
ਰਾਮਾ ਮੰਡੀ, 19 ਮਈ (ਅੰਮ੍ਰਿਤ ਮਲਕਾਣਾ )
ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਬੰਗੀ ਨਿਹਾਲ ਸਿੰਘ ਵਿਖੇ ਇੱਕ ਨੌਜਵਾਨ ਦੀ ਚਿੱਟੇ ਦੇ ਨਸ਼ੇ ਨਾਲ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ, ਮ੍ਰਿਤਕ ਆਪਣੇ ਪਿੱਛੇ ਆਪਣੀ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ, ਪਰਿਵਾਰਿਕ ਮੈਂਬਰਾਂ ਨੇ ਜਿੱਥੇ ਉਸ ਨੂੰ ਨਸ਼ਾ ਕਰਾਉਣ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਉੱਥੇ ਹੀ ਇਲਾਕੇ ਵਿੱਚ ਬੇ-ਰੋਕ ਟੋਕ ਵਿਕ ਰਹੇ ਨਸ਼ੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਤੇ ਸਵਾਲ ਚੁੱਕੇ ਹਨ।

ਇਹ ਤਸਵੀਰ ਪਿੰਡ ਬੰਗੀ ਨਿਹਾਲ ਸਿੰਘ ਦੇ ਹਰਪ੍ਰੀਤ ਸਿੰਘ (26 ਸਾਲ) ਦੀ ਹੈ, ਜੋ ਕਿ ਦਿਹਾੜੀ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਸੀ, ਬੀਤੇ ਦਿਨ ਦਿਹਾੜੀ ਮਜ਼ਦੂਰੀ ਕਰਕੇ ਘਰ ਵਾਪਸ ਆਇਆ ਤੇ ਸ਼ਾਮ ਨੂੰ ਘਰ ਤੋਂ ਬਾਹਰ ਚਲਾ ਗਿਆ ਪਰ ਉਸ ਪਿੰਡ ਤੋਂ ਬਾਹਰ ਡਿੱਗੇ ਹੋਣ ਦੀ ਖਬਰ ਮਿਲੀ, ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਉਸਦੀ ਮੌਤ ਚਿੱਟੇ ਦੇ ਨਸ਼ੇ ਨਾਲ ਹੋਈ ਹੈ ਪਰ ਇਸ ਵੱਲ ਸੰਬੰਧਿਤ ਥਾਣਾ ਰਾਮਾ ਦੀ ਪੁਲਿਸ ਕੋਈ ਧਿਆਨ ਨਹੀਂ ਦੇ ਰਹੀ, ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਇਲਾਕੇ ਵਿੱਚ ਸ਼ਰੇਆਮ ਨਸ਼ਾ ਵਿਕਦਾ ਹੈ, ਸਰਕਾਰ ਨੇ ਨਸ਼ਾ ਬੰਦ ਤਾਂ ਕੀ ਕਰਨਾ ਸੀ ਸਗੋ ਨਸ਼ਾ ਲਗਾਤਾਰ ਵੱਧ ਰਿਹਾ ਹੈ।








