
ਬਠਿੰਡਾ,10 ਅਕਤੂਬਰ (ਸੰਦੀਪ ਸ਼ੇਰਗਿੱਲ) ਪੰਜਾਬੀ ਅਖ਼ਬਾਰ ‘ਯੰਗ ਪੀਡੀਆ’ ਦਾ ਪਹਿਲਾ ਅੰਕ ਟੀਚਰ ਹੋਮ ਬਠਿੰਡਾ ਵਿਖੇ ਸਮੂਹ ਯੰਗ ਪੀਡੀਆ ਟੀਮ ਵੱਲੋਂ ਲੋਕ ਅਰਪਣ ਕੀਤਾ ਗਿਆ।ਇਸ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਸੰਪਾਦਕ ਕੁਲਵਿੰਦਰ ਚਾਨੀ ਨੇ ਕਿਹਾ ਯੰਗ ਪੀਡੀਆ ਸ਼ੁਰੂ ਕਰਨ ਦਾ ਮੁੱਖ ਉਦੇਸ਼ ਨੌਜਵਾਨਾਂ ਦੀ ਆਵਾਜ਼ ਬਣਕੇ ਉਹਨਾਂ ਦੀਆਂ ਸਮੱਸਿਆਵਾਂ,ਵਿਚਾਰਾਂ ਅਤੇ ਇੱਛਾਵਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ ਤਾਂ ਜੋ ਹਮੇਸ਼ਾ ਦੋਸ਼ਾਂ ‘ਚ ਘਿਰੇ ਰਹਿਣ ਵਾਲ਼ੇ ਨੌਜਵਾਨਾਂ ਦੇ ਪ੍ਰਤਿਭਾਸ਼ਾਲੀ ਪੱਖ ਅਤੇ ਸਕਾਰਾਤਮਕ ਰੂਪ ਨੂੰ ਉਜਾਗਰ ਕੀਤਾ ਜਾ ਸਕੇ।ਅਖ਼ਬਾਰ ਦੇ ਸਿੱਖਿਆ ਅਤੇ ਸੱਭਿਆਚਾਰਕ ਪੱਤਰਕਾਰ ਤਰਸੇਮ ਸਿੰਘ ਬੁੱਟਰ ਨੇ ਆਪਣੇ ਸ਼ਾਗਿਰਦ ਚਾਨੀ ਦੇ ਇਸ ਉਪਰਾਲੇ ’ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਨਿੱਗਰ ਸਮਾਜ ਦੀ ਸਿਰਜਣਾ ਲਈ ਅਜਿਹੇ ਨੌਜਵਾਨਾਂ ਦਾ ਅੱਗੇ ਆਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਉਸ ‘ਤੇ ਲਗਦੇ ਬੌਧਿਕ ਮਿਆਰ ਦੀ ਗਿਰਾਵਟ ਦੇ ਦੋਸ਼ਾਂ ਤੋਂ ਮੁਕਤ ਕੀਤਾ ਜਾ ਸਕੇ।ਉਹਨਾਂ ਜਰਨਾਲਿਜ਼ਮ ਦੀ ਡਿਗਰੀ ਪ੍ਰਾਪਤ ਅਤੇ ਲੰਮੇ ਸਮੇਂ ਤੋਂ ਪ੍ਰਿੰਟ ਅਤੇ ਡਿਜੀਟਲ ਮੀਡੀਆ ਨਾਲ਼ ਜੁੜੇ ਚਾਨੀ ਤੋਂ ਭਵਿੱਖ ਵਿੱਚ ਸਾਰਥਕ ਪੱਤਰਕਾਰੀ ਦੀ ਉਮੀਦ ਜਤਾਈ।ਕਾਨੂੰਨੀ ਸਲਾਹਕਾਰ ਐਡਵੋਕੇਟ ਕੰਵਲਜੀਤ ਸਿੰਘ ਕੁਟੀ ਨੇ ਕਿਹਾ ਕਿ ਅਖ਼ਬਾਰ ਯੰਗ ਪੀਡੀਆ ਸਾਡੀਆਂ ਵਿਰਾਸਤੀ ਜੜ੍ਹਾਂ ਅਤੇ ਆਧੁਨਿਕ ਉਡਾਣਾਂ ਨੂੰ ਆਪਸ ਵਿੱਚ ਜੋੜੀ ਰੱਖਣ ਲਈ ਇੱਕ ਪੁਲ ਦਾ ਕੰਮ ਕਰੇਗਾ ਕਿਉਂਕਿ ਪੁਰਾਣੇ ਤਜ਼ਰਬੇ ਅਤੇ ਨਵੇਂ ਜੋਸ਼ ਦੇ ਸੁਚੱਜੇ ਸੁਮੇਲ ਨਾਲ਼ ਹੀ ਸਮਾਜਿਕ ਔਕੜਾਂ ਨੂੰ ਦੂਰ ਕੀਤਾ ਜਾ ਸਕਦਾ ਹੈ।ਲੰਮੇ ਸਮੇਂ ਤੋਂ ਯੰਗ ਪੀਡੀਆ ਵੈੱਬ ਨਾਲ਼ ਜੁੜੇ ਧਰਮਬੀਰ ਸਿੰਘ ਚੱਠਾ ਨੇ ਚਾਨੀ ਦੀ ਨਿਧੜਕ ਪੱਤਰਕਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰਵਾਇਤੀ ਤੇ ਸਥਾਪਿਤ ਪੱਤਰਕਾਰੀ ਦੇ ਦੌਰ ਵਿੱਚ ਅਜਿਹਾ ਵੱਖਰੀ ਕਿਸਮ ਦਾ ਉਪਰਾਲਾ ਕਰਨਾ ਕਾਬਿਲੇ ਤਾਰੀਫ ਹੈ।ਇਸ ਤੋਂ ਇਲਾਵਾ ਇਸ ਮੌਕੇ ਮੌਜੂਦ ਗੁਰਸੇਵਕ ਸਿੰਘ ਚੁੱਘੇ ਖੁਰਦ,ਅੰਮ੍ਰਿਤ ਮਲਕਾਣਾ ਅਤੇ ਅੰਬਿਕਾ ਸ਼ੁਕਲਾ ਆਦਿ ਸੰਪਾਦਕੀ ਮੰਡਲ ਨੇ ਪਹਿਲੇ ਅੰਕ ਦੇ ਲੋਕ ਅਰਪਣ ਦੀ ਵਧਾਈ ਦਿੱਤੀ ਅਤੇ ਵੱਧ ਤੋਂ ਵੱਧ ਲੋਕਾਂ ਖ਼ਾਸ ਕਰ ਨੌਜਵਾਨਾਂ ਨੂੰ ਯੰਗ ਪੀਡੀਆ ਦੇ ਪ੍ਰਿੰਟ ਮੀਡੀਆ ,ਸੋਸ਼ਲ ਮੀਡੀਆ ਆਦਿ ਪਲੇਟਫਾਰਮਾਂ ਨਾਲ਼ ਵੱਧ ਤੋਂ ਵਧ ਜੁੜਨ ਦੀ ਅਪੀਲ ਕੀਤੀ।









