
ਤਲਵੰਡੀ ਸਾਬੋ 29 ਸਤੰਬਰ (ਅੰਮ੍ਰਿਤ ਮਲਕਾਣਾ ) ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੀ ਹੈ ਪਰ ਪੰਜਾਬ ਸਰਕਾਰ ਨੇ ਆਂਗਣਵਾੜੀ ਵਰਕਰਾਂ/ਹੈਲਪਰਾਂ ਦਾ ਅਜੇ ਤੱਕ ਕੋਈ ਮਸਲਾ ਹੱਲ ਨਹੀ ਕੀਤਾ ਜਿਸਦੇ ਚਲਦਿਆਂ ਜਥੇਬੰਦੀ ਵੱਲੋਂ 1 ਅਕਤੂਬਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸ਼ਹਿਰ ਸੰਗਰੂਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਜਿਸ ਵਿੱਚ ਤਲਵੰਡੀ ਸਾਬੋ ਤੋਂ ਵੀ ਵੱਡੀ ਗਿਣਤੀ ਜਥੇਬੰਦੀ ਦੀਆਂ ਮੈਂਬਰ ਸ਼ਮੂਲੀਅਤ ਕਰਨਗੀਆਂ।ਉਕਤ ਵਿਚਾਰਾਂ ਦਾ ਪ੍ਰਗਟਾਵਾ ਜਥੇਬੰਦੀ ਦੇ ਬਲਾਕ ਪ੍ਰਧਾਨ ਬੀਬੀ ਬਲਵੀਰ ਕੌਰ ਤਲਵੰਡੀ ਸਾਬੋ ਨੇ ਗੱਲਬਾਤ ਦੌਰਾਨ ਕੀਤਾ।
ਬਲਾਕ ਪ੍ਰਧਾਨ ਬਲਵੀਰ ਕੌਰ ਨੇ ਦੱਸਿਆ ਕਿ ਆਂਗਣਵਾੜੀ ਵਰਕਰਾਂ/ਹੈਲਪਰਾਂ ਨਾਲ 2022 ਦੀਆਂ ਵੋਟਾਂ ਤੋਂ ਪਹਿਲਾਂ ਵਾਅਦਾ ਕੀਤਾ ਗਿਆ ਸੀ ਕਿ ‘ਆਪ’ ਦੀ ਸਰਕਾਰ ਬਣਨ ਤੇ ਉਨਾਂ ਦਾ ਮਾਣ ਭੱਤਾ ਦੁਗਣਾ ਕਰ ਦਿੱਤਾ ਜਾਵੇਗਾ ਪਰ ਅੱਜ ਜਦੋਂ ਸਰਕਾਰ ਬਣੀ ਨੂੰ ਸਾਢੇ ਚਾਰ ਸਾਲ ਤੋਂ ਉੱਪਰ ਹੋ ਗਿਆ ਤਾਂ ਉਹ ਵਾਇਦਾ ਪੂਰਾ ਨਹੀ ਕੀਤਾ ਗਿਆ।ਉਨਾਂ ਕਿਹਾ ਕਿ ਆਂਗਣਵਾੜੀ ਕੇਂਦਰਾਂ ਦੇ ਵਿੱਚ ਆ ਰਿਹਾ ਰਾਸ਼ਨ ਪ੍ਰਾਈਵੇਟ ਕੰਪਨੀਆਂ ਰਾਹੀਂ ਦਿੱਤਾ ਜਾ ਰਿਹੈ ਜੋ ਘਟੀਆ ਮਿਆਰ ਦਾ ਹੈ ਜਿਸ ਨੂੰ ਲੈ ਕੇ ਜਥੇਬੰਦੀ ਸੰਘਰਸ਼ ਕਰ ਰਹੀ ਹੈ।ਹੁਣ ਸਰਕਾਰ ਨੇ ਹੋਰ ਕੋਝੀ ਚਾਲ ਚਲਦਿਆਂ ਇਹ ਰਾਸ਼ਨ ਸੂਬਾ ਪੱਧਰੀ ਕੰਪਨੀਆਂ ਕੋਲੋਂ ਬੰਦ ਕਰਕੇ ਜ਼ਿਲ੍ਹਾ ਪੱਧਰ ਤੇ ਨਵੀਆਂ ਕੰਪਨੀਆਂ ਖੜ੍ਹੀਆਂ ਕਰਕੇ ਉਹਨਾਂ ਤੋਂ ਦਵਾਉਣ ਦੀ ਚਾਲ ਚੱਲੀ ਹੈ ਜਿਸਦਾ ਜਥੇਬੰਦੀ ਵਿਰੋਧ ਕਰਦੀ ਹੈ ਤੇ ਮੰਗ ਕਰਦੀ ਹੈ ਕਿ ਆਗਣਵਾੜੀ ਕੇਂਦਰਾਂ ਦੇ ਵਿੱਚ ਲਾਭਪਾਤਰੀਆਂ ਨੂੰ ਦਿੱਤਾ ਜਾਣ ਵਾਲਾ ਖਾਣਾ ਤਾਜ਼ਾ ਬਣਾ ਕੇ ਦਿੱਤਾ ਜਾਵੇ ਅਤੇ ਆਂਗਣਵਾੜੀ ਹੈਲਪਰ ਦੁਆਰਾ ਬਣਾਇਆ ਜਾਵੇ ਜਿਸ ਤਰਾਂ ਪਹਿਲਾਂ ਬਣਦਾ ਸੀ।
ਉਨਾਂ ਕਿਹਾ ਕਿ ਆਂਗਣਵਾੜੀ ਵਰਕਰ ਨੂੰ ਪ੍ਰੀ-ਨਰਸਰੀ ਟੀਚਰ ਦਾ ਦਰਜਾ ਦੇਣ ਤੇ ਕਈ ਹੋਰ ਮੰਗਾਂ ਨੂੰ ਲੈਕੇ ਸੰਗਰੂਰ ਵਿਖੇ ਇੱਕ ਅਕਤੂਬਰ ਨੂੰ ਜ਼ੋਰਦਾਰ ਪ੍ਰਦਰਸ਼ਨ ਚ ਵੱਡੀ ਗਿਣਤੀ ਵਰਕਰਾਂ ਸ਼ਮੂਲੀਅਤ ਕਰਨਗੀਆਂ।









