
ਤਲਵੰਡੀ ਸਾਬੋ 13 ਸਤੰਬਰ (ਅੰਮ੍ਰਿਤ ਮਲਕਾਣਾ ) ਭਾਰਤੀ ਫੌਜ ਚ ਆਪਣੀ ਡਿਊਟੀ ਨਿਭਾਉਂਦੇ ਹੋਏ ਸ਼ਹੀਦ ਹੋਏ 3 ਸਿੱਖ ਰੈਜੀਮੈਂਟ ਦੇ ਫੌਜੀ ਜਵਾਨ ਲਵਪ੍ਰੀਤ ਸਿੰਘ ਦੇ ਗ੍ਰਹਿ ਪਿੰਡ ਬੰਗੀ ਰੁਲਦੂ ਵਿਖੇ ਪਹੁੰਚ ਕੇ ਨੰਬਰਦਾਰ ਯੂਨੀਅਨ ਤਹਿਸੀਲ ਤਲਵੰਡੀ ਸਾਬੋ ਇਕਾਈ ਦੇ ਆਗੂਆਂ ਵੱਲੋਂ ਜਿੱਥੇ ਪੀੜਤ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਉਥੇ ਸ਼ਹੀਦ ਲਵਪ੍ਰੀਤ ਸਿੰਘ ਦੀਆਂ ਫੌਜੀ ਸੇਵਾਵਾਂ ਨੂੰ ਨਮਨ ਵੀ ਕੀਤਾ ਗਿਆ।
ਇੱਥੋਂ ਜਾਰੀ ਪ੍ਰੈੱਸ ਬਿਆਨ ਮੁਤਾਬਿਕ ਜ਼ਿਲ੍ਹਾ ਪ੍ਰਧਾਨ ਭਾਕਰ ਸਿੰਘ ਕਣਕਵਾਲ ਅਤੇ ਪੰਜਾਬ ਬਾਡੀ ਦੇ ਮੈਂਬਰ ਗੁਰਦੀਪ ਸਿੰਘ ਬੰਗੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਦੀ ਸੰਭਾਲ ਲਈ ਬਣਾਈ ਗਈ ਵਧੀਆ ਨੀਤੀ ਦੀ ਜਥੇਬੰਦੀ ਪੁਰਜ਼ੋਰ ਸ਼ਲਾਘਾ ਕਰਦੀ ਹੈਕਿ ਫੌਜੀ ਸੇਵਾਵਾਂ ਨਿਭਾਉਦਿਆਂ ਜਾਨ ਕੁਰਬਾਨ ਕਰਨ ਵਾਲਿਆਂ ਦੇ ਪਰਿਵਾਰਾਂ ਨੂੰ ਸੂਬਾ ਸਰਕਾਰ ਸਨਮਾਨਜਨਕ ਰਾਸ਼ੀ ਦਿੰਦੀ ਹੈ ਤਾਂਕਿ ਪਰਿਵਾਰਾਂ ਨੂੰ ਬਾਅਦ ਚ ਕੋਈ ਆਰਥਿਕ ਤੰਗੀ ਨਾ ਆਵੇ।ਉਨਾਂ ਕਿਹਾ ਕਿ ਇਸੇ ਨੂੰ ਦੇਖਦਿਆਂ ਨੰਬਰਦਾਰ ਯੂਨੀਅਨ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕਰਦੀ ਹੈ ਕਿ ਦੇਸ਼ ਦੀ ਖਾਤਰ ਸ਼ਹੀਦ ਹੋਏ ਫੌਜੀ ਜਵਾਨ ਲਵਪ੍ਰੀਤ ਸਿੰਘ ਦੇ ਪਰਿਵਾਰ ਨੂੰ ਵੀ ਸਰਕਾਰ ਦੀ ਨੀਤੀ ਤਹਿਤ ਬਣਦੀ ਸਨਮਾਨ ਰਾਸ਼ੀ ਜ਼ਲਦ ਤੋਂ ਜ਼ਲਦ ਜਾਰੀ ਕੀਤੀ ਜਾਵੇ।
ਪਰਿਵਾਰ ਨਾਲ ਹਮਦਰਦੀ ਪ੍ਰਗਟਾਉਣ ਵਾਲਿਆਂ ‘ਚ ਤਹਿਸੀਲ ਪ੍ਰਧਾਨ ਗੁਰਪਾਲ ਸਿੰਘ ਨੰਬਰਦਾਰ ਲਾਲੇਆਣਾ,ਖਜ਼ਾਨਚੀ ਜਗਤਾਰ ਸਿੰਘ ਬਹਿਮਣ ਜੱਸਾ,ਸਲਾਹਕਾਰ ਜਸਵੀਰ ਲਾਲੇਆਣਾ,ਸਕੱਤਰ ਅਮਰਜੀਤ ਸਿੰਘ ਗਿਆਨਾ,ਚਮਕੌਰ ਸਿੰਘ ਸੁਖਲੱਧੀ,ਸੁਖਦੇਵ ਸਿੰਘ ਨੰਬਰਦਾਰ,ਗੁਰਚਰਨ ਸਿੰਘ ਨੰਬਰਦਾਰ,ਨਾਹਰ ਸਿੰਘ ਨੰਬਰਦਾਰ ਅਤੇ ਜਸਕਰਨ ਸਿੰਘ ਨੰਬਰਦਾਰ ਆਦਿ ਸ਼ਾਮਿਲ ਸਨ।








