ਬੰਦੀ ਸਿੰਘਾਂ ਦੀ ਰਿਹਾਈ ਤੇ ਚੜ੍ਹਦੀਕਲਾ ਲਈ ਹਰ ਪਿੰਡ/ਨਗਰ ‘ਚ ਪਾਏ ਜਾਣ ਆਖੰਡ ਪਾਠ ਸਾਹਿਬ ਦੇ ਭੋਗ-ਜਥੇ:ਬਾਬਾ ਟੇਕ ਸਿੰਘ

ਤਲਵੰਡੀ ਸਾਬੋ 26 ਅਗਸਤ ਅੰਮ੍ਰਿਤ ਮਲਕਾਣਾ
ਲੰਬੇ ਸਮੇਂ ਤੋਂ ਜੇਲ੍ਹਾਂ ’ਚ ਬੰਦ ਸਮੂਹ ਬੰਦੀ ਸਿੰਘਾਂ ਦੀ ਜ਼ਲਦ ਰਿਹਾਈ ਅਤੇ ਉਨ੍ਹਾਂ ਦੀ ਚੜ੍ਹਦੀ ਕਲਾ ਲਈ ਸਿੱਖ ਕੌਮ ਦੇ ਚੌਥੇ ਤਖ਼ਤ, ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ 27 ਅਗਸਤ ਨੂੰ ਸਸ਼੍ਰੀ ਅਖੰਡ ਪਾਠ ਸਾਹਿਬ ਅਰੰਭ ਕੀਤੇ ਜਾ ਰਹੇ ਹਨ, ਜਿਨ੍ਹਾਂ ਦੇ ਭੋਗ 29 ਅਗਸਤ ਨੂੰ ਪਾਏ ਜਾਣਗੇ।ਉਕਤ ਜਾਣਕਾਰੀ ਦਿੰਦਿਆਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਸੰਗਤ ਨੂੰ ਵੀ ਵਿਸ਼ੇਸ਼ ਅਪੀਲ ਕੀਤੀ ਕਿ ਬੰਦੀ ਸਿੰਘਾਂ ਦੀ ਰਿਹਾਈ ਅਤੇ ਚੜ੍ਹਦੀਕਲਾ ਵਾਸਤੇ ਕੇਵਲ ਤਖ਼ਤ ਸਾਹਿਬ ਵਿਖੇ ਹੀ ਨਹੀਂ, ਬਲਕਿ ਹਰ ਪਿੰਡ ਅਤੇ ਹਰ ਨਗਰ ਦੇ ਗੁਰਦੁਆਰਾ ਸਾਹਿਬਾਨ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾ ਕੇ ਸਮੂਹਿਕ ਅਰਦਾਸ ਬੇਨਤੀ ਕੀਤੀ ਜਾਵੇ।
ਸਿੰਘ ਸਾਹਿਬ ਨੇ ਆਖਿਆ ਕਿ ਸਿੱਖ ਦੀ ਅਰਦਾਸ ਵਿੱਚ ਅਥਾਹ ਸ਼ਕਤੀ ਹੈ।ਜਦੋਂ ਸਿੱਖ ਪੂਰੇ ਮਨ, ਸ਼ਰਧਾ ਅਤੇ ਨਿਮਰਤਾ ਨਾਲ ਇੱਕ-ਮਿੱਕ ਹੋ ਕੇ ਸਤਿਗੁਰੂ ਦੇ ਚਰਨਾਂ ਵਿੱਚ ਕੋਈ ਅਰਦਾਸ ਬੇਨਤੀ ਕਰਦਾ ਹੈ, ਤਾਂ ਅਕਾਲ ਪੁਰਖ ਉਸ ਨੂੰ ਜ਼ਰੂਰ ਪ੍ਰਵਾਨ ਕਰਦੇ ਹਨ।
ਉਨ੍ਹਾਂ ਨੇ ਸਮੂਹ ਧਾਰਮਿਕ ਜਥੇਬੰਦੀਆਂ, ਸਭਾ-ਸੁਸਾਇਟੀਆਂ ਅਤੇ ਨਗਰ ਨਿਵਾਸੀਆਂ ਨੂੰ ਇਕਜੁੱਟ ਹੋ ਕੇ ਇਸ ਪੰਥਕ ਕਾਰਜ ਵਿੱਚ ਆਪਣਾ ਯੋਗਦਾਨ ਪਾਉਣ ਅਤੇ ਅਰਦਾਸ ਸਮਾਗਮਾਂ ਦਾ ਆਯੋਜਨ ਕਰਨ ਦਾ ਸੱਦਾ ਦਿੱਤਾ।