
ਤਲਵੰਡੀ ਸਾਬੋ 31 ਅਕਤੂਬਰ (ਅੰਮ੍ਰਿਤ ਮਲਕਾਣਾ ) 2027 ਵਿਧਾਨ ਸਭਾ ਚੋਣਾਂ ਲਈ ਸੱਤਾਧਿਰ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦੀ ਜਾਰੀ ਕੀਤੀ ਅੱਜ ਪਹਿਲੀ ਸੂਚੀ ‘ਚ ਸਥਾਨ ਬਣਾਉਣ ਵਾਲੇ,ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕਾ ਪ੍ਰੋ.ਬਲਜਿੰਦਰ ਕੌਰ ਨੇ ਟਿਕਟ ਮਿਲਣ ਉਪਰੰਤ ਆਪਣੀ ਪਲੇਠੀ ਪ੍ਰੈੱਸ ਮਿਲਣੀ ਦੌਰਾਨ ਕਿਹਾ ਕਿ 5 ਵੀਂ ਵਾਰ ਮੇਰੇ ‘ਤੇ ਭਰੋਸਾ ਪ੍ਰਗਟ ਕਰਨ ‘ਤੇ ਮੈਂ ਪਾਰਟੀ ਦੀ ਸਮੁੱਚੀ ਆਲਾਕਮਾਨ ਦਾ ਧੰਨਵਾਦ ਕਰਦੀ ਹਾਂ।ਵਿਧਾਇਕਾ ਬਲਜਿੰਦਰ ਕੌਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਆਪਣੇ ਹੁਣ ਤੱਕ ਦੇ ਕਾਰਜਕਾਲ ਦੌਰਾਨ ਲੋਕ ਭਲਾਈ ਅਤੇ ਵਿਕਾਸ ਦੇ ਉਹ ਕੰਮ ਕੀਤੇ ਹਨ ਜਿੰਨ੍ਹਾਂ ਬਾਰੇ ਪਿਛਲੀਆਂ ਸਰਕਾਰਾਂ ਨੇ ਸੋਚਿਆ ਤੱਕ ਨਹੀ ਸੀ।ਉਨ੍ਹਾਂ ਕਿਹਾ ਕਿ ਮੇਰੇ ਹਲਕਾ ਤਲਵੰਡੀ ਸਾਬੋ ‘ਚ ਪੀਣ ਵਾਲੇ ਪਾਣੀ ਤੋਂ ਲੈ ਕੇ ਜਿੱਥੇ ਸਿੰਚਾਈ ਦਾ ਪਾਣੀ ਕਿਸਾਨਾਂ ਦੇ ਖੇਤਾਂ ਤੱਕ ਪਹੁੰਚਾਉਣ ਦੇ ਯੋਗ ਪ੍ਰਬੰਧ ਕੀਤੇ ਗਏ ਉੱਥੇ ਹਲਕੇ ਦੇ 60 ਪਿੰਡਾਂ ‘ਚੋਂ ਕਰੀਬ 32 ਪਿੰਡਾਂ ‘ਚ ਖੇਡ ਮੈਦਾਨ ਬਣ ਰਹੇ ਹਨ ਜਦੋਂਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦਾ ਉਪਰਾਲਾ ਪਹਿਲਾਂ ਕਿਸੇ ਸਰਕਾਰ ਨੇ ਨਹੀ ਕੀਤਾ।2027 ‘ਚ ਕਿਹੜੇ ਉਮੀਦਵਾਰ ਨਾਲ ਆਪਣਾ ਮੁਕਾਬਲਾ ਮੰਨਦੇ ਹੋ ਦੇ ਸਵਾਲ ਤੇ ਉਨ੍ਹਾਂ ਕਿਹਾ ਕਿ ਅਜੇ ਤੱਕ ਕੋਈ ਮੁਕਾਬਲੇ ‘ਚ ਨਹੀ ਹੈ ਕਿਉਂਕਿ ਵਿਰੋਧੀ ਧਿਰਾਂ ਕੋਲ ਕੋਈ ਏਜੰਡਾ ਹੀ ਨਹੀ।ਉਨਾਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ,ਮੁੱਖ ਮੰਤਰੀ ਭਗਵੰਤ ਸਿੰਘ ਮਾਨ,ਪੰਜਾਬ ਇੰਚਾਰਜ ਮੁਨੀਸ਼ ਸਿਸੋਦੀਆ ਤੇ ਪੰਜਾਬ ਪ੍ਰਧਾਨ ਅਮਨ ਅਰੋੜਾ ਸਮੇਤ ਸਮੱੁਚੀ ਅਲਾਕਮਾਨ ਦਾ ਧੰਨਵਾਦ ਕਰਦਿਆਂ ਯਕੀਨ ਦਵਾਇਆ ਕਿ ਲੋਕ ਸਹਿਯੋਗ ਸਦਕਾ ਫਿਰ ਤੋਂ ਸੀਟ ਜਿੱਤਕੇ ਪਾਰਟੀ ਦੀ ਝੋਲੀ ਪਾਈ ਜਾਵੇਗੀ।ਇੱਥੇ ਦੱਸਣਾ ਬਣਦਾ ਹੈਕਿ 2014 ‘ਚ ਹੋਈ ਹਲਕਾ ਤਲਵੰਡੀ ਸਾਬੋ ਵਿਧਾਨ ਸਭਾ ਜ਼ਿਮਨੀ ਚੋਣ ਵੇਲੇ ਆਮ ਆਦਮੀ ਪਾਰਟੀ ਨੇ ਬਲਜਿੰਦਰ ਕੌਰ ਨੂੰ ਪਹਿਲੀ ਵਾਰ ਟਿਕਟ ਦੇ ਕੇ ਚੋਣ ਮੈਦਾਨ ‘ਚ ਉਤਾਰਿਆ ਜਦੋਂਕਿ 2017 ‘ਚ ਉਹ ਪਹਿਲੀ ਵਾਰ ਚੋਣ ਜਿੱਤਕੇ ਵਿਧਾਇਕ ਬਣੇ,2019 ਚ ਪਾਰਟੀ ਨੇ ਉਨਾਂ ਨੂੰ ਲੋਕ ਸਭਾ ਹਲਕਾ ਬਠਿੰਡਾ ਤੋਂ ਟਿਕਟ ਦੇਕੇ ਚੋਣ ਲੜਾਈ ਤੇ 2022 ਚ ਉਹ ਫਿਰ ਤੋਂ ਹਲਕਾ ਤਲਵੰਡੀ ਸਾਬੋ ਤੋਂ ‘ਆਪ’ ਉਮੀਦਵਾਰ ਬਣਕੇ ਦੂਜੀ ਵਾਰ ਵਿਧਾਇਕ ਬਣੇ।ਆਮ ਆਦਮੀ ਪਾਰਟੀ ਵੱਲੋਂ ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ ‘ਚ ਪਾਰਟੀ ਦਾ ਚੀਫ਼ ਵ੍ਹਿਪ ਬਣਾਏ ਜਾਣ ‘ਤੇ ਸਰਕਾਰ ਨੇ ਉਨਾਂ ਨੂੰ ਕੈਬਨਿਟ ਰੈਂਕ ਦੇ ਕੇ ਨਵਾਜਿਆ।









