Home » ਸਿਹਤ » ਪੱਕਾ ਕਲਾਂ ’ਚ ਕੈਂਸਰ ਦਾ ਕਹਿਰ! ਇੱਕ ਹਫ਼ਤੇ ’ਚ ਦੋ ਮੌਤਾਂ; ਕਰੀਬ ਦੋ ਦਰਜਨ ਲੋਕ ਬਿਮਾਰੀ ਨਾਲ ਜੂਝ ਰਹੇ

ਪੱਕਾ ਕਲਾਂ ’ਚ ਕੈਂਸਰ ਦਾ ਕਹਿਰ! ਇੱਕ ਹਫ਼ਤੇ ’ਚ ਦੋ ਮੌਤਾਂ; ਕਰੀਬ ਦੋ ਦਰਜਨ ਲੋਕ ਬਿਮਾਰੀ ਨਾਲ ਜੂਝ ਰਹੇ

News Portal Development Companies In India

ਪਿੰਡ ਵਾਸੀਆਂ ’ਚ ਦਹਿਸ਼ਤ ਤੇ ਚਿੰਤਾ ਦਾ ਮਾਹੌਲ, ਕਿਸਾਨ ਯੂਨੀਅਨ ਨੇ ਸਰਕਾਰ ਤੋਂ ਵਿਸ਼ੇਸ਼ ਸਰਵੇ ਅਤੇ ਸਿਹਤ ਜਾਂਚ ਕੈਂਪ ਲਗਾਉਣ ਦੀ ਕੀਤੀ ਮੰਗ

ਸੰਗਤ ਮੰਡੀ, 29 ਸਤੰਬਰ (ਅਮਨ ਸਰਦਾਰਗੜ੍ਹ) ਬਠਿੰਡਾ ਜ਼ਿਲ੍ਹੇ ਦੇ ਪਿੰਡ ਪੱਕਾ ਕਲਾਂ ਵਿੱਚ ਕੈਂਸਰ ਦੀ ਬਿਮਾਰੀ ਨੇ ਲੋਕਾਂ ਦੇ ਦਿਲਾਂ ਵਿੱਚ ਡਰ ਅਤੇ ਚਿੰਤਾ ਪੈਦਾ ਕਰ ਦਿੱਤੀ ਹੈ। ਪਿਛਲੇ ਇੱਕ ਹਫ਼ਤੇ ਦੌਰਾਨ ਹੀ ਕੈਂਸਰ ਦੀ ਬਿਮਾਰੀ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਤੋਂ ਬਾਅਦ ਪਿੰਡ ਵਾਸੀ ਸਹਿਮੇ ਹੋਏ ਹਨ। ਇੱਕ ਪਾਸੇ ਘਰਾਂ ਵਿੱਚ ਬਿਮਾਰੀ ਨਾਲ ਜੂਝ ਰਹੇ ਮਰੀਜ਼ਾਂ ਦੇ ਪਰਿਵਾਰ ਇਲਾਜ਼ ਅਤੇ ਜ਼ਿੰਦਗੀ ਬਚਾਉਣ ਦੀ ਜੱਦੋ-ਜਹਿਦ ਕਰ ਰਹੇ ਹਨ, ਉਥੇ ਦੂਜੇ ਪਾਸੇ ਲਗਾਤਾਰ ਸਾਹਮਣੇ ਆ ਰਹੇ ਕੈਂਸਰ ਦੇ ਮਾਮਲਿਆਂ ਨੇ ਪਿੰਡ ਵਾਸੀਆਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ ਕਿ ਆਖ਼ਰ ਉਨ੍ਹਾਂ ਦੇ ਪਿੰਡ ਵਿੱਚ ਇਹ ਬਿਮਾਰੀ ਇੰਨੀ ਵੱਡੀ ਚਿੰਤਾ ਕਿਉਂ ਬਣ ਰਹੀ ਹੈ।ਜਾਣਕਾਰੀ ਅਨੁਸਾਰ ਪਿਛਲੇ ਇੱਕ ਹਫ਼ਤੇ ਦੌਰਾਨ ਗੁਰਮੀਤ ਕੌਰ ਪਤਨੀ ਮਿੱਠੂ ਸਿੰਘ ਅਤੇ ਜਗਰੂਪ ਸਿੰਘ ਦੀ ਕੈਂਸਰ ਦੀ ਬਿਮਾਰੀ ਕਾਰਨ ਮੌਤ ਹੋ ਗਈ। ਦੋ ਮੌਤਾਂ ਨੇ ਕਈ ਪਰਿਵਾਰਾਂ ਦੇ ਦਰਦ ਨੂੰ ਮੁੜ ਤਾਜ਼ਾ ਕਰ ਦਿੱਤਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕੈਂਸਰ ਨਾਲ ਜੂਝ ਰਹੇ ਪਰਿਵਾਰਾਂ ਲਈ ਹਰ ਦਿਨ ਕਿਸੇ ਇਮਤਿਹਾਨ ਤੋਂ ਘੱਟ ਨਹੀਂ ਹੈ। ਮਹਿੰਗਾ ਇਲਾਜ਼, ਹਸਪਤਾਲਾਂ ਦੇ ਚੱਕਰ ਅਤੇ ਮਰੀਜ਼ ਦੀ ਹਾਲਤ ਨੂੰ ਲੈ ਕੇ ਬਣੀ ਅਨਿਸ਼ਚਿਤਤਾ ਨੇ ਕਈ ਪਰਿਵਾਰਾਂ ਨੂੰ ਆਰਥਿਕ ਅਤੇ ਮਾਨਸਿਕ ਤੌਰ ’ਤੇ ਵੀ ਝੰਜੋੜ ਕੇ ਰੱਖ ਦਿੱਤਾ ਹੈ।ਪਿੰਡ ਵਾਸੀਆਂ ਅਨੁਸਾਰ ਪੱਕਾ ਕਲਾਂ ਵਿੱਚ ਕਰੀਬ ਦੋ ਦਰਜਨ ਲੋਕ ਕੈਂਸਰ ਦੀ ਬਿਮਾਰੀ ਨਾਲ ਪ੍ਰਭਾਵਿਤ ਹਨ ਜਾਂ ਇਸ ਵੇਲੇ ਇਸ ਬਿਮਾਰੀ ਨਾਲ ਜੂਝ ਰਹੇ ਹਨ। ਇਨ੍ਹਾਂ ਵਿੱਚ ਰੋਸ਼ਨੀ ਪਤਨੀ ਸੁਖਰਾਮ, ਜਸਪਾਲ ਕੌਰ ਪਤਨੀ ਤੇਜਾ ਸਿੰਘ, ਰਾਣੀ ਕੌਰ ਪਤਨੀ ਨਛੱਤਰ ਸਿੰਘ, ਮਨਦੀਪ ਕੌਰ ਪਤਨੀ ਇਕਬਾਲ ਸਿੰਘ, ਮਲਕੀਤੋ ਪਤਨੀ ਜੀਤਾ, ਕਾਲਾ ਰਾਮ, ਹਰਮੇਲ ਰਾਮ ਦਾ ਪੁੱਤਰ, ਗੋਰਾ ਸਿੰਘ ਪੁੱਤਰ ਤੇਜ਼ ਸਿੰਘ ਸਮੇਤ ਹੋਰ ਲੋਕਾਂ ਦੇ ਨਾਂ ਵੀ ਪਿੰਡ ਵਾਸੀਆਂ ਵੱਲੋਂ ਦੱਸੇ ਜਾ ਰਹੇ ਹਨ।

