
ਸੰਗਤ ਮੰਡੀ,28 ਅਕਤੂਬਰ (ਯੰਗ ਪੀਡੀਆ)ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੰਗਤ ਦੇ ਸੰਘਰਸ਼ੀਲ ਕਿਸਾਨਾਂ ਵੱਲੋਂ ਸੂਬਾ ਕਮੇਟੀ ਦੇ ਸੱਦੇ ਤਹਿਤ ਨੰਦਗੜ੍ਹ ਥਾਣੇ ਦੇ ਬਾਹਰ ਧਰਨਾ ਦਿੱਤਾ ਗਿਆ ਜਿਸ ਦੀ ਅਗਵਾਈ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਰਾਮ ਸਿੰਘ ਕੋਟ ਗੁਰੂ ਤੇ ਧਰਮਪਾਲ ਜੰਡੀਆਂ ਵੱਲੋਂ ਕੀਤੀ ਗਈ। ਧਰਨੇ ਦੌਰਾਨ ਜਾਣਕਾਰੀ ਦਿੰਦੇ ਹੋਏ ਆਗੂਆਂ ਨੇ ਦੱਸਿਆ ਕਿ ਬੀਤੇ ਕੱਲ੍ਹ ਮੰਗਲਵਾਰ ਮਾਨਸਾ ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ਦੇ ਨੌਜਵਾਨ ਦੀ ਮੌਤ ਪਰਿਵਾਰ ਦੇ ਦੱਸਣ ਮੁਤਾਬਿਕ ਚਿੱਟੇ ਦੇ ਨਸ਼ੇ ਦੀ ਓਵਰਡੋਜ਼ ਨਾਲ ਹੋਈ।ਉਸ ਦੀ ਲਾਸ਼ ਨੂੰ ਪਰਿਵਾਰ ਦੇ ਮੈਂਬਰ ਤੇ ਪਿੰਡ ਵਾਸੀ ਮਾਨਸਾ ਵਿਖੇ ਪਰਵਿੰਦਰ ਸਿੰਘ ਝੋਟੇ ਦੇ ਸੰਬੰਧ ਵਿੱਚ ਚੱਲ ਰਹੇ ਮੋਰਚੇ ‘ਚ ਲਿਜਾ ਰਹੇ ਸੀ ਜਿਸ ਦੀ ਲਾਸ਼ ਨੂੰ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਤੇ ਸਮਰਥਕਾਂ ਤੋਂ ਜ਼ਬਰੀ ਖੋਹ ਲਿਆ ਤੇ ਅਣਦੱਸੀ ਥਾਂ ‘ਤੇ ਲਿਜਾਇਆ ਗਿਆ ਹਾਲੇ ਤੱਕ ਪਰਿਵਾਰ ਨੂੰ ਉਹ ਲਾਸ਼ ਨਹੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸੂਬੇ ਦੇ ਆਗੂ ਝੰਡਾ ਸਿੰਘ ਦੀ ਅਗਵਾਈ ਹੇਠ ਕਿਸਾਨ ਮਰਦ-ਔਰਤਾਂ ਦਾ ਵਿਸ਼ਾਲ ਜੱਥਾ ਮਾਨਸਾ ਵਿਖੇ ਪੁਲਿਸ ਪ੍ਰਸ਼ਾਸਨ ਨਾਲ ਭਿੜਦੇ ਹੋਏ ਪਹੁੰਚ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨਸ਼ਿਆਂ ਦੇ ਨਾਲ ਹੋਈਆਂ ਮੌਤਾਂ ‘ਤੇ ਪਰਦਾ ਪਾਉਣ ਦੀ ਬਜਾਏ ਇਸ ਅਲਾਮਤ ਨੂੰ ਰੋਕਣ ਲਈ ਯਤਨ ਜੁਟਾਵੇ। ਸੰਘਰਸ਼ ਦੌਰਾਨ ਫ਼ੜ੍ਹੇ ਗਏ ਵਿਅਕਤੀਆਂ ਨੂੰ ਤੁਰੰਤ ਰਿਹਾ ਕੀਤਾ ਜਾਵੇ। ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰ ਨੂੰ ਇਨਸਾਫ਼ ਦੇਵੇ ਤੇ ਨਸ਼ਿਆਂ ਦੇ ਕਾਰੋਬਾਰ ਨੂੰ ਸ਼ਹਿ ਦੇਣੀ ਬੰਦ ਕਰੇ। ਉਨ੍ਹਾਂ ਕਿਹਾ ਕਿ ਵਿਿਦਆਰਥੀ ਆਗੂ ਅਰਵਿੰਦਰ ਕੌਰ ਆਜ਼ਾਦ ਵੀ ਨੰਦਗੜ੍ਹ ਥਾਣੇ ਵਿੱਚ ਲਿਆਂਦੀ ਹੋਈ ਸੀ ਜਿਸ ਨੂੰ ਪੁਲਿਸ ਅਧਿਕਾਰੀ ਧਰਨੇ ਡਰੋਂ ਸਰਕਾਰੀ ਗੱਡੀ ਵਿੱਚ ਘੁੱਦਾ ਦੇ ਹਸਪਤਾਲ ਵਿੱਚ ਚੈੱਕ ਅੱਪ ਕਰਵਾਉਣ ਉਪਰੰਤ ਬਠਿੰਡਾ ਵੱਲ ਲੈ ਗਏ ਸਨ। ਕਪੂਰਥਲਾ ਦੇ ਵਿਅਕਤੀਆਂ ਸਮੇਤ ਸੱਤ ਹੋਰ ਪ੍ਰਦਰਸ਼ਨਕਾਰੀਆਂ ਨੂੰ ਥਾਣੇ ਅੰਦਰ ਡੱਕਿਆ ਹੋਇਆ ਸੀ। ਜਿੰਨ੍ਹਾਂ ਨੂੰ ਜੱਥੇਬੰਦੀ ਦੇ ਵੱਲੋਂ ਚਾਹ ਪਾਣੀ ਤੇ ਕੇਲਿਆਂ ਆਦਿ ਦਾ ਪ੍ਰਬੰਧ ਕੀਤਾ ਗਿਆ।ਡਿਟੇਨ ਕੀਤੇ ਪ੍ਰਦਰਸ਼ਨਕਾਰੀ ਪੂਰੇ ਹੌਂਸਲੇ ਤੇ ਚੜ੍ਹਦੀ ਕਲਾ ‘ਚ ਸਨ। ਤਿੰਨ ਵਜੇ ਦੇ ਕਰੀਬ ਧਰਨਾ ਸਮਾਪਤ ਕਰਦੇ ਹੋਏ ਆਗੂਆਂ ਨੇ ਦੱਸਿਆ ਕਿ ਜੱਥੇਬੰਦੀ ਦਾ ਜੋ ਸੱਦਾ ਆਇਆ ਉਸ ਨੂੰ ਹਰ ਹਾਲ ਲਾਗੂ ਕੀਤਾ ਜਾਵੇਗਾ। ਇਕੱਤਰ ਹੋਏ ਲੋਕਾਂ ਨੂੰ ਰਾਮ ਸਿੰਘ ਕੋਟ ਗੁਰੂ, ਧਰਮਪਾਲ ਸਿੰਘ ਜੰਡੀਆਂ,ਹਰਗੋਬਿੰਦ ਸਿੰਘ ਚੱਕ ਅਤਰ ਸਿੰਘ ਵਾਲਾ, ਜਸਕਰਨ ਸਿੰਘ ਕੋਟ ਗੁਰੂ, ਵਿਿਦਆਰਥੀ ਜੱਥੇਬੰਦੀ ਪੀ.ਐੱਸ.ਯੂ ਸ਼ਹੀਦ ਰੰਧਾਵਾ ਦੇ ਨਵਜੋਤ ਸਿੰਘ ਤੇ ਗੁਰਵਿੰਦਰ ਸਿੰਘ ਬਠਿੰਡਾ ਨੇ ਸੰਬੋਧਨ ਕੀਤਾ। ਬਲਕਰਨ ਸਿੰਘ ਕੋਟ ਗੁਰੂ ਨੇ ਧਰਨੇ ਦੌਰਾਨ ਗੀਤ ਸਾਂਝਾ ਕੀਤਾ।ਇਸ ਮੌਕੇ ਕਪੂਰਥਲਾ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਦੇ ਕੁਝ ਸਾਥੀ ਵੀ ਮੌਜੂਦ ਸਨ।