ਜਥੇਦਾਰ ਬਾਬਾ ਟੇਕ ਸਿੰਘ ਨੇ 29 ਅਗਸਤ ਨੂੰ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਆਖੰਡ ਪਾਠ ਸਾਹਿਬ ਦੇ ਭੋਗ ਅਤੇ ਅਰਦਾਸ ਸਮਾਗਮ ਚ ਦੇਸ਼-ਵਿਦੇਸ਼ ਦੀਆਂ ਸਮੂਹ ਗੁਰੂ-ਨਾਮ ਲੇਵਾ ਸੰਗਤਾਂ ਨੂੰ ਵਧ-ਚੜ੍ਹ ਕੇ ਹਾਜ਼ਰੀਆਂ ਭਰਨ ਦਾ ਖੁੱਲ੍ਹਾ ਸੱਦਾ ਦਿੱਤਾ ਹੈ।
30 ਅਗਸਤ ਤੋਂ ਲੱਗਣ ਵਾਲੇ ਜਿਲ੍ਹਾ ਪੱਧਰੀ ਮੋਰਚਿਆਂ ਸਬੰਧੀ ਭਾਕਿਯੂ (ਉਗਰਾਹਾਂ) ਨੇ ਪਿੰਡਾਂ ‘ਚ ਕੀਤੀਆਂ ਮੀਟਿੰਗਾਂ

ਤਲਵੰਡੀ ਸਾਬੋ 26 ਅਗਸਤ ਅੰਮ੍ਰਿਤ ਮਲਕਾਣਾ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਤਲਵੰਡੀ ਸਾਬੋ ਦੀ ਟੀਮ ਵੱਲੋਂ 30 ਅਗਸਤ ਤੋਂ ਜਿਲ੍ਹਾ ਹੈੱਡਕੁਆਟਰਾਂ ਤੇ ਲੱਗਣ ਵਾਲੇ ਮੋਰਚਿਆਂ ਦੀ ਤਿਆਰੀ ਸਬੰਧੀ ਪਿੰਡ ਲੇਲੇਵਾਲਾ,ਸ਼ੇਖਪੁਰਾ ਅਤੇ ਮਲਕਾਣਾ ਸਮੇਤ ਕਈ ਪਿੰਡਾਂ ਵਿੱਚ ਮੀਟਿੰਗਾਂ ਕਰਦਿਆਂ ਹੋਕਾ ਮਾਰਚ ਕੱਢਿਆ।ਜਥੇਬੰਦੀ ਵੱਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਿਕ ਪਿੰਡਾਂ ਦੀਆਂ ਮੀਟਿੰਗਾਂ ਚ ਭਾਕਿਯੂ ਉਗਰਾਹਾਂ ਦੇ ਜ਼ਿਲ੍ਹਾ ਆਗੂ ਜਗਦੇਵ ਸਿੰਘ ਜੋਗੇਵਾਲਾ ਨੇ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਤੇ ਅਮਰੀਕਾ ਵਿਚਾਲੇ ਕਰ ਮੁਕਤ ਵਪਾਰ ਸਮਝੌਤਾ ਨਾਲ ਭਾਰਤੀ ਖੇਤੀ ਸੈਕਟਰ ਨੂੰ ਹੋਣ ਵਾਲੇ ਨੁਕਸਾਨਾਂ ਤੋਂ ਜਾਣੂੰ ਕਰਵਾਇਆ।ਉਨਾਂ ਪੰਜਾਬ ਸਰਕਾਰ ਦੀ ਲੈਂਡ ਪਪੂਲਿੰਗ ਨੀਤੀ ਨੂੰ ਵੀ ਕਿਸਾਨ ਵਿਰੋਧੀ ਦੱਸਦਿਆਂ ਇਸ ਤੇ ਕਿਸਾਨਾਂ ਨੂੰ ਆਰ -ਪਾਰ ਦੀ ਲੜਾਈ ਲੜਨ ਲਈ ਤਿਆਰ ਰਹਿਣਾ ਦਾ ਸੱਦਾ ਦਿੱਤਾ।ਜੋਗੇਵਾਲਾ ਨੇ ਕਿਹਾ ਕਿ ਪਿਛਲੇ ਦਿਨਾਂ ‘ਚ ਜੋ ਮੌੜ ਹਲਕੇ ਦੇ ਕਈ ਪਿੰਡਾਂ ’ਚ ਡਰੋਨ ਰਾਹੀਂ ਨਾਗਪੁਰ ਦੀ ਕਿਸੇ ਕੰਪਨੀ ਵੱਲੋਂ ਸਰਵੇ ਕੀਤਾ ਗਿਆ ਹੈ ਉਸ ਦਾ ਕਿਸਾਨਾਂ ਨੇ ਡੱਟ ਕੇ ਵਿਰੋਧ ਕੀਤਾ ਹੈ ਕਿਉਂਕਿ ਸਰਕਾਰਾਂ ਸਰਮਾਏਦਾਰਾਂ ਦਾ ਪੇਟ ਪਾਲਣ ਲਈ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਵੱਲ ਲੱਗੀਆਂ ਹਹੋਈਆਂ ਹਨ ਹਨ।