Home » ਸਿਹਤ » ਹਰੇਕ 9 ਮਿੰਟ ਵਿੱਚ ਦੁਨੀਆ ਵਿੱਚ ਇੱਕ ਵਿਅਕਤੀ ਦੀ ਰੈਬੀਜ਼ ਨਾਲ ਮੌਤ ਹੁੰਦੀ ਹੈ: ਪ੍ਰਿੰਸੀਪਲ ਡਾ. ਬਿਮਲ ਸ਼ਰਮਾ

ਹਰੇਕ 9 ਮਿੰਟ ਵਿੱਚ ਦੁਨੀਆ ਵਿੱਚ ਇੱਕ ਵਿਅਕਤੀ ਦੀ ਰੈਬੀਜ਼ ਨਾਲ ਮੌਤ ਹੁੰਦੀ ਹੈ: ਪ੍ਰਿੰਸੀਪਲ ਡਾ. ਬਿਮਲ ਸ਼ਰਮਾ

News Portal Development Companies In India

ਸੰਗਤ ਮੰਡੀ, 29 ਸਤੰਬਰ (ਅਮਨ ਸਰਦਾਰਗੜ੍ਹ)
ਵਿਸ਼ਵ ਰੈਬੀਜ਼ ਦਿਵਸ ਮੌਕੇ ਰੈਬੀਜ਼ ਦੀ ਬਿਮਾਰੀ ਤੋਂ ਬਚਾਅ ਅਤੇ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰਿੰਸੀਪਲ ਡਾ. ਬਿਮਲ ਸ਼ਰਮਾ ਨੇ ਕਿਹਾ ਕਿ ਰੈਬੀਜ਼ ਇੱਕ ਗੰਭੀਰ ਵਾਇਰਲ ਬਿਮਾਰੀ ਹੈ ਜੋ ਆਮ ਤੌਰ ’ਤੇ ਸੰਕਰਮਿਤ ਜਾਨਵਰ ਦੇ ਕੱਟਣ ਜਾਂ ਉਸ ਦੀ ਲਾਰ ਦੇ ਜ਼ਖ਼ਮ ਨਾਲ ਸੰਪਰਕ ਵਿੱਚ ਆਉਣ ਕਾਰਨ ਫ਼ੈਲਦੀ ਹੈ। ਸਮੇਂ ਸਿਰ ਇਲਾਜ਼ ਨਾ ਮਿਲਣ ’ਤੇ ਇਹ ਬਿਮਾਰੀ ਜਾਨਲੇਵਾ ਹੋ ਸਕਦੀ ਹੈ।ਡਾ. ਸ਼ਰਮਾ ਨੇ ਦੱਸਿਆ ਕਿ ਵਿਸ਼ਵ ਰੈਬੀਜ਼ ਦਿਵਸ ਹਰ ਸਾਲ 28 ਸਤੰਬਰ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਪ੍ਰਸਿੱਧ ਫਰਾਂਸੀਸੀ ਵਿਿਗਆਨੀ ਲੂਈ ਪਾਸਚਰ ਦੀ ਯਾਦ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਰੈਬੀਜ਼ ਵਿਰੁੱਧ ਪਹਿਲੀ ਵੈਕਸੀਨ ਵਿਕਸਿਤ ਕੀਤੀ ਸੀ। ਇਸ ਦਿਨ ਦਾ ਮੁੱਖ ਉਦੇਸ਼ ਲੋਕਾਂ ਨੂੰ ਰੈਬੀਜ਼ ਤੋਂ ਬਚਾਅ, ਸਮੇਂ ਸਿਰ ਇਲਾਜ਼ ਅਤੇ ਟੀਕਾਕਰਨ ਪ੍ਰਤੀ ਜਾਗਰੂਕ ਕਰਨਾ ਹੈ।ਉਨ੍ਹਾਂ ਦੱਸਿਆ ਕਿ ਰੈਬੀਜ਼ ਇੱਕ 100 ਫੀਸਦੀ ਰੋਕਥਾਮਯੋਗ ਬਿਮਾਰੀ ਹੈ। ਭਾਰਤ ਵਿੱਚ ਰੈਬੀਜ਼ ਦੇ ਜ਼ਿਆਦਾਤਰ ਮਾਮਲੇ ਕੁੱਤਿਆਂ ਦੇ ਕੱਟਣ ਕਾਰਨ ਸਾਹਮਣੇ ਆਉਂਦੇ ਹਨ। ਇਸ ਤੋਂ ਇਲਾਵਾ ਬਾਂਦਰ, ਚਮਗਿੱਦੜ, ਨੇਵਲਾ, ਬਿੱਲੀ ਅਤੇ ਹੋਰ ਸੰਕਰਮਿਤ ਜਾਨਵਰਾਂ ਦੇ ਕੱਟਣ ਨਾਲ ਵੀ ਰੈਬੀਜ਼ ਹੋ ਸਕਦੀ ਹੈ।
