
ਜੈਤੋ, 27 ਅਪ੍ਰੈਲ ( ਯ ਪ )
ਕੁਦਰਤੀ ਖੇਤੀ, ਵਤਾਵਰਣ ਤੇ ਸਿਹਤ ਦੇ ਮੁੱਦਿਆਂ ਤੇ ਕਾਰਜਸ਼ੀਲ ਸੰਸਥਾ ਖੇਤੀ ਵਿਰਾਸਤ ਮਿਸ਼ਨ ਵੱਲੋਂ ਕਿਸਾਨਾਂ ਨੂੰ ਅੱਗ ਮੁਕਤ ਪਰਾਲੀ ਪ੍ਰਬੰਧਨ ਬਾਰੇ ਜਾਗਰੂਕ ਕਰਨ ਲਈ ਵੱਖ ਵੱਖ ਜ਼ਿਿਲ੍ਹਆਂ ਦੇ ਪਿੰਡਾਂ ਵਿੱਚ ਨੁੱਕੜ ਨਾਟਕ ਕਰਵਾਏ ਗਏ।ਇਨ੍ਹਾਂ ਨਾਟਕਾਂ ਵਿੱਚ ਕਿਸਾਨਾਂ ਨੇ ਡੂੰਘੀ ਰੁਚੀ ਦਿਖਾਈ।
ਇਸ ਸਿਲਸਿਲੇ ਵਿੱਚ ਪਿਛਲੇ ਦਿਨਾਂ ਦੌਰਾਨ ਮਿਸ਼ਨ ਵੱਲੋਂ ਆਰ.ਈ.ਸੀ. ਲਿਮਟਿਡ ਦੇ ਸੀ.ਐਸ.ਆਰ ਵਿਭਾਗ ਆਰ.ਈ.ਸੀ ਫਾਊਂਡੇਸ਼ਨ ਦੇ ਸਹਿਯੋਗ ਨਾਲ ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਫ਼ਰੀਦਕੋਟ ਅਤੇ ਮੋਗਾ ਜ਼ਿਲਿਆਂ ਦੇ ਵੱਖ-ਵੱਖ 24 ਪਿੰਡਾਂ ਵਿੱਚ ਨੁੱਕੜ ਨਾਟਕ ਪੇਸ਼ ਕੀਤੇ ਗਏ।ਇਨ੍ਹਾਂ ਨਾਟਕਾਂ ਰਾਹੀਂ ਕਿਸਾਨਾਂ ਨੂੰ ਪਰਾਲੀ ਸਾੜਨ ਕਾਰਨ ਹੋਣ ਵਾਲੇ ਨੁਕਸਾਨ ਦੱਸਦਿਆਂ ਉਨ੍ਹਾਂ ਨੰ ਅੱਗ ਮੁਕਤ ਪਰਾਲੀ ਪ੍ਰਬੰਧਨ ਲਈ ਪ੍ਰੇਰਿਤ ਕੀਤਾ ਗਿਆ। ਇਸ ਦੇ ਨਾਲ ਹੀ ਇਹ ਨਾਟਕ ਕੁਦਰਤੀ ਖੇਤੀ, ਜ਼ਹਿਰ ਮੁਕਤ ਖਾਣ ਪੀਣ ਬਾਰੇ ਗੱਲ ਕਰਦਾ ਹੈ ਅਤੇ ਆਉਂਦੇ 15-20 ਸਾਲਾਂ ਦੌਰਾਨ ਪਾਣੀ ਦੀ ਸੰਭਾਵੀ ਕਿੱਲਤ ਬਾਰੇ ਕਲਪਣਾ ਦੇ ਦ੍ਰਿਸ਼ਾਂ ਰਾਹੀਂ ਲੋਕ ਮਨਾਂ ਨੂੰ ਝੰਜੋੜਦਾ ਹੋਇਆ ਪਾਣੀ ਦੀ ਸੰਜਮੀ ਵਰਤੋਂ ਬਾਰੇ ਸੁਚੇਤ ਕਰਦਾ ਹੈ।
ਇਨ੍ਹਾਂ ਨਾਟਕਾਂ ਦੇ ਮੰਚਨ ਦੇ ਨਾਲ ਨਾਲ ਖੇਤੀ ਵਿਰਾਸਤ ਮਿਸ਼ਨ ਦੇ ਕੁਦਰਤੀ ਖੇਤੀ ਟ੍ਰੇਨਰ ਗੋਰਾ ਸਿੰਘ ਅਤੇ ਰਮੇਸ਼ ਮਾਂਡੀਆ ਨੇ ਕਿਸਾਨਾਂ ਨੂੰ ਅੱਗ ਮੁਕਤ ਪਰਾਲੀ ਪ੍ਰਬੰਧਨ ਦੇ ਫਾਇਦੇ ਦੱਸੇ। ਉਨ੍ਹਾਂ ਦੱਸਿਆ ਕਿ ਪਰਾਲੀ ਦੇ ਅੱਗ ਮੁਕਤ ਪ੍ਰਬੰਧਨ ਲਈ ਖੇਤੀ ਵਿਰਾਸਤ ਮਿਸ਼ਨ ਵੱਲੋਂ ਕਿਸਾਨਾਂ ਨੁੰ ਸਲਾਹ ਮਸ਼ਵਰੇ ਦੇ ਨਾਲ ਨਾਲ ਤਕਨੀਕੀ ਸਹਿਯੋਗ ਵੀ ਮੁਹੱਈਆ ਕਰਵਾਇਆ ਜਾਂਦਾ ਹੈ ਅਤੇ ਕਿਸਾਨਾਂ ਨੂੰ ਵੱਧ ਤੋਂ ਵੱਧ ਇਸ ਦਾ ਲਾਭ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਜ਼ਹਿਰ ਮੁਕਤ ਕੁਦਰਤੀ ਖੇਤੀ, ਮਿਲਟ ਦੀ ਬਿਜਾਈ, ਦੇਸੀ ਨਰਮਾ ਅਤੇ ਕਪਾਹ ਦੀ ਬਿਜਾਈ ਬਾਰੇ ਵੀ ਜਾਣਕਾਰੀ ਦਿੱਤੀ।ਇਸੇ ਦੌਰਾਨ ਅਭੈ ਟਾਕ ਨੇ ਦਸਿਆ ਕਿ ਆਉਂਦੇ ਦਿਨਾਂ ਵਿੱਚ ਹੋਰ ਪਿੰਡਾਂ ਵਿੱਚ ਵੀ ਇਸ ਨਾਟਕ ਦੀ ਪੇਸ਼ਕਾਰੀ ਕੀਤੀ ਜਾ ਰਹੀ ਹੈ।