ਅੱਜ ਉਨ੍ਹਾਂ ਦੇ ਘਰ, ਕੱਲ੍ਹ ਸਾਡੀ ਵਾਰੀ ਨਾ ਆ ਜਾਵੇ:-

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕੈਂਸਰ ਕਾਰਨ ਹੋ ਰਹੀਆਂ ਮੌਤਾਂ ਅਤੇ ਬਿਮਾਰੀ ਨਾਲ ਲੜ ਰਹੇ ਲੋਕਾਂ ਦੀ ਗਿਣਤੀ ਨੂੰ ਦੇਖਦਿਆਂ ਹੁਣ ਇਸ ਮਾਮਲੇ ਨੂੰ ਸਿਰਫ਼ ਵਿਅਕਤੀਗਤ ਬਿਮਾਰੀ ਸਮਝ ਕੇ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਲੋਕਾਂ ਵਿੱਚ ਇਹ ਡਰ ਵੀ ਪੈਦਾ ਹੋ ਰਿਹਾ ਹੈ ਕਿ ਜੇਕਰ ਸਮੇਂ ਸਿਰ ਪੂਰੀ ਜਾਂਚ ਨਾ ਕਰਵਾਈ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਹਾਲਾਤ ਹੋਰ ਗੰਭੀਰ ਹੋ ਸਕਦੇ ਹਨ।
ਕਈ ਪਰਿਵਾਰਾਂ ਲਈ ਕੈਂਸਰ ਸਿਰਫ਼ ਇੱਕ ਮੈਡੀਕਲ ਸਮੱਸਿਆ ਨਹੀਂ ਰਹੀ, ਸਗੋਂ ਇਹ ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ ਦਾ ਦਰਦ ਬਣ ਚੁੱਕਾ ਹੈ। ਕਿਸੇ ਘਰ ਵਿੱਚ ਮਰੀਜ਼ ਇਲਾਜ ਲਈ ਹਸਪਤਾਲ ਜਾ ਰਿਹਾ ਹੈ, ਕਿਸੇ ਘਰ ਵਿੱਚ ਪਰਿਵਾਰਕ ਮੈਂਬਰ ਦਵਾਈਆਂ ਦਾ ਖਰਚਾ ਚੁੱਕਣ ਲਈ ਸੰਘਰਸ਼ ਕਰ ਰਿਹਾ ਹੈ ਅਤੇ ਕਿਸੇ ਘਰ ਵਿੱਚ ਬਿਮਾਰੀ ਕਾਰਨ ਮੌਤ ਦਾ ਦੁੱਖ ਪਹਿਲਾਂ ਹੀ ਦਸਤਕ ਦੇ ਚੁੱਕਾ ਹੈ।

