
ਫੋਟੋ ਕੈਪਸ਼ਨ:ਬਿਜਲੀ ਗਰਿੱਡ ਅੱਗੇ ਪ੍ਰਦਰਸ਼ਨ ਕਰਦੇ ਹੋਏ ਕਿਸਾਨ
ਤਲਵੰਡੀ ਸਾਬੋ,03 ਸਤੰਬਰ (ਅੰਮ੍ਰਿਤ ਮਲਕਾਣਾ) ਖੇਤਾਂ ਦੀਆਂ ਮੋਟਰਾਂ ਨੂੰ ਲੋੜੀਂਦੀ ਬਿਜਲੀ ਸਪਲਾਈ ਨਾ ਮਿਲਣ ਕਾਰਣ ਝੋਨੇ ਅਤੇ ਨਰਮੇ ਦੀ ਫ਼ਸਲ ‘ਤੇ ਮਾੜੇ ਪ੍ਰਭਾਵ ਪੈਣ ਦੇ ਕਥਿਤ ਦੋਸ਼ ਲਾਉਦਿਆਂ ਅੱਜ ਪਿੰਡਾਂ ਦੇ ਕਿਸਾਨਾਂ ਨੇ ਤਲਵੰਡੀ ਸਾਬੋ ਬਿਜਲੀ ਗਰਿੱਡ ’ਚ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਖਿਲਾਫ਼ ਨਾਅਰੇਬਾਜ਼ੀ ਕੀਤੀ ਹਾਲਾਂਕਿ ਬਿਜਲੀ ਅਧਿਕਾਰੀਆਂ ਨਾਲ ਮੀਟਿੰਗ ਉਪਰੰਤ ਮਿਲੇ ਭਰੋਸੇ ਤੇ ਕਿਸਾਨਾਂ ਨੇ ਫਿਲਹਾਲ ਪ੍ਰਦਰਸ਼ਨ ਖ਼ਤਮ ਕਰ ਦਿੱਤਾ।
ਪ੍ਰਦਰਸ਼ਨਕਾਰੀ ਕਿਸਾਨਾਂ ‘ਚੋਂ ਇੱਕ ਪ੍ਰਗਟ ਸਿੰਘ ਪਿੰਡ ਸੰਗਤ ਖੁਰਦ ਨੇ ਦੱਸਿਆ ਕਿ ਝੋਨੇ ਦੀ ਬਿਜਾਈ ਸਮੇਂ ਤੋਂ ਹੀ ਸੰਗਤ ਫੀਡਰ,ਤਲਵੰਡੀ ਸਾਬੋ ਫੀਡਰ ਅਤੇ ਗਾਟਵਾਲੀ ਫੀਡਰ ਨੂੰ ਖੇਤੀ ਮੋਟਰਾਂ ਲਈ ਨਿਰੰਤਰ ਅੱਠ ਘੰਟੇ ਬਿਜਲੀ ਸਪਲਾਈ ਨਹੀ ਦਿੱਤੀ ਗਈ ਸਗੋਂ ਪਿਛਲੇ ਤਿੰਨ ਮਹੀਨਿਆਂ ਤੋਂ ਵੱਖ ਵੱਖ ਬਹਾਨੇ ਲਾ ਕੇ ਰੋਜ਼ਾਨਾ 4 ਤੋਂ 5 ਘੰਟੇ ਹੀ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ।ਕਿਸਾਨਾਂ ਨੂੰ ਇੱਕ ਪਾਸੇ ਕੁਦਰਤ ਦੀ ਮਾਰ ਪਈ ਹੈਕਿ ਮੀਂਹ ਘੱਟ ਪਏ ਹਨ ਅਤੇ ਉੱਤੋਂ ਸਰਕਾਰ ਨੇ ਬੇੜਾ ਗਰਕ ਕਰ ਦਿੱਤੈ ਕਿ ਲੋੜੀਂਦੀ ਬਿਜਲੀ ਸਪਲਾਈ ਨਹੀ ਮਿਲ ਸਕੀ ਜਿਸਦਾ ਝੋਨੇ ਦੀ ਫਸਲ ਤੇ ਮਾੜਾ ਅਸਰ ਪਿਆ ਹੈ ਤੇ ਝੋਨੇ ਦਾ ਝਾੜ ਇਸ ਵਾਰ ਬਹੁਤ ਘੱਟ ਨਿਕਲਣ ਦੇ ਆਸਾਰ ਬਣ ਗਏ ਹਨ।ਉਨਾਂ ਕਿਹਾ ਕਿ ਮਹਿਕਮੇ ਦੀਆਂ ਸਿਫਾਰਿਸ਼ਾਂ ਮੁਤਾਬਿਕ ਐਂਤਕੀ ਵੱਡੀ ਗਿਣਤੀ ਕਿਸਾਨਾਂ ਨੇ ਨਰਮਾ ਵੀ ਬੀਜਿਆ ਤੇ ਪਾਣੀ ਤਾਂ ਨਰਮੇ ਲਈ ਵੀ ਪੂਰਾ ਨਹੀ ਕਰ ਸਕੇ।ਮੁੱਖ ਮੰਤਰੀ ਵੱਲੋਂ ਅੱਠ ਘੰਟੇ ਸਪਲਾਈ ਦੇ ਦਾਅਵਿਆਂ ‘ਤੇ ਉਕਤ ਕਿਸਾਨ ਨੇ ਕਿਹਾ ਕਿ ਮੁੱਖ ਮੰਤਰੀ ਸਿਰਫ਼ ਜ਼ੁਮਲੇਬਾਜ਼ੀ ਕਰ ਰਹੇ ਹਨ ਜਦੋਂਕਿ ਸੱਚ ਕੁਝ ਹੋਰ ਹੈ।
ਉੱਧਰ ਐੱਸ.ਡੀ.ਓ ਪਾਲ ਸਿੰਘ ਨੇ ਗੱਲਬਾਤ ਦੌਰਾਨ ਮੰਨਿਆ ਕਿ ਬਿਜਲੀ ਦੀ ਘਾਟ ਹੈ ਕਿਉਂਕਿ ਦੋ ਥਰਮਲ ਪਲਾਂਟ ਬੰਦ ਹੋ ਗਏ ਹਨ।ਉਨਾਂ ਕਿਹਾ ਕਿ ਬਿਜਲੀ ਦੇ ਜੋ ਕੱਟ ਲਗਾਏ ਜਾ ਰਹੇ ਹਨ ਉਹ ਲੋੜ ਮੁਤਾਬਿਕ ਹੀ ਲਾਏ ਜਾ ਰਹੇ ਹਨ ਨਾ ਕਿ ਜਾਣਬੁੱਝ ਕੇ।ਅਧਿਕਾਰੀਆਂ ਨਾਲ ਗੱਲਬਾਤ ਉਪਰੰਤ ਕਿਸਾਨਾਂ ਨੇ ਫਿਲਹਾਲ ਧਰਨਾ ਚੁੱਕ ਲਿਐ ਪਰ ਉਨਾਂ ਚਿਤਾਵਨੀ ਵੀ ਦਿੱਤੀ ਕਿ ਅਗਰ ਸਪਲਾਈ ਦਾ ਇਹੀ ਹਾਲ ਰਿਹਾ ਤਾਂ ਬਿਜਲੀ ਗਰਿੱਡ ਨੂੰ ਜਿੰਦਾ ਲਗਾਇਆ ਜਾਵੇਗਾ।









