਰਸ਼ ਕਰਕੇ ਆਪਣਾਂ ਰੋਸ ਦਰਜ ਕਰੇਗੀ। ਅਗਲੇ ਸੰਘਰਸ਼ ਤਹਿਤ ਜਥੇਬੰਦੀ ਵੱਲੋਂ ਮਿਤੀ 12 ਜੂਨ 2026 ਨੂੰ ਆਊਟਸੋਰਸ ਕਾਮਿਆਂ ਵੱਲੋਂ ਸਿਵਲ ਹਸਪਤਾਲ ਸ੍ਰੀ ਅਮ੍ਰਿੰਤਸਰ ਸਾਹਿਬ ਵਿਖੇ ਸੂਬਾ ਪੱਧਰੀ ਧਰਨਾ ਮਾਰਿਆ ਜਾਵੇਗਾ। ਅੱਜ ਦੇ ਧਰਨੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵਿਗਿਆਨਕ ਦੇ ਸੂਬਾ ਪ੍ਰਧਾਨ ਗਗਨਦੀਪ ਸਿੰਘ ਭੁੱਲਰ ਨੇ ਬੋਲਦਿਆਂ ਦੱਸਿਆ ਫੈਡਰੇਸ਼ਨ ਵੱਲੋਂ ਅਤੇ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਆਉਣ ਵਾਲੇ ਸਮੇਂ ਦੌਰਾਨ ਪੰਜਾਬ ਸਰਕਾਰ ਖਿਲਾਫ ਲਗਾਤਾਰ ਅਤੇ ਤਿੱਖੇ ਸੰਘਰਸ਼ ਉਲੀਕ ਦਿੱਤੇ ਗਏ ਹਨ। ਉਹਨਾਂ ਦੱਸਿਆ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਵਾਉਣ ਦੀ ਮੰਗ ਜਥੇਬੰਦੀ ਦੀਆਂ ਮੁੱਖ ਮੰਗਾਂ ਵਿੱਚ ਸ਼ਾਮਲ ਹੈ। ਵੱਖ ਵੱਖ ਬੁਲਾਰਿਆਂ ਵੱਲੋਂ ਸਿਹਤ ਵਿਭਾਗ ਵਿੱਚ ਕੰਮ ਕਰਦੇ ਆਊਟਸੋਰਸ, ਠੇਕਾ ਮੁਲਾਜ਼ਮਾਂ ਨੂੰ ਪੱਕੇ ਕਰਵਾਉਣ, ਬਰਾਬਰ ਕੰਮ ਬਰਾਬਰ ਤਨਖ਼ਾਹ ਲਾਗੂ ਕਰਵਾਉਣ, ਭਵਿੱਖ ਵਿੱਚ ਪੱਕੇ ਰੁਜ਼ਗਾਰ ਦੀ ਗਰੰਟੀ ਅਤੇ ਪੱਕੇ ਤੌਰ ਤੇ ਭਰਤੀਆਂ ਕੀਤੀਆਂ ਜਾਣ ਆਦਿ ਮੰਗਾਂ ਨੂੰ ਸਟੇਜ ਤੋਂ ਉਭਾਰਿਆ ਗਿਆ। ਇਸ ਧਰਨੇ ਵਿੱਚ ਲੰਗਰ ਦੀ ਸੇਵਾ ਪਰਮਜੀਤ ਸਿੰਘ ਹੈਪੀ ਅਤੇ ਰਿੰਪਲ ਸਿੰਘ ਵੱਲੋਂ ਕੀਤੀ ਗਈ। ਇਸ ਧਰਨੇ ਵਿੱਚ ਕਰੋਨਾ ਵਲੰਟੀਅਰ ਜਥੇਬੰਦੀ, ਆਮ ਆਦਮੀ ਕਲੀਨਿਕ ਸਾਂਝਾ ਫਰੰਟ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ, ਪੀ.ਸੀ.ਐੱਮ.ਐੱਸ ਐਸੋਸੀਏਸ਼ਨ ਬਠਿੰਡਾ ਜਥੇਬੰਦੀ, ਨਰਸਿੰਗ ਐਸੋਸੀਏਸ਼ਨ ਜਥੇਬੰਦੀ, ਅਡਵਾਂਸ ਕੈੰਸਰ ਹਸਪਤਾਲ ਬਠਿੰਡਾ, ਮੈਡੀਕਲ ਕਾਲਜ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ, ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਜਥੇਬੰਦੀ ਵੱਲੋਂ ਜਿਲ੍ਹਾ ਬਠਿੰਡਾ, ਬਰਨਾਲਾ, ਲੁਧਿਆਣਾ, ਮਾਨਸਾ, ਸ੍ਰੀ ਅਮ੍ਰਿੰਤਸਰ ਸਾਹਿਬ, ਤਰਨਤਾਰਨ ਸਾਹਿਬ, ਕਪੂਰਥਲਾ, ਸ੍ਰੀ ਮੁਕਤਸਰ ਸਾਹਿਬ, ਪਟਿਆਲਾ, ਫਰੀਦਕੋਟ, ਸ੍ਰੀ ਫ਼ਤਹਿਗੜ੍ਹ ਸਾਹਿਬ, ਫਿਰੋਜ਼ਪੁਰ, ਸੰਗਰੂਰ ਆਦਿ ਜਿਲ਼੍ਹਿਆਂ ਦੇ ਸਾਥੀ ਹਾਜ਼ਰ ਸਨ।








