
“ਕੌਮ ਨੂੰ ਗੁਰੂ ਦੋਖੀ ਅਤੇ ਖ਼ਾਲਸਾ ਪੰਥ ਵਿਰੋਧੀ ਸੋਚ ਨੂੰ ਪਛਾਨਣ ਦੀ ਲੋੜ” :-ਜਥੇਦਾਰ ਕੁਲਦੀਪ ਸਿੰਘ ਗੜਗੱਜ
“ਸੰਗਤਾਂ ਦਾ ਉਤਸ਼ਾਹ ਦਰਸਾਉਂਦਾ ਹੈ ਕਿ ਸਿੱਖ ਹਮੇਸ਼ਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ” :-ਐਡਵੋਕੇਟ ਧਾਮੀ
“ਖ਼ਾਲਸਾ ਮਾਰਚ ਦੇ ਵੱਖ-ਵੱਖ ਪੜਾਵਾਂ ‘ਤੇ ਪਰਿਵਾਰਾਂ ਸਮੇਤ ਸ਼ਾਮਲ ਹੋਣ ਸੰਗਤਾਂ” :- ਜਥੇਦਾਰ ਬਾਬਾ ਟੇਕ ਸਿੰਘ

ਤਲਵੰਡੀ ਸਾਬੋ, 23 ਅਗਸਤ (ਅੰਮ੍ਰਿਤ ਮਲਕਾਣਾ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਆਰੰਭੇ ‘ਮੀਰੀ-ਪੀਰੀ ਖ਼ਾਲਸਾ ਮਾਰਚ’ ਦੇ ਦੂਜੇ ਪੜਾਅ ਦੀ ਆਰੰਭਤਾ ਅੱਜ ਸਿੱਖ ਕੌਮ ਦੇ ਚੌਥੇ ਤਖਤ,ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਖਾ਼ਲਸਾਈ ਜਾਹੋ-ਜਲਾਲ ਨਾਲ ਹੋਈ ਤੇ ਇਹ ਮਾਰਚ 4 ਸਤੰਬਰ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੁੱਜ ਕੇ ਸੰਪੂਰਨ ਹੋਵੇਗਾ।

ਮਾਰਚ ਦੀ ਆਰੰਭਤਾ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਅੱਜ ਪੰਥ ਵਿਰੋਧੀ ਸ਼ਕਤੀਆਂ ਵੱਲੋਂ ਸਿੱਖ ਸੰਸਥਾਵਾਂ ਅਤੇ ਵਿਰਾਸਤ ਨੂੰ ਕਮਜ਼ੋਰ ਕਰਨ ਦਾ ਯਤਨ ਹੋ ਰਿਹਾ ਹੈ।ਕੌਮ ਨੂੰ ਗੁਰੂ ਦੋਖੀ ਅਤੇ ਖ਼ਾਲਸਾ ਪੰਥ ਵਿਰੋਧੀ ਇਸ ਸੋਚ ਨੂੰ ਪਛਾਨਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਖ਼ਾਲਸਾ ਮਾਰਚ ਦਾ ਮਕਸਦ ਸਿੱਖ ਸੰਗਤ ਅਤੇ ਖਾਸਕਰ ਨੌਜਵਾਨਾਂ ਨੂੰ ਸਿੱਖ ਸਿਧਾਂਤਾਂ ਨਾਲ਼ ਜੋੜਨਾ ਅਤੇ ਪੰਥ ਵਿਰੋਧੀ ਵਿਚਾਰਧਾਰਾ ਤੋਂ ਸੁਚੇਤ ਕਰਨਾ ਹੈ।