
ਬਠਿੰਡਾ 10 ਸਤੰਬਰ (ਸੰਦੀਪ ਸ਼ੇਰਗਿੱਲ)
ਬੀਤੀ ਰਾਤ ਬਠਿੰਡਾ ਸ਼ਹਿਰ ਦੇ ਬੀਬੀਵਾਲਾ ਰੋਡ ‘ਤੇ ਵਾਪਰੇ ਇੱਕ ਭਿਆਨਕ ਹਾਦਸੇ ਦੇ ਵਿੱਚ ਇੱਕ ਵੈਟਰਨਰੀ ਡਾਕਟਰ ਦੀ ਮੌਤ ਹੋਣ ਅਤੇ ਤਿੰਨ ਦੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮਿਰਤਕ ਅਤੇ ਜ਼ਖ਼ਮੀ ਨੌਜਵਾਨਾਂ ਨੇ ਪਿਛਲੇ ਮਹੀਨੇ ਹੀ ਆਪਣਾ ਡਾਕਟਰੀ ਦਾ ਕੋਰਸ ਪੂਰਾ ਕੀਤਾ ਸੀ ਅਤੇ ਹੁਣ ਉਹ ਕਾਲਜ ਦੇ ਵਿੱਚ ਸਰਟੀਫਿਕੇਟ ਲੈਣ ਲਈ ਆਏ ਹੋਏ ਸਨ। ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਇਆ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਮ੍ਰਿਤਕ ਨੌਜਵਾਨ ਦੀ ਗੱਡੀ ਦੋ ਕਾਰਾਂ ਨੂੰ ਟੱਕਰ ਮਾਰਦੀ ਹੋਈ ਕਈ ਪਲਟੀਆਂ ਖਾ ਗਈ। ਮਿਰਤਕ ਨੌਜਵਾਨ ਦੀ ਪਹਿਚਾਣ ਅਨਮੋਲ ਸਿੰਘ (22 ਸਾਲ) ਵਾਸੀ ਕਾਦੀਆਂਵਾਲ ਜ਼ਿਲ੍ਹਾ ਗੁਰਦਾਸਪੁਰ ਤੌਰ ‘ਤੇ ਹੋਈ ਹੈ। ਜਦਕਿ ਜ਼ਖ਼ਮੀਆਂ ਦੇ ਨਾਮ ਕੁੰਵਰ ਸੰਗਰਾਮ ਸਿੰਘ (22 ਸਾਲ) ਵਾਸੀ ਫਤਿਹਗੜ੍ਹ ਸਾਹਿਬ, ਗਗਨਦੀਪ ਸਿੰਘ (21 ਸਾਲ) ਵਾਸੀ ਗੁਰਦਾਸਪੁਰ ਅਤੇ ਹਰਕਰਮ ਸਿੰਘ (21 ਸਾਲ) ਵਾਸੀ ਫਤਿਹਗੜ੍ਹ ਸਾਹਿਬ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਇਹਨਾਂ ਸਾਰੇ ਨੌਜਵਾਨਾਂ ਨੇ ਰਾਮਪੁਰਾ ਸਥਿਤ ਵੈਟਰਨਰੀ ਕਾਲਜ ਦੇ ਵਿੱਚੋਂ ਵੈਟਰਨਰੀ ਫਾਰਮਾਸਿਸਟ ਦਾ ਡਿਪਲੋਮਾ ਕੀਤਾ ਸੀ, ਜੋ ਕਿ ਅਗਸਤ ਮਹੀਨੇ ਵਿੱਚ ਕੰਪਲੀਟ ਹੋ ਗਿਆ ਸੀ ਅਤੇ ਹੁਣ ਇਹ ਨੌਜਵਾਨ ਆਪਣੀ ਡਿਗਰੀ ਲੈਣ ਲਈ ਕਾਲਜ ਵਿੱਚ ਆਏ ਹੋਏ ਸਨ।









