ਮ੍ਰਿਤਕ ਦੇ ਵਾਰਿਸਾਂ ਨੇ ਪੁਲਿਸ ’ਤੇ ਅਣਗਹਿਲੀ ਵਰਤਣ ਦੇ ਲਾਏ ਕਥਿਤ ਦੋਸ਼;ਉੱਚ ਪੱਧਰੀ ਜਾਂਚ ਮੰਗੀ

ਫੋਟੋ ਕੈਪਸ਼ਨ: 1.ਡਰੇਨ ਚੋਂ ਲਾਸ਼ ਕੱਢਣ ਸਮੇਂ ਦੀ ਤਸਵੀਰ 2. ਮ੍ਰਿਤਕ ਦੀ ਫਾਈਲ ਤਸਵੀਰ 3.ਜਾਣਕਾਰੀ ਦਿੰਦੇ ਐੱਸ.ਪੀ ਮਨੋਜ ਗੋਰਸੀ।
ਤਲਵੰਡੀ ਸਾਬੋ 31 ਅਗਸਤ (ਅੰਮ੍ਰਿਤ ਮਲਕਾਣਾ) ਬਠਿੰਡਾ ਸ਼ਹਿਰ ਦੇ ਇੱਕ ਮਹੱਲੇ ‘ਚੋਂ ਕਰੀਬ 11 ਦਿਨ ਪਹਿਲਾਂ ਸ਼ੱਕੀ ਹਾਲਾਤਾਂ ’ਚ ਲਾਪਤਾ ਇੱਕ ਵਿਅਕਤੀ ਦੀ ਅੱਜ ਉੱਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਜੀਵਨ ਸਿੰਘ ਵਾਲਾ ਕੋਲ ਦੀ ਲੰਘਦੇ ਲਸਾੜਾ ਡਰੇਨ ‘ਚੋਂ ਲਾਸ਼ ਮਿਲੀ ਹੈ।ਲਾਸ਼ ਦੀ ਹਾਲਤ ਤੋਂ ਜਿੱਥੇ ਉਕਤ ਵਿਅਕਤੀ ਦਾ ਕਤਲ ਕੀਤੇ ਜਾਣ ਦਾ ਅੰਦੇਸ਼ਾ ਪ੍ਰਗਟਾਇਆ ਜਾ ਰਿਹਾ ਹੈ ਉੱਥੇ ਵਾਰਿਸਾਂ ਮੁਤਾਬਿਕ ਇਹ ਅਗਵਾ ਕਰਕੇ ਕਤਲ ਕਰਨ ਦਾ ਮਾਮਲਾ ਹੈ।ਪੁਲਿਸ ‘ਤੇ ਅਣਗਹਿਲੀ ਵਰਤਣ ਦੇ ਕਥਿਤ ਦੋਸ਼ ਲਾਉਦਿਆਂ ਉਨਾਂ ਮਾਮਲੇ ਦੀ ਉੱਚ ਪੱਧਰੀ ਜਾਂਚ ਮੰਗੀ ਹੈ।
ਮਿਲੀ ਜਾਣਕਾਰੀ ਅਨੁਸਾਰ ਅੱਜ ਤਲਵੰਡੀ ਸਾਬੋ ਪੁਲਿਸ ਨੂੰ ਜੀਵਨ ਸਿੰਘ ਵਾਲਾ ਡਰੇਨ ‘ਚ ਇੱਕ ਲਾਸ਼ ਪਏ ਹੋਣ ਦਾ ਪਤਾ ਲੱਗਾ।ਸਹਾਰਾ ਕਲੱਬ ਤਲਵੰਡੀ ਸਾਬੋ ਦੇ ਹੈਪੀ ਸਿੰਘ ਅਤੇ ਬਠਿੰਡਾ ਦੇ ਸਮਾਜ ਸੇਵੀ ਸੋਨੂੰ ਮਹੇਸ਼ਵਰੀ ਦੇ ਸਹਿਯੋਗ ਨਾਲ ਪੁਲਿਸ ਵੱਲੋਂ ਲਾਸ਼ ਨੂੰ ਬਾਹਰ ਕਢਵਾਇਆ ਗਿਆ ਜੋ ਬਹੁਤ ਬੁਰੀ ਹਾਲਤ ‘ਚ ਸੀ।ਸਮਾਜ ਸੇਵੀ ਸੋਨੂੰ ਮਹੇਸ਼ਵਰੀ ਮੁਤਾਬਿਕ ਮ੍ਰਿਤਕ ਦੇ ਪੈਰ ਰੱਸੀਆਂ ਨਾਲ ਬੰਨੇ ਹੋਏ ਸਨ।ਪਹਿਲੀ ਨਜ਼ਰੇ ਹੀ ਲਾਸ਼ ਦੇਖਣ ਤੋਂ ਮਾਮਲਾ ਕਤਲ ਦਾ ਲੱਗ ਰਿਹਾ ਸੀ।ਮਾਮਲੇ ਸਬੰਧੀ ਐੱਸ.