ਉਨਾਂ ਨੇ ਕਨੈਡਾ ‘ਚ ਗੁਰਦੁਆਰਾ ਸਾਹਿਬ ’ਚ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਅਜਿਹਾ ਕੌਮ ਅੰਦਰ ਖਾਨਾਜੰਗੀ ਲਈ ਕੀਤਾ ਜਾ ਰਿਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਕੀਤੇ ਗਏ ਖ਼ਾਲਸਾ ਮਾਰਚ ਨੂੰ ਸੰਗਤਾਂ ਵੱਲੋਂ ਮਿਲੇ ਵੱਡੇ ਹੁੰਗਾਰੇ ਨੇ ਇਹ ਸਾਬਤ ਕੀਤਾ ਹੈ ਕਿ ਸਿੱਖ ਸੰਗਤ ਦੇ ਹਿਰਦਿਆਂ ਅੰਦਰ ਗੁਰੂ ਸਾਹਿਬਾਨ, ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਪੰਥਕ ਸਿਧਾਂਤਾਂ ਪ੍ਰਤੀ ਅਥਾਹ ਸ਼ਰਧਾ ਹੈ।ਉਨ੍ਹਾਂ ਕਿਹਾ ਕਿ ਪੰਥ ਵਿਰੋਧੀ ਤਾਕਤਾਂ ਸਿੱਖਾਂ ਨੂੰ ਆਪਣੇ ਮੂਲ ਤੋਂ ਤੋੜਨ ਦਾ ਯਤਨ ਕਰ ਰਹੀਆਂ ਹਨ ਜਿਨ੍ਹਾਂ ਤੋਂ ਸੁਚੇਤ ਹੋਣ ਦੀ ਲੋੜ ਹੈ।ਐਡਵੋਕੇਟ ਧਾਮੀ ਨੇ ਕਿਹਾ ਕਿ ਬਹੁਤ ਸਾਰੇ ਪਿੰਡਾਂ ਵਿਚ ਨਸ਼ੇ ਆਮ ਹੋਣ ਦੀ ਜਾਣਕਾਰੀ ਮਿਲ ਰਹੀ ਹੈ।ਨਸ਼ੇ ਖਤਮ ਕਰਨ ਦਾ ਵਾਅਦਾ ਕਰਕੇ ਆਈ ਸਰਕਾਰ ਦੇ ਸਮੇਂ ਨਸ਼ਾ ਹੋਰ ਵਧਿਆ ਹੈ ਤੇ ਨਸ਼ੇ ਕਾਰਨ ਨੌਜਵਾਨਾਂ ਦੀ ਮੌਤ ਦੀਆਂ ਰੋਜ਼ਾਨਾ ਕਈ ਖ਼ਬਰਾਂ ਸਾਹਮਣੇ ਆ ਰਹੀਆਂ ਹਨ।ਉਨ੍ਹਾ ਕਿਹਾ ਕਿ ਨੌਜਵਾਨਾਂ ਨੂੰ ਸਿੱਖ ਵਿਰਸੇ ਨਾਲ਼ ਜੋੜਨ,ਨਸ਼ਿਆਂ ਦੀ ਦਲਦਲ ਵਿਚੋਂ ਬਾਹਰ ਕਰਨ ਲਈ ਸਾਂਝੇ ਤੌਰ ‘ਤੇ ਯਤਨ ਕਰਨ ਦੀ ਲੋੜ ਹੈ।
ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਟੇਕ ਸਿੰਘ ਨੇ ਖ਼ਾਲਸਾ ਮਾਰਚ ਵਿੱਚ ਸ਼ਾਮਲ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਸੰਗਤਾਂ ਨੂੰ ਗੁਰਬਾਣੀ,ਗੁਰੂ ਇਤਿਹਾਸ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਣ ਦੀ ਪ੍ਰੇਰਨਾ ਕੀਤੀ ਤੇ ਅਪੀਲ ਵੀ ਕੀਤੀ ਕਿ ਸਾਰੇ ਰਸਤੇ ਵਿਚ ਨਗਰ ਕੀਰਤਨ ਦਾ ਭਰਵਾਂ ਸਵਾਗਤ ਕਰਨ ਅਤੇ ਪਰਿਵਾਰਾਂ ਸਮੇਤ ਸ਼ਾਮਲ ਹੋਣ।