ਮੀਟਿੰਗ ਦੌਰਾਨ ਬਲਾਕ ਜਨਰਲ ਸਕੱਤਰ ਕਾਲਾ ਚੱਠੇਵਾਲਾ ਨੇ ਕਿਹਾ ਕਿ ਕਿਸਾਨ ਤੇ ਮਜ਼ਦੂਰਾਂ ਦੀ ਕਰਜ਼ ਮਾਫੀ,ਫਸਲਾਂ ਤੇ ਐੱਮ.ਐੱਸ.ਪੀ,ਫ਼ਸਲਾਂ ਦੇ ਮੁਆਵਜ਼ੇ,ਕਿਸਾਨ ਹਿੱਤਾਂ ਦੀ ਖੇਤੀ ਨੀਤੀ ਤੇ ਹੋਰ ਭਖ਼ਦੀਆਂ ਮੰਗਾਂ ਨੂੰ ਮੰਨਵਾਉਣ ਲਈ 30 ਅਗਸਤ ਤੋਂ ਜ਼ਿਲ੍ਹਾ ਹੈੱਡ ਕੁਆਟਰਾਂ ‘ਤੇ ਲੱਗਣ ਵਾਲੇ ਮੋਰਚਿਆਂ ਦੀ ਵਿਉਂਤਬੰਦੀ ਉਲੀਕ ਲਈ ਗਈ ਹੈ।ਉਨਾਂ ਨੇ ਪਿੰਡਾਂ ਦੀਆਂ ਇਕਾਈਆਂ ਨੂੰ ਵੱਖ-ਵੱਖ ਟੀਮਾਂ ਬਣਾਕੇ ਸਮੁੱਚੇ ਰਾਸ਼ਨ ਪਾਣੀ ਸਮੇਤ ਵੱਡੇ ਇਕੱਠ ਲੈਕੇ ਉਕਤ ਮੋਰਚੇ ਵਿੱਚ ਲਗਾਤਾਰ ਸ਼ਾਮਿਲ ਰਹਿਣ ਸਬੰਧੀ ਅਪੀਲ ਕੀਤੀ।
ਮੀਟਿੰਗਾਂ ਚ ਜਸਵੀਰ ਸਿੰਘ ਤਲਵੰਡੀ ਸਾਬੋ,ਸੰਦੀਪ ਸਿੰਘ ਬਹਿਮਣ ਕੌਰ ਸਿੰਘ ਤੇ ਅਮਨਦੀਪ ਸਿੰਘ ਮਲਕਾਣਾ ਆਦਿ ਕਿਸਾਨ ਆਗੂ ਸ਼ਾਮਿਲ ਹੋਏ।
ਸੇਂਟ ਜ਼ੇਵੀਅਰਜ਼ ਈ-ਸਕੂਲ ਸੰਗਤ ਦੀ ਜ਼ਿਲ੍ਹਾ ਪੱਧਰੀ ਖੇਡਾਂ ਸਿਲਵਰ ਤੇ ਬਰੌਂਜ਼ ਮੈਡਲ ਜਿੱਤੇ
-ਦੋ ਖਿਡਾਰਨਾਂ ਦੀ ਸਟੇਟ ਪੱਧਰ ਲਈ ਚੋਣ-


ਸੰਗਤ, ਅਗਸਤ 27 ਅਗਸਤ ਚਰਨਜੀਤ ਮਛਾਣਾ
ਸੇਂਟ ਜ਼ੇਵੀਅਰਜ਼ ਈ-ਸਕੂਲ, ਸੰਗਤ ਨੇ ਖੇਡਾਂ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਅੰਡਰ-14 ਖੋ-ਖੋ ਅਤੇ ਤਾਇਕਵਾਂਡੋ ਮੁਕਾਬਲਿਆਂ ਵਿੱਚ ਸਕੂਲ ਦੇ ਖਿਡਾਰੀਆਂ ਨੇ ਆਪਣੀ ਪ੍ਰਤਿਭਾ, ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਖੇਡ ਭਾਵਨਾ ਦਾ ਪ੍ਰਦਰਸ਼ਨ ਕਰਦਿਆਂ ਸਿਲਵਰ ਅਤੇ ਬਰੌਂਜ਼ ਮੈਡਲ ਜਿੱਤੇ।