ਰਾਮਾਂ ਮੰਡੀ, 28 ਅਕਤੂਬਰ (ਰਾਮਪਾਲ ਅਰੋੜਾ)ਰਾਮਾਂ ਮੰਡੀ ਵਿਖੇ ਬੇਸਹਾਰਾ ਅਤੇ ਲੋੜਵੰਦ ਬੇਜ਼ੁਬਾਨ ਜਾਨਵਰਾਂ ਦੀ ਸੇਵਾ ਵਿੱਚ ਲਗਾਤਾਰ ਯਤਨਸ਼ੀਲ ਸੰਸਥਾਵਾਂ ਨੇ ਇੱਕ ਵਾਰ ਫਿਰ ਮਾਨਵਤਾ ਅਤੇ ਜੀਵ ਦਇਆ ਦੀ ਉਦਾਹਰਨ ਪੇਸ਼ ਕੀਤੀ ਹੈ। ਬੀਤੇ ਦਿਨੀਂ ਮਿਲੀ ਸੂਚਨਾ ਦੇ ਆਧਾਰ ‘ਤੇ, ਸਥਾਨਕ ਨਿਵਾਸੀਆਂ ਦੇ ਸਹਿਯੋਗ ਨਾਲ ਇੱਕ ਗੰਭੀਰ ਰੂਪ ਵਿੱਚ ਜ਼ਖ਼ਮੀ ਵੱਛੇ ਦਾ ਮੌਕੇ ‘ਤੇ ਪਹੁੰਚ ਕੇ ਸਫ਼ਲ ਇਲਾਜ਼ ਕੀਤਾ ਗਿਆ।ਡਾ. ਸੋਹਨ ਲਾਲ ਕਲਿਆਣੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਸੰਸਥਾਨ ਨੂੰ ਸੂਚਨਾ ਮਿਲੀ ਸੀ ਕਿ ਸਥਾਨਕ ਇਲਾਕੇ ਵਿੱਚ ਜੋਤੀ ਰਾਮ ਮੋਤੀ ਰਾਮ ਵਾਲੀ ਗਲ਼ੀ ਵਿੱਚ ਇੱਕ ਵੱਛਾ ਬੁਰੀ ਤਰ੍ਹਾਂ ਜ਼ਖ਼ਮੀ ਹਾਲਤ ਵਿੱਚ ਖੜ੍ਹਾ ਹੈ ਅਤੇ ਦਰਦ ਨਾਲ ਤੜਫ਼ ਰਹਾ ਹੈ। ਸੂਚਨਾ ਮਿਲਦਿਆਂ ਹੀ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸ਼੍ਰੀ ਕ੍ਰਿਸ਼ਨਾ ਸਹਾਰਾ ਗਊ ਸੇਵਾ ਸੰਸਥਾਨ ਅਤੇ ਸ਼ਾਹ ਸਤਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਮੈਂਬਰਾਂ ਨੇ ਤੁਰੰਤ ਮੌਕੇ ‘ਤੇ ਪਹੁੰਚ ਕੀਤੀ। ਸੇਵਾਦਾਰਾਂ ਨੇ ਮੌਕੇ ‘ਤੇ ਪਹੁੰਚ ਕੇ ਬੇਜ਼ੁਬਾਨ ਵੱਛੇ ਦੀ ਹਾਲਤ ਦਾ ਜਾਇਜ਼ਾ ਲਿਆ ਅਤੇ ਮਾਹਿਰਾਂ ਦੀ ਸਲਾਹ ਨਾਲ ਉਸਦੇ ਜ਼ਖ਼ਮਾਂ ਦੀ ਮੱਲ੍ਹਮ-ਪੱਟੀ ਕਰਦਿਆਂ ਜ਼ਰੂਰੀ ਦਵਾਈਆਂ ਅਤੇ ਪ੍ਰਾਇਮਰੀ ਮੈਡੀਕਲ ਸਹਾਇਤਾ ਮੁਹੱਈਆ ਕਰਵਾਈ। ਸੇਵਾਦਾਰਾਂ ਦੇ ਸਮੇਂ ਸਿਰ ਉਪਰਾਲੇ ਕਾਰਨ ਵੱਛੇ ਨੂੰ ਵੱਡੀ ਰਾਹਤ ਮਿਲੀ ਹੈ। ਇਸ ਮੌਕੇ ਹਾਜ਼ਰ ਸੰਚਾਲਕਾਂ ਨੇ ਕਿਹਾ ਕਿ “ਗਊ ਸੇਵਾ – ਪਰਮ ਧਰਮ” ਹੈ ਅਤੇ ਹਰ ਨਾਗਰਿਕ ਦਾ ਮੁੱਢਲਾ ਫ਼ਰਜ਼ ਬਣਦਾ ਹੈ ਕਿ ਉਹ ਆਸ-ਪਾਸ ਕਿਸੇ ਵੀ ਬੇਜ਼ੁਬਾਨ ਪਸ਼ੂ ਨੂੰ ਤਕਲੀਫ਼ ਵਿੱਚ ਦੇਖ ਕੇ ਤੁਰੰਤ ਮਦਦ ਲਈ ਅੱਗੇ ਆਵੇ। ਇਸ ਮੌਕੇ ਸਮੁੱਚੇ ਇਲਾਕੇ ਵਿੱਚ ਸੇਵਾਦਾਰਾਂ ਵੱਲੋਂ ਕੀਤੇ ਗਏ ਇਸ ਨੇਕ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।ਇਹ ਪੂਰਾ ਸੇਵਾ ਕਾਰਜ ਦਿ ਰਾਮਾਂ ਸਹਾਰਾ ਵੈਲਫੇਅਰ ਕਲੱਬ (ਰਜਿ.), ਰਾਮਾਂ ਮੰਡੀ ਦੇ ਚੇਅਰਮੈਨ ਡਾ. ਲਿਆਣੀ ਸੁਚੱਜੇ ਦਿਸ਼ਾ-ਨਿਰਦੇਸ਼ਾਂ ਅਤੇ ਯਤਨਾਂ ਹੇਠ ਨੇਪਰੇ ਚੜ੍ਹਿਆ।