ਉੱਧਰ ਖਾਲਸਾ ਮਾਰਚ ਦੀ ਆਰੰਭਤਾ ਤੋਂ ਪਹਿਲਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਆਰੰਭਤਾ ਦੀ ਅਰਦਾਸ ਕੀਤੀ ਅਤੇ ਸੰਗਤਾਂ ਨੂੰ ਪਾਵਨ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਨੇ ਸਰਵਣ ਕਰਵਾਇਆ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਫੁੱਲਾਂ ਨਾਲ ਸਜਾਈ ਸੁੰਦਰ ਪਾਲਕੀ ਸਾਹਿਬ ‘ਚ ਸ਼ੁਸੋਭਿਤ ਕੀਤਾ ਗਿਆ ਤੇ ਪਾਲਕੀ ਸਾਹਿਬ ਉੱਪਰ ਸੰਗਤਾਂ ਨੇ ਫੁੱਲਾਂ ਦੀ ਵਰਖਾ ਕੀਤੀ।ਹਜ਼ਾਰਾਂ ਦੀ ਗਿਣਤੀ ’ਚ ਇਕੱਤਰ ਸੰਗਤਾਂ ਨੇ ਸ਼ਸਤਰਾਂ ਦੇ ਦਰਸ਼ਨ ਵੀ ਕੀਤੇ।
ਆਰੰਭਤਾ ਮੌਕੇ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ,ਸਿਕੰਦਰ ਸਿੰਘ ਮਲੂਕਾ,ਜਨਮੇਜਾ ਸਿੰਘ ਸੇਖੋਂ,ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ, ਅੰਤ੍ਰਿੰਗ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਤੇ ਮੇਜਰ ਸਿੰਘ ਢਿੱਲੋਂ,ਭਾਈ ਰਜਿੰਦਰ ਸਿੰਘ ਮਹਿਤਾ,ਭਾਈ ਗੁਰਚਰਨ ਸਿੰਘ ਗਰੇਵਾਲ,ਭਾਈ ਅਮਰੀਕ ਸਿੰਘ ਕੋਟਸ਼ਮੀਰ,ਜਗਸੀਰ ਸਿੰਘ ਮਾਂਗੇਆਣਾ,ਬਾਬਾ ਗੁਰਮੀਤ ਸਿੰਘ ਤ੍ਰਿਲੋਕੇਵਾਲਾ,ਅਵਤਾਰ ਸਿੰਘ ਵਣਵਾਲਾ,ਬਾਬਾ ਬੂਟਾ ਸਿੰਘ,ਗੁਰਪਾਲ ਸਿੰਘ ਗੋਰਾ,ਸੁਰਜੀਤ ਸਿੰਘ ਰਾਏਪੁਰ,ਭਾਈ ਅਜੈਬ ਸਿੰਘ ਅਭਿਆਸੀ,ਸੁਖਵਰਸ ਸਿੰਘ ਪੰਨੂ,ਬਲਵੀਰ ਸਿੰਘ ਘੁੰਨਸ,ਗੁਰਤੇਜ ਸਿੰਘ ਭੁੱਲਰ,ਜਥੇਦਾਰ ਕੌਰ ਸਿੰਘ ਬਹਾਵਵਾਲਾ,ਬੀਬੀ ਜੋਗਿੰਦਰ ਕੌਰ ਸਾਰੇ ਮੈਂਬਰ ਸ਼੍ਰੋਮਣੀ ਕਮੇਟੀ,ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਹਰਗੋਬਿੰਦ ਕੌਰ,ਧਰਮ ਪ੍ਰਚਾਰ ਕਮੇਟੀ ਸਕੱਤਰ ਗੁਰਿੰਦਰ ਸਿੰਘ ਮਥਰੇਵਾਲ,ਵਧੀਕ ਸਕੱਤਰ ਬਿਜੈ ਸਿੰਘ,ਭਗਵੰਤ ਸਿੰਘ ਧੰਗੇੜਾ,ਮੀਤ ਸਕੱਤਰ ਸੁਖਬੀਰ ਸਿੰਘ,ਅਕਾਲੀ ਦਲ (ਬ) ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ,ਬਲਕਾਰ ਸਿੰਘ ਬਰਾੜ,ਜਿਲ੍ਹਾ ਪ੍ਰਧਾਨ ਜਗਸੀਰ ਸਿੰਘ ਕਲਿਆਣ,ਪ੍ਰੇਮ ਅਰੋੜਾ ਹਲਕਾ ਇੰਚਾਰਜ ਮਾਨਸਾ,ਡਾ.ਨਿਸ਼ਾਨ ਸਿੰਘ ਹਲਕਾ ਇੰਚਾਰਜ ਬੁਢਲਾਡਾ,ਗੁਰਿੰਦਰਜੀਤ ਸਿੰਘ ਭੁੱਚੋ,ਇਕਬਾਲ ਸਿੰਘ ਬਬਲੀ ਢਿੱਲੋਂ ਹਲਕਾ ਇੰਚਾਰਜ ਬਠਿੰਡਾ,ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੈਨੇਜ਼ਰ ਨਰਿੰਦਰਜੀਤ ਸਿੰਘ ਭਵਾਨੀਗੜ੍ਹ,ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ,ਧਰਮ ਪ੍ਰਚਾਰ ਉੱਪ ਦਫਤਰ ਇੰਚਾਰਜ ਭਾਈ ਭੋਲਾ ਸਿੰਘ,ਗਿਆਨੀ ਗੁਰਜੰਟ ਸਿੰਘ,ਬੜੂ ਸਾਹਿਬ ਤੋਂ ਬਾਬਾ ਜਗਜੀਤ ਸਿੰਘ,ਬੁੰਗਾ ਮਸਤੂਆਣਾ ਮੁਖੀ ਬਾਬਾ ਕਾਕਾ ਸਿੰਘ,ਬੱੁਢਾ ਦਲ ਦੇ ਬਾਬਾ ਬਲਬੀਰ ਸਿੰਘ ਵੱਲੋੋਂ ਬਾਬਾ ਦਲੇਰ ਸਿੰਘ,ਬਾਬਾ ਬਲਦੇਵ ਸਿੰਘ ਵੱਲਾ,ਬਾਬਾ ਪ੍ਰਗਟ ਸਿੰਘ ਮਜੀਠਾ ਰੋਡ,ਬਾਬਾ ਬਿਕਰਮ ਸਿੰਘ,ਬਾਬਾ ਮਨਪ੍ਰੀਤ ਸਿੰਘ ਬਾਲੇਵਾਲ,ਬਾਬਾ ਸੁਖਪਾਲ ਸਿੰਘ, ਬਾਬਾ ਕੁਲਵਿੰਦਰ ਸਿੰਘ,ਬਾਬਾ ਲਾਲ ਦਾਸ ਜਲਾਲ ਵਾਲੇ,ਜਥੇਦਾਰ ਬੱਲਮ ਸਿੰਘ,ਬਾਬਾ ਪ੍ਰੀਤਮ ਸਿੰਘ,ਰਾਜਵਿੰਦਰ ਸਿੰਘ ਜੋਗਾ,ਪ੍ਰਿੰਸੀਪਲ ਰਵਿੰਦਰ ਸਿੰਘ,ਦਵਿੰਦਰ ਸਿੰਘ ਕੋਟਬਖਤੂ,ਗੁਰਤੇਜ ਸਿੰਘ ਨਸੀਬਪੁਰਾ ਸਮੇਤ ਹੋਰ ਸਖ਼ਸ਼ੀਅਤਾਂ ਹਾਜ਼ਰ ਸਨ।









