
ਹਰ ਸਾਲ ਗਣੇਸ਼ ਚਤੁਰਥੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਹ ਤਿਉਹਾਰ ਹਿੰਦੂ ਧਰਮ ਦੇ ਮਹੱਤਵਪੂਰਨ ਤਿਉਹਾਰਾਂ ਵਿੱਚੋਂ ਇੱਕ ਹੈ। ਸਨਾਤਨ ਧਰਮ ਵਿੱਚ ਇਸ ਤਿਉਹਾਰ ਦਾ ਅਹਿਮ ਸਥਾਨ ਹੈ। ਗਣੇਸ਼ ਚਤੁਰਥੀ ਦੇ ਤਿਉਹਾਰ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾਕਟਰ ਬਿਮਲ ਸ਼ਰਮਾ ਨੇ ਦੱਸਿਆ ਕਿ ਸ਼ਿਵ ਪੁਰਾਣ ਦੇ ਅਨੁਸਾਰ ਮਾਤਾ ਪਾਰਵਤੀ ਨੇ ਇਸ਼ਨਾਨ ਕਰਨ ਤੋਂ ਪਹਿਲਾਂ ਆਪਣੇ ਸਰੀਰ ਦੀ ਮੈਲ (ਹਲਦੀ ਅਤੇ ਚੰਦਨ ਦੇ ਪੇਸਟ) ਤੂੰ ਇੱਕ ਬਾਲਕ ਗਣੇਸ਼ ਜੀ ਨੂੰ ਪੈਦਾ ਕੀਤਾ ਅਤੇ ਉਹਨਾਂ ਨੂੰ ਦਰਵਾਜੇ ਦੇ ਪਹਿਰੇਦਾਰ ਵਜੋਂ ਖੜ੍ਹਾ ਕਰ ਦਿੱਤਾ। ਜਦੋਂ ਭਗਵਾਨ ਸ਼ਿਵ ਜੀ ਅੰਦਰ ਆਉਣ ਲੱਗੇ ਤਾਂ ਬਾਲਕ ਗਣੇਸ਼ ਨੇ ਉਹਨਾਂ ਨੂੰ ਰੋਕ ਲਿਆ। ਗੁੱਸੇ ਵਿੱਚ ਆ ਕੇ ਭਗਵਾਨ ਸ਼ਿਵ ਜੀ ਨੇ ਤ੍ਰਿਸ਼ੂਲ ਨਾਲ ਉਸ ਬਾਲਕ ਦਾ ਸਿਰ ਵੱਢ ਦਿੱਤਾ। ਮਾਤਾ ਪਾਰਵਤੀ ਦੇ ਦੁਖੀ ਹੋਣ ‘ਤੇ ਭਗਵਾਨ ਸ਼ਿਵ ਨੇ ਆਪਣੇ ਗਣਾ ਨੂੰ ਉੱਤਰ ਦਿਸ਼ਾ ਵੱਲੋਂ ਸਭ ਤੋਂ ਪਹਿਲਾਂ ਮਿਲਣ ਵਾਲੇ ਜੀਵ ਦਾ ਸਿਰ ਲਿਆਉਣ ਦਾ ਹੁਕਮ ਦਿੱਤਾ। ਉਹ ਇੱਕ ਹਾਥੀ ਦਾ ਸਿਰ ਲੈ ਕੇ ਆਏ ਜਿਸ ਨੂੰ ਗਣੇਸ਼ ਜੀ ਦੇ ਧੜ੍ਹ ਨਾਲ ਜੋੜ ਕੇ ਉਹਨਾਂ ਨੂੰ ਮੁੜ ਜੀਵਤ ਕੀਤਾ ਗਿਆ। ਬ੍ਰਹਮਾ, ਵਿਸ਼ਨੂ ਅਤੇ ਸ਼ਿਵ ਜੀ ਨੇ ਗਣੇਸ਼ ਜੀ ਨੂੰ ਸਭ ਤੋਂ ਪਹਿਲਾਂ ਪੂਜੇ ਜਾਣ ਵਾਲਾ ਅਤੇ ਵਿਘਨਨਾਸਕ ਦੇਵਤਾ ਹੋਣ ਦਾ ਵਰਦਾਨ ਦਿੱਤਾ। ਭਾਵੇਂ ਇਸ ਦਿਨ ਦੇਸ਼ ਭਰ ਵਿੱਚ ਭਗਵਾਨ ਗਣੇਸ਼ ਦੀ ਪੂਜਾ ਕੀਤੀ ਜਾਂਦੀ ਹੈ ਪ੍ਰੰਤੂ ਮਹਾਰਾਸ਼ਟਰ ਅਤੇ ਗੋਆ ਵਰਗੇ ਸੂਬਿਆਂ ਵਿੱਚ ਇਸ ਦਾ ਵੱਖਰਾ ਮਹੱਤਵ ਹੈ। ਇੱਥੇ ਦਪਾ ਬੱਪਾ ਦੇ ਆਗਮਨ ਦੀਆਂ ਤਿਆਰੀਆਂ ਕਈ ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਹਨ। ਬੱਪਾ ਦੀਆਂ ਵੱਡੀਆਂ ਮੂਰਤੀਆਂ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਗਣੇਸ਼ ਉਤਸਵ ਦੌਰਾਨ ਇਹਨਾਂ ਮੂਰਤੀਆਂ ਨੂੰ ਦੇਖਣ ਲਈ ਦੂਰ ਦੂਰ ਤੋਂ ਲੋਕ ਆਉਂਦੇ ਹਨ। ਭਗਵਾਨ ਗਣੇਸ਼ ਦਾ ਜਨਮ ਦਿਨ ਦਸ ਦਿਨਾਂ ਦੇ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ ਜੋ ਗਣੇਸ਼ ਚਤੁਰਥੀ ਤੋਂ ਸ਼ੁਰੂ ਹੁੰਦਾ ਹੈ। ਗਣੇਸ਼ ਚਤੁਰਥੀ ਵਾਲੇ ਦਿਨ ਬੱਪਾ ਨੂੰ ਘਰ ਲਿਆਂਦਾ ਜਾਂਦਾ ਹੈ ਅਤੇ 10 ਦਿਨਾਂ ਤੱਕ ਰੀਤੀ ਰਿਵਾਜਾਂ ਨਾਲ ਉਹਨਾਂ ਦੀ ਪੂਜਾ ਕਰਨ ਤੋਂ ਬਾਅਦ ਅਨੰਤ ਚਤੁਰਦਸੀ ਵਾਲੇ ਦਿਨ ਉਸ ਦਾ ਵਿਸਰਜਨ ਕੀਤਾ ਜਾਂਦਾ ਹੈ। ਭਗਵਾਨ ਗਣੇਸ਼ ਨੂੰ ਚੰਗੀ ਕਿਸਮਤ, ਖੁਸ਼ਹਾਲੀ ਅਤੇ ਗਿਆਨ ਦਾ ਦੇਵਤਾ ਮੰਨਿਆ ਜਾਂਦਾ ਹੈ। ਅਜਿਹੇ ਵਿੱਚ ਗਣੇਸ਼ ਦੀ ਪੂਜਾ ਕਰਨ ਨਾਲ ਘਰ ਵਿੱਚ ਖੁਸ਼ਹਾਲੀ ਆਉਂਦੀ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਭਗਵਾਨ ਗਣੇਸ਼ ਉਤਸਵ ਦੇ ਦਸ ਦਿਨ ਧਰਤੀ ਤੇ ਰਹਿੰਦੇ ਹਨ ਅਤੇ ਆਪਣੇ ਭਗਤਾਂ ਦੇ ਦੁੱਖ ਦੂਰ ਕਰਦੇ ਹਨ। ਅਜਿਹੇ ਵਿੱਚ ਸ਼ਰਧਾਲੂ ਵੀ ਬੱਪਾ ਨੂੰ ਖੁਸ਼ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਇਹ ਤਿਉਹਾਰ ਮਹਾਰਾਸ਼ਟਰ ਗੋਆ ਅਤੇ ਤੇਲਗਾਨਾ ਸੂਬਿਆਂ ਵਿੱਚ ਬਹੁਤ ਮਸ਼ਹੂਰ ਹੈ। ਇਹਨਾਂ ਸੂਬਿਆਂ ਵਿੱਚ ਭਗਵਾਨ ਗਣੇਸ਼ ਦੇ ਵਿਸ਼ਾਲ ਪੰਡਾਲ ਬਣਾਏ ਜਾਂਦੇ ਹਨ। ਇਸ ਦਿਨ ਸਾਰੇ ਘਰਾਂ ਵਿੱਚ ਭਗਵਾਨ ਗਣੇਸ਼ ਦੀ ਮੂਰਤੀ ਦਾ ਸ਼ਾਨਦਾਰ ਸਵਾਗਤ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਗਣੇਸ਼ ਚਤੁਰਥੀ ਦਾ ਵਰਤ ਵੀ ਰੱਖਿਆ ਜਾਂਦਾ ਹੈ। ਇਸ ਤਰੀਕ ਦੇ ਵਰਤ ਰੱਖਣ ਨਾਲ ਸ਼ਰਧਾਲੂ ਨੂੰ ਜੀਵਨ ਵਿੱਚ ਖੁਸ਼ਹਾਲੀ ਅਤੇ ਕਈ ਲਾਭ ਪ੍ਰਾਪਤ ਹੁੰਦੇ ਹਨ। ਡਾਕਟਰ ਸ਼ਰਮਾ ਨੇ ਦੱਸਿਆ ਕਿ ਗਣੇਸ਼ ਚਤੁਰਥੀ ਨੂੰ ਭਗਵਾਨ ਗਣੇਸ਼ ਦੇ ਜਨਮ ਦਿਨ ਵਜੋਂ ਮਨਾਇਆ ਜਾਂਦਾ ਹੈ। ਮਿਥਿਹਾਸ ਅਨੁਸਾਰ ਭਗਵਾਨ ਗਣੇਸ਼ ਦਾ ਜਨਮ ਭਾਦਰਤ ਮਹੀਨੇ ਦੇ ਸ਼ੁਕਲ ਪੱਖ ਦੀ ਚਤੁਰਥੀ ਤਰੀਕ ਨੂੰ ਹੋਇਆ ਸੀ। ਗਣੇਸ਼ ਉਤਸਵ ਦੇ ਦੌਰਾਨ ਹਰ ਕੋਈ ਬੱਪਾ ਦੇ ਘਰ ਬੈਠਦਾ ਹੈ ਅਤੇ ਦਸ ਦਿਨਾਂ ਤੱਕ ਉਨਾਂ ਦੀ ਰੀਤੀ-ਰਿਵਾਜ਼ਾਂ ਨਾਲ ਪੂਜਾ ਕੀਤੀ ਜਾਂਦੀ ਹੈ।ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਭਗਵਾਨ ਗਣੇਸ਼ ਦੀ ਪੂਜਾ ਕਰਨ ਦੀ ਪਰੰਪਰਾ ਹੈ। ਭਗਵਾਨ ਗਣੇਸ਼ ਨੂੰ ਰੁਕਾਵਟਾਂ ਨੂੰ ਦੂਰ ਕਰਨ ਵਾਲਾ ਕਿਹਾ ਜਾਂਦਾ ਹੈ ਹੈ ਜੋ ਤੁਹਾਡੇ ਜੀਵਨ ਵਿੱਚ ਆਉਣ ਵਾਲੇ ਸਾਰੇ ਦੁੱਖਾਂ ਨੂੰ ਦੂਰ ਕਰਦਾ ਹੈ। ਬਹੁਤ ਸਾਰੇ ਲੋਕ ਇਹ ਜਾਨਣ ਲਈ ਉਤਸਕ ਹੋਣਗੇ ਕਿ ਭਗਵਾਨ ਗਣੇਸ਼ ਨੂੰ ਇੰਨੀ ਸ਼ਰਧਾ ਨਾਲ ਲਿਆਉਣ ਅਤੇ ਪੂਜਾ ਕਰਨ ਤੋਂ ਬਾਅਦ ਵਿਸਰਜਿਤ ਕਿਉਂਕਿ ਕੀਤਾ ਜਾਂਦਾ ਹੈ। ਧਾਰਮਿਕ ਗ੍ਰੰਥਾਂ ਅਨੁਸਾਰ ਇਸ ਦੇ ਪਿੱਛੇ ਇੱਕ ਬਹੁਤ ਹੀ ਮਹੱਤਵਪੂਰਨ ਕਹਾਣੀ ਛੁਪੀ ਹੋਈ ਹੈ। ਪੌਰਾਣਿਕ ਕਥਾ ਦੇ ਮੁਤਾਬਕ ਮਹਾਂਰਿਸ਼ੀ ਵੇਦਵਿਆਸ ਨੇ ਮਹਾਂਭਾਰਤ ਦੀ ਰਚਨਾ ਨੂੰ ਕਰਮ ਵੱਧ ਕਰਨ ਲਈ ਭਗਵਾਨ ਗਣਪਤੀ ਨੂੰ ਪ੍ਰਾਰਥਨਾ ਕੀਤੀ ਸੀ। ਗਣੇਸ਼ ਚਤੁਰਥੀ ਦੇ ਦਿਨ ਹੀ ਵਿਆਸ ਜੀ ਸਲੋਕਾਂ ਦਾ ਪਾਠ ਕਰਦੇ ਰਹੇ ਅਤੇ ਗਣੇਸ਼ ਜੀ ਲਿਖਤੀ ਰੂਪ ਵਿੱਚ ਕਰਦੇ ਰਹੇ। ਲਗਾਤਾਰ ਦਸ ਦਿਨਾਂ ਤੱਕ ਲਿਖਣ ਤੋਂ ਬਾਅਦ ਗਣੇਸ਼ ਜੀ ਨੂੰ ਮਿੱਟੀ ਦੀਆਂ ਪਰਤਾਂ ਨਾਲ ਢੱਕ ਦਿੱਤਾ ਗਿਆ। ਇਸ ਪਰਤ ਨੂੰ ਸਾਫ ਕਰਨ ਲਈ ਭਗਵਾਨ ਗਣੇਸ਼ ਨੇ ਚਤੁਰਥੀ ਦੇ ਦਸਵੇਂ ਦਿਨ ਸਰਸਵਤੀ ਨਦੀ ਵਿੱਚ ਇਸ਼ਨਾਨ ਕੀਤਾ ਸੀ, ਉਦੋਂ ਤੋਂ ਹੀ ਭਗਵਾਨ ਗਣੇਸ਼ ਨੂੰ ਰੀਤੀ-ਰਿਵਾਜ਼ਾਂ ਨਾਲ ਵਿਸਰਜਨ ਕਰਨ ਦੀ ਪਰੰਪਰਾ ਹੈ।