ਪੀ (ਐੱਚ) ਬਠਿੰਡਾ ਮਨੋਜ ਗੋਰਸੀ ਨੇ ਦੱਸਿਆ ਕਿ 20 ਅਗਸਤ ਨੂੰ ਥਾਣਾ ਸਦਰ ਬਠਿੰਡਾ ਅਧੀਨ ਆਉਂਦੇ ਬਾਬਾ ਫਰੀਦ ਨਗਰ ਤੋਂ ਵਿਸ਼ਵਨਾਥ ਨਾਂ ਦੇ ਵਿਅਕਤੀ ਦੇ ਗੁੰਮ ਹੋਣ ਸਬੰਧੀ ਮਾਮਲਾ ਦਰਜ਼ ਕੀਤਾ ਗਿਆ ਸੀ ਤੇ ਅੱਜ ਉਸਦੀ ਲਾਸ਼ ਜੀਵਨ ਸਿੰਘ ਵਾਲਾ ਡਰੇਨ ‘ਚੋਂ ਮਿਲੀ ਹੈ।ਉਨਾਂ ਕਿਹਾ ਕਿ ਮ੍ਰਿਤਕ ਦੇ ਵਾਰਿਸਾਂ ਦੇ ਬਿਆਨਾਂ ਮੁਤਾਬਿਕ ਪਹਿਲਾਂ ਹੀ ਦਰਜੇ ਮਾਮਲੇ ‘ਚ ਵਾਧਾ ਜ਼ੁਰਮ ਕਰਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਉੱਧਰ ਮ੍ਰਿਤਕ ਵਿਸ਼ਵਨਾਥ ਦੇ ਪੁੱਤਰ ਸਕਸ਼ਮ ਨੇ ਗੱਲਬਾਤ ਦੌਰਾਨ ਹੈਰਾਨੀਜਨਕ ਖੁਲਾਸਾ ਕੀਤਾ ਕਿ ਉਸਦੇ ਪਿਤਾ ਨੂੰ 20 ਅਗਸਤ ਨੂੰ ਘਰੋਂ ਅਗਵਾ ਕੀਤਾ ਗਿਐ ਜਿਸਦੇ ਉਨਾਂ ਕੋਲ ਸਾਰੇ ਸਬੂਤ ਹਨ।ਪੁਲਿਸ ਨੂੰ ਅਗਵਾਕਾਰਾਂ ਦੇ ਨਾਮ ਤੱਕ ਦਿੱਤੇ ਗਏ ਪਰ ਬਾਵਜ਼ੂਦ ਇਸਦੇ ਪੁਲਿਸ ਨੇ ਅਣਗਹਿਲੀ ਵਰਤਦਿਆਂ ਉਨਾਂ ਨੂੰ ਲੱਭਣ ਲਈ ਕੋਈ ਠੋਸ ਕਾਰਵਾਈ ਨਹੀ ਕੀਤੀ ਕਿਉਂਕਿ ਮਾਮਲੇ ‘ਚ ਇੱਕ ਵੱਡੀ ਟਰਾਂਸਪੋਰਟ ਕੰਪਨੀ ਦੀ ਸ਼ਮੂਲੀਅਤ ਹੈ ਜਿਸ ਕੰਪਨੀ ਚ ਉਸਦੇ ਪਿਤਾ ਮੈਨੇਜ਼ਰ ਰਹੇ ਹਨ।ਪੀੜਿਤ ਨੇ ਕਥਿਤ ਦੋਸ਼ ਲਾਉਦਿਆਂ ਕਿਹਾ ਕਿ ਅਗਰ ਪੁਲਿਸ ਨੇ ਉਸਦੇ ਪਿਤਾ ਨੂੰ ਲੱਭਣ ‘ਚ ਗੰਭੀਰਤਾ ਦਿਖਾਈ ਹੁੰਦੀ ਤਾਂ ਸ਼ਾਇਦ ਉਹ ਬਚ ਜਾਂਦੇ।ਪਰਿਵਾਰਿਕ ਮੈਂਬਰਾਂ ਨੇ ਪੰਜਾਬ ਸਰਕਾਰ ਅਤੇ ਉੱਚ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਥਾਣਾ ਸਦਰ ਦੇ ਮੁਖੀ ਨੂੰ ਮੁਅੱਤਲ ਕਰਕੇ ਮਾਮਲੇ ਦੀ ਉੱਚ ਪੱਧਰੀ ਨਿਰਪੱਖ ਜਾਂਚ ਕਰਦਿਆਂ ਉਨ੍ਹਾਂ ਨੂੰ ਇਨਸਾਫ ਦਵਾਇਆ ਜਾਵੇ।