ਅੰਡਰ-14 ਖੋ-ਖੋ ਚੈਂਪੀਅਨਸ਼ਿਪ ਵਿੱਚ ਸਕੂਲ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਅਤੇ ਸਿਲਵਰ ਮੈਡਲ ਹਾਸਲ ਕੀਤਾ। ਇਸ ਦੇ ਨਾਲ ਹੀ ਸਕੂਲ ਦੀਆਂ ਖਿਡਾਰਨਾਂ ਪਰਵਿੰਦਰ ਕੌਰ ਅਤੇ ਅਰਮਨਪ੍ਰੀਤ ਕੌਰ ਦੀ ਸਟੇਟ ਪੱਧਰੀ ਮੁਕਾਬਲੇ ਲਈ ਚੋਣ ਹੋਈ ਹੈ। ਇਹ ਸਫ਼ਲਤਾ ਉਨ੍ਹਾਂ ਦੀ ਨਿਯਮਿਤ ਪ੍ਰੈਕਟਿਸ, ਸਖ਼ਤ ਮਿਹਨਤ, ਸਮਰਪਣ ਅਤੇ ਅਨੁਸ਼ਾਸਿਤ ਸਿਖਲਾਈ ਦਾ ਨਤੀਜਾ ਹੈ।ਇਸੇ ਤਰ੍ਹਾਂ ਅੰਡਰ-14 ਲੜਕਿਆਂ ਦੇ ਤਾਇਕਵਾਂਡੋ ਮੁਕਾਬਲੇ ਵਿੱਚ ਵੀ ਸਕੂਲ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅਮਨਿੰਦਰ ਸਿੰਘ ਨੇ ਸਿਲਵਰ ਮੈਡਲ, ਜਦਕਿ ਸ਼ੁਭਵੰਸ਼ ਸਿੰਘ ਨੇ ਬਰੌਂਜ਼ ਮੈਡਲ ਜਿੱਤ ਕੇ ਸਕੂਲ ਦਾ ਮਾਣ ਵਧਾਇਆ। ਦੋਵਾਂ ਖਿਡਾਰੀਆਂ ਦੀ ਇਹ ਪ੍ਰਾਪਤੀ ਉਨ੍ਹਾਂ ਦੀ ਮਿਹਨਤ, ਲਗਨ ਅਤੇ ਖੇਡ ਪ੍ਰਤੀ ਸਮਰਪਣ ਦਾ ਪ੍ਰਮਾਣ ਹੈ।
ਇਸ ਪ੍ਰਾਪਤੀ ’ਤੇ ਮਾਨਯੋਗ ਸਕੂਲ ਚੇਅਰਮੈਨ ਅਤੇ ਪ੍ਰਿੰਸੀਪਲ ਮੈਡਮ ਪ੍ਰਾਚੀ ਸ਼ਰਮਾ ਜੀ ਨੇ ਸਾਰੇ ਮੈਡਲ ਜੇਤੂ ਖਿਡਾਰੀਆਂ ਨੂੰ ਦਿਲੋਂ ਵਧਾਈ ਦਿੱਤੀ। ਉਨ੍ਹਾਂ ਨੇ ਖਿਡਾਰੀਆਂ ਦੀ ਮਿਹਨਤ, ਲਗਨ ਅਤੇ ਖੇਡ ਭਾਵਨਾ ਦੀ ਸ਼ਲਾਘਾ ਕਰਦਿਆਂ ਕੋਚਾਂ, ਅਧਿਆਪਕਾਂ ਅਤੇ ਮਾਪਿਆਂ ਦੇ ਸਹਿਯੋਗ ਦੀ ਵੀ ਪ੍ਰਸ਼ੰਸਾ ਕੀਤੀ।ਸਕੂਲ ਚੇਅਰਮੈਨ ਨੇ ਨੌਜਵਾਨ ਖਿਡਾਰੀਆਂ ਨੂੰ ਇਸੇ ਤਰ੍ਹਾਂ ਮਿਹਨਤ ਅਤੇ ਲਗਨ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਅਤੇ ਪਰਵਿੰਦਰ ਕੌਰ ਅਤੇ ਅਰਮਨਪ੍ਰੀਤ ਕੌਰ ਨੂੰ ਸਟੇਟ ਪੱਧਰੀ ਮੁਕਾਬਲੇ ਲਈ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਿੰਸੀਪਲ ਮੈਡਮ ਪ੍ਰਾਚੀ ਸ਼ਰਮਾ ਜੀ ਨੇ ਵਿਦਿਆਰਥੀਆਂ ਨੂੰ ਆਤਮ-ਵਿਸ਼ਵਾਸ, ਅਨੁਸ਼ਾਸਨ ਅਤੇ ਸਮਰਪਣ ਨਾਲ ਖੇਡਾਂ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ।ਸਕੂਲ ਵੱਲੋਂ ਖਿਡਾਰੀਆਂ ਦੀ ਇਸ ਸਫਲਤਾ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਕੋਚਾਂ, ਅਧਿਆਪਕਾਂ ਅਤੇ ਮਾਪਿਆਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ। ਸਕੂਲ ਪਰਿਵਾਰ ਨੇ ਪਰਵਿੰਦਰ ਕੌਰ ਅਤੇ ਅਰਮਨਪ੍ਰੀਤ ਕੌਰ ਨੂੰ ਸਟੇਟ ਪੱਧਰੀ ਖੋ-ਖੋ ਮੁਕਾਬਲੇ ਲਈ ਸ਼ੁਭਕਾਮਨਾਵਾਂ ਦਿੰਦਿਆਂ ਉਮੀਦ ਪ੍ਰਗਟਾਈ ਕਿ ਉਹ ਅਗਲੇ ਪੱਧਰ ’ਤੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੇਂਟ ਜ਼ੇਵੀਅਰਜ਼ ਈ-ਸਕੂਲ, ਸੰਗਤ ਦਾ ਨਾਮ ਰੌਸ਼ਨ ਕਰਨਗੀਆਂ।
ਸ਼੍ਰੀ ਦੁਰਗਾ ਮੰਦਰ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ 4 ਸਤੰਬਰ ਨੂੰ ਮਨਾਇਆ ਜਾਵੇਗਾ

ਰਾਮਾਂ ਮੰਡੀ, 26 ਅਗਸਤ ਅੰਮ੍ਰਿਤ ਮਲਕਾਣਾ
ਸ਼੍ਰੀ ਦੁਰਗਾ ਮੰਦਰ ਰਾਮਾਂ ਮੰਡੀ ਵਿਖੇ ਮੰਦਰ ਕਮੇਟੀ ਵੱਲੋਂ ਮਹਿਲਾ ਮੰਡਲ ਅਤੇ ਸ਼੍ਰੀ ਸ਼ਿਆਮ ਪਰਿਵਾਰ ਮਿੱਤਰ ਮੰਡਲ ਦੇ ਵਿਸ਼ੇਸ਼ ਸਹਿਯੋਗ ਨਾਲ਼
ਸ਼੍ਰੀ ਕ੍ਰਿਸ਼ਨਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ 4 ਸਤੰਬਰ ਨੂੰ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੰਦਰ ਕਮੇਟੀ ਦੇ ਪ੍ਰਧਾਨ ਮਦਨ ਲਾਲ ਬਾਂਸਲ ਨੇ ਦੱਸਿਆ ਕਿ ਸਮਾਗਮ ਦੌਰਾਨ ਰਾਤ ਸਮੇਂ ਮੰਦਰ ਵਿਚ ਸ਼੍ਰੀ ਕ੍ਰਿਸ਼ਨ ਲੀਲਾ ਨਾਲ ਸਬੰਧਤ ਸੁੰਦਰ ਸੁੰਦਰ ਝਾਕੀਆਂ ਜਿਹਨਾਂ ਵਿਚ ਭਗਵਾਨ ਦਾ ਵਿਸ਼ੇਸ਼ ਦਰਬਾਰ, ਸ੍ਰੀ ਕ੍ਰਿਸ਼ਨ ਲੀਲਾ ਅਤੇ ਰਾਧਾ-ਕ੍ਰਿਸ਼ਨ ਦੀਆਂ ਸਖੀਆਂ ਸ਼ਰਧਾਲੂਆਂ ਦੀ ਖਿੱਚ ਦਾ ਕੇਂਦਰ ਰਹਿਣਗੀਆਂ। ਇਸ ਤੋਂ ਇਲਾਵਾ ਕੇਕ ਵੀ ਕੱਟਿਆ ਜਾਵੇਗਾ ।