ਡਾ. ਬਿਮਲ ਸ਼ਰਮਾ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਕੁੱਤਾ ਜਾਂ ਕੋਈ ਹੋਰ ਜਾਨਵਰ ਕੱਟ ਲਵੇ ਤਾਂ ਸਭ ਤੋਂ ਪਹਿਲਾਂ ਜ਼ਖ਼ਮ ਨੂੰ ਸਾਬਣ ਅਤੇ ਵਗਦੇ ਪਾਣੀ ਨਾਲ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ। ਇਸ ਤੋਂ ਬਾਅਦ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਜ਼ਖ਼ਮ ’ਤੇ ਮਿਰਚਾਂ, ਤੇਲ, ਚੂਨਾ, ਜੜੀ-ਬੂਟੀਆਂ ਜਾਂ ਹੋਰ ਘਰੇਲੂ ਪਦਾਰਥ ਲਗਾਉਣ ਤੋਂ ਬਚਣਾ ਚਾਹੀਦਾ ਹੈ ਅਤੇ ਬਿਨਾਂ ਡਾਕਟਰੀ ਸਲਾਹ ਦੇ ਜ਼ਖ਼ਮ ਨੂੰ ਬੰਨ੍ਹਣਾ ਨਹੀਂ ਚਾਹੀਦਾ।ਉਨ੍ਹਾਂ ਨੇ ਕਿਹਾ ਕਿ ਜਾਨਵਰ ਦੇ ਕੱਟਣ ਤੋਂ ਬਾਅਦ ਐਂਟੀ-ਰੇਬੀਜ਼ ਟੀਕਾਕਰਨ ਦਾ ਕੋਰਸ ਡਾਕਟਰ ਦੀ ਸਲਾਹ ਅਨੁਸਾਰ ਪੂਰਾ ਕਰਨਾ ਬਹੁਤ ਜ਼ਰੂਰੀ ਹੈ। ਸਰਕਾਰੀ ਸਿਹਤ ਸੰਸਥਾਵਾਂ ਵਿੱਚ ਇਸ ਸਬੰਧੀ ਇਲਾਜ ਅਤੇ ਟੀਕਾਕਰਨ ਦੀਆਂ ਸਹੂਲਤਾਂ ਉਪਲਬਧ ਹਨ।ਡਾ. ਸ਼ਰਮਾ ਨੇ ਦੱਸਿਆ ਕਿ ਰੈਬੀਜ਼ ਦੇ ਲੱਛਣਾਂ ਵਿੱਚ ਬੁਖਾਰ, ਸਿਰਦਰਦ, ਬੇਚੈਨੀ, ਘਬਰਾਹਟ, ਨਿਗਲਣ ਵਿੱਚ ਮੁਸ਼ਕਲ, ਪਾਣੀ ਤੋਂ ਡਰ ਅਤੇ ਬਾਅਦ ਵਿੱਚ ਲਕਵੇ ਵਰਗੀ ਸਥਿਤੀ ਸ਼ਾਮਲ ਹੋ ਸਕਦੀ ਹੈ। ਲੱਛਣ ਪ੍ਰਗਟ ਹੋਣ ਤੋਂ ਬਾਅਦ ਬਿਮਾਰੀ ਬਹੁਤ ਗੰਭੀਰ ਹੋ ਜਾਂਦੀ ਹੈ, ਇਸ ਲਈ ਜਾਨਵਰ ਦੇ ਕੱਟਣ ਤੋਂ ਤੁਰੰਤ ਬਾਅਦ ਸਾਵਧਾਨੀ ਵਰਤਣੀ ਜ਼ਰੂਰੀ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਾਨਵਰ ਦੇ ਕੱਟਣ ਦੀ ਸਥਿਤੀ ਵਿੱਚ ਝਾੜ-ਫੂਕ ਜਾਂ ਵਹਿਮ-ਭਰਮ ਦੇ ਚੱਕਰ ਵਿੱਚ ਪੈਣ ਦੀ ਬਜਾਏ ਤੁਰੰਤ ਸਿਹਤ ਕੇਂਦਰ ਜਾਂ ਹਸਪਤਾਲ ਪਹੁੰਚ ਕੇ ਡਾਕਟਰੀ ਇਲਾਜ਼ ਕਰਵਾਇਆ ਜਾਵੇ। ਨਾਲ ਹੀ ਪਾਲਤੂ ਕੁੱਤਿਆਂ ਨੂੰ ਸਮੇਂ ਸਿਰ ਰੈਬੀਜ਼ ਵਿਰੋਧੀ ਟੀਕੇ ਲਗਵਾਉਣ ਅਤੇ ਬੱਚਿਆਂ ਨੂੰ ਅਵਾਰਾ ਜਾਂ ਅਣਜਾਣ ਜਾਨਵਰਾਂ ਤੋਂ ਦੂਰ ਰੱਖਣ ਦੀ ਸਲਾਹ ਦਿੱਤੀ।

Leave a Comment

Will the middle class get relief from the first general budget of Modi 3.0?