
ਤਲਵੰਡੀ ਸਾਬੋ 27 ਅਗਸਤ ਅੰਮ੍ਰਿਤ ਮਲਕਾਣਾ
ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਸਾਂਝੀ ਤਾਲਮੇਲ ਕਮੇਟੀ ਵੱਲੋਂ ਪੰਜਾਬ ‘ਚ ’ਮਹਾਂ-ਹੜਤਾਲ‘ ਦੇ ਦਿੱਤੇ ਸੱਦੇ ਨੂੰ ਤਲਵੰਡੀ ਸਾਬੋ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਵੱਡਾ ਹੁੰਗਾਰਾ ਦਿੱਤਾ।ਇਸ ਦੌਰਾਨ ਤਹਿਸੀਲ ਪੱਧਰ ਦੇ ਸਮੂਹ ਸਕੂਲਾਂ ਅਤੇ ਸਰਕਾਰੀ ਦਫ਼ਤਰਾਂ ’ਚ ਸੁੰਨ ਪਸਰੀ ਰਹੀ।ਜ਼ਿਲ੍ਹੇ ਦੀਆਂ ਸੰਘਰਸ਼ਸ਼ੀਲ ਅਧਿਆਪਕ ਜਥੇਬੰਦੀਆਂ ਦੀ ਅਗਵਾਈ ਵਿੱਚ ਸੈਂਕੜੇ ਅਧਿਆਪਕਾਂ ਵੱਲੋਂ ਸਮੂਹਿਕ ਛੁੱਟੀ ਲੈ ਕੇ ਪੁਰਾਣੇ ਬੱਸ ਸਟੈਂਡ ਦੇ ਪਾਰਕ ਵਿੱਚ ਧਰਨੇ ਪ੍ਰਦਰਸ਼ਨ ਉਪਰੰਤ ਬਾਜ਼ਾਰਾਂ ‘ਚੋਂ ਰੋਸ ਮਾਰਚ ਕੱਢਦਿਆਂ ਨਗਰ ਦੇ ਨਿਸ਼ਾਨ-ਏ-ਖ਼ਾਲਸਾ ਚੌਂਕ ’ਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ।

ਮੁਲਾਜ਼ਮ ਧਰਨੇ ਨੂੰ ਸੰਬੋਧਨ ਕਰਦਿਆਂ ਧੰਨਾ ਸਿੰਘ ਪ੍ਰਧਾਨ ਪੰਜਾਬ ਪੈਨਸ਼ਨਰ ਐਸੋਸੀਏਸ਼ਨ,ਗੁਰਮੇਲ ਸਿੰਘ ਮਲਕਾਣਾ ਜਿਲਾ ਸਕੱਤਰ ਡੈਮੋਕ੍ਰੇਟਿਕ ਟੀਚਰਜ਼ ਫਰੰਟ,ਭੋਲਾ ਰਾਮ ਬਲਾਕ ਪ੍ਰਧਾਨ ਡੀ.ਟੀ.ਅੱੈਫ,ਬੇਅੰਤ ਸਿੰਘ ਪੀ.ਐਸ.ਪੀ.ਸੀ.ਐੱਲ,ਕੁਲਦੀਪ ਸਿੰਘ ਸੰਗਤ ਤਾਲਮੇਲ ਕਮੇਟੀ ਸਿਹਤ ਵਿਭਾਗ,ਬਲਜੀਤ ਸਿੰਘ ਪ੍ਰਧਾਨ ਦੀ ਕਲਾਸ ਫੋਰ ਯੂਨੀਅਨ,ਸਤਵੰਤ ਕੌਰ,ਬਲਵੀਰ ਕੌਰ ਆਂਗਣਬਾੜੀ ਯੂਨੀਅਨ,ਭੁਪਿੰਦਰਪਾਲ ਕੌਰ ਐੱਨਈਸੀ ਮੈਂਬਰ,ਵੀਰਭਾਨ ਦੀ ਕਲਾਸ ਫੋਰ ਇੰਮਪਲਾਈ ਯੂਨੀਅਨ,ਲਖਬੀਰ ਸਿੰਘ ਪੰਜਾਬ ਸੁਬਾਰਡੀਨੇਟ ਫੈਡਰੇਸ਼ਨ 146 ਵਾਈ.ਬੀ ਚੰਡੀਗੜ੍ਹ,ਸੁਖਮੰਦਰ ਸਿੰਘ ਜ਼ਮਹੂਰੀ ਕਿਸਾਨ ਸਭਾ,ਮੱਖਣ ਸਿੰਘ ਖੇਤ ਮਜ਼ਦੂਰ ਸਭਾ,ਈਟੀਟੀ ਅਧਿਆਪਕ ਯੂਨੀਅਨ 6635 ਲਖਬੀਰ ਸਿੰਘ,ਨੰਗਲਾ ਸਿੰਘ ਨੇ ਕਿਹਾ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਪ੍ਰਮੁੱਖ ਮੰਗਾਂ ਨੂੰ ਮੰਨਣ ਤੋਂ ਇਨਕਾਰੀ ਹੋ ਕੇ ਮੁਲਾਜ਼ਮਾਂ ਖ਼ਿਲਾਫ਼ ਦੁਸ਼ਮਣਾਨਾ ਵਿਰੋਧ ਵਿੱਚ ਖੜ੍ਹੀ ਹੋ ਚੁੱਕੀ ‘ਆਪ’ ਸਰਕਾਰ ਖ਼ਿਲਾਫ਼ ਮੁਲਾਜ਼ਮਾਂ ਦਾ ਰੋਹ ਸਿਖ਼ਰ ‘ਤੇ ਪਹੁੰਚ ਚੁੱਕਿਐ।ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਨਜ਼ਰਅੰਦਾਜ਼ ਕਰਨ ਖ਼ਿਲਾਫ਼ 7 ਅਗਸਤ ਨੂੰ ਹੋਈ ਚੰਡੀਗੜ੍ਹ ਮਹਾਂਰੈਲੀ ਵਿੱਚ ਹੋਏ ਲੱਖਾਂ ਦੇ ਇਕੱਠ ਅਤੇ ਅੱਜ ਦੇ ਮਹਾਂਬੰਦ ਨੂੰ ਮਿਲੇ ਸ਼ਤਪ੍ਰਤੀਸ਼ਤ ਹੁੰਗਾਰੇ ਨੂੰ ਭਗਵੰਤ ਮਾਨ ਸਰਕਾਰ ਨੂੰ ਕੰਧ ‘ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ।
ਆਗੂਆਂ ਨੇ ਕਿਹਾ ਕਿ ਮੁਲਾਜ਼ਮ ਮੰਗਾਂ ਜਿੰਨ੍ਹਾਂ ’ਚ 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਦਾ ਆਰਥਿਕ ਸੋਸ਼ਣ ਕਰਨ ਵਾਲੇ ਕੇਂਦਰੀ ਪੈਟਰਨ ਅਧਾਰਿਤ ਨਵੇਂ ਤਨਖ਼ਾਹ ਸਕੇਲਾਂ ਨੂੰ ਰੱਦ ਨਾ ਕਰਨਾ,ਬਾਜ਼ਾਰੂ ਜ਼ੋਖ਼ਮਾਂ ਨਾਲ਼ ਜੁੜੀ ਨਵੀਂ ਪੈਨਸ਼ਨ ਪ੍ਰਣਾਲੀ ਰੱਦ ਨਾ ਕਰਨਾ,ਮੁਲਾਜ਼ਮਾਂ ਦਾ 18% ਪੈਂਡਿੰਗ ਮਹਿੰਗਾਈ ਭੱਤਾ ਰੋਕਣਾ,ਪੇਂਡੂ ਤੇ ਬਾਰਡਰ ਏਰੀਆ ਭੱਤਿਆਂ ਸਮੇਤ 37 ਕਿਸਮ ਦੇ ਕੱਟੇ ਗਏ ਭੱਤੇ ਬਹਾਲ ਨਾ ਕਰਨਾ,ਛੇਵੇਂ ਪੰਜਾਬ ਤਨਖਾਹ ਕਮਿਸ਼ਨ ਦੀ ਮੁਕੰਮਲ ਰਿਪੋਰਟ ਜਾਰੀ ਕਰਕੇ ਮੁਲਾਜ਼ਮਾਂ-ਪੈਨਸ਼ਨਰਾਂ ਦੇ ਪੈਂਡਿੰਗ ਲਾਭ ਨਾ ਬਹਾਲ ਕਰਨਾ,ਕੱਚੇ ਮੁਲਾਜ਼ਮਾਂ ਸਮੇਤ ਐਸੋਸੀਏਟ ਟੀਚਰਜ਼ ਅਤੇ ਕੰਪਿਊਟਰ ਅਧਿਆਪਕਾਂ ਨੂੰ ਸਿਵਲ ਸੇਵਾ ਨਿਯਮਾਂ ਤਹਿਤ ਲਿਆ ਕੇ ਰੈਗੂਲਰ ਨਾ ਕਰਨਾ,ਰੀਕਾਸਟ ਲਿਸਟਾਂ ਦੇ ਨਾਂ ਹੇਠ 4161 ਮਾਸਟਰ, 6635 ਈਟੀਟੀ ਤੇ ਬਾਕੀ ਭਰਤੀਆਂ ਦੇ ਸੈਂਕੜੇ ਅਧਿਆਪਕਾਂ ਨੂੰ ਜਾਰੀ ਕੀਤੇ ਟਰਮੀਨੇਸ਼ਨ ਦੇ ਸ਼ੋਅ ਕਾਜ ਨੋਟਿਸਾਂ ਨੂੰ ਰੱਦ ਕਰਕੇ ਉਹਨਾਂ ਦੀਆਂ ਸੇਵਾਵਾਂ ਨੂੰ ਸੁਰੱਖਿਅਤ ਨਾ ਕਰਨਾ ਪ੍ਰਮੁੱਖ ਤੌਰ ਤੇ ਸ਼ਾਮਲ ਹਨ।