ਕਿਸਾਨ ਯੂਨੀਅਨ ਨੇ ਵੀ ਵਜਾਈ ਖ਼ਤਰੇ ਦੀ ਘੰਟੀ :-

ਪਿੰਡ ਵਿੱਚ ਕੈਂਸਰ ਦੇ ਵਧ ਰਹੇ ਮਾਮਲਿਆਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਗੂ ਜਬਰਜੰਗ ਸਿੰਘ, ਕਿਸਾਨਯੂਨੀਅਨ ਬੀਕੇਯੂ ਧਨੇਰ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਕੋਟਲੀ, ਸੀਨੀਅਰ ਮੀਤ ਪ੍ਰਧਾਨ ਹਰਮੇਲ ਸਿੰਘ ਚੱਕ ਹੀਰਾ ਸਿੰਘ ਵਾਲਾ, ਸਾਬਕਾ ਸਰਪੰਚ ਬਲਕਰਨ ਸਿੰਘ ਨੇ ਕੈਂਸਰ ਦੀ ਨਾਮੁਰਾਦ ਬਿਮਾਰੀ ਤੇ ਗੰਭੀਰ ਚਿੰਤਾ ਪ੍ਰਗਟ ਕਰਦੇ ਆ ਕਿਹਾ ਕਿ ਇਸ ਦਾ ਮੁੱਖ ਕਾਰਨ ਧਰਤੀ ਹੇਠਲਾ ਨਾ ਪੀਣ ਯੋਗ ਪਾਣੀ ਅਤੇ ਨਹਿਰਾਂ ‘ਚ ਸਪਲਾਈ ਹੁੰਦਾ ਗੰਦਾ ਪਾਣੀ ਹੈ। ਉਨ੍ਹਾਂ ਕਿਹਾ ਕਿ ਇੱਕੋ ਪਿੰਡ ਵਿੱਚ ਵੱਡੀ ਗਿਣਤੀ ਲੋਕਾਂ ਦੇ ਕੈਂਸਰ ਨਾਲ ਪੀੜਤ ਹੋਣ ਦੀਆਂ ਸੂਚਨਾਵਾਂ ਸਾਹਮਣੇ ਆਉਣਾ ਗੰਭੀਰ ਮਾਮਲਾ ਹੈ। ਉਨ੍ਹਾਂ ਮੰਗ ਕੀਤੀ ਕਿ ਸਿਹਤ ਵਿਭਾਗ ਵੱਲੋਂ ਪਿੰਡ ਪੱਕਾ ਕਲਾਂ ਵਿੱਚ ਵਿਸ਼ੇਸ਼ ਸਿਹਤ ਜਾਂਚ ਕੈਂਪ ਲਗਾਇਆ ਜਾਵੇ ਅਤੇ ਘਰ-ਘਰ ਸਰਵੇ ਕਰਕੇ ਕੈਂਸਰ ਦੇ ਮਾਮਲਿਆਂ ਦਾ ਪੂਰਾ ਰਿਕਾਰਡ ਤਿਆਰ ਕੀਤਾ ਜਾਵੇ।
ਯੂਨੀਅਨ ਆਗੂਆਂ ਨੇ ਕਿਹਾ ਕਿ ਸਿਰਫ਼ ਮਰੀਜ਼ਾਂ ਦਾ ਇਲਾਜ਼ ਕਰਨਾ ਹੀ ਕਾਫ਼ੀ ਨਹੀਂ, ਸਗੋਂ ਮਾਹਿਰਾਂ ਦੀ ਮਦਦ ਨਾਲ ਬਿਮਾਰੀ ਦੇ ਸੰਭਾਵਿਤ ਕਾਰਨਾਂ ਬਾਰੇ ਵੀ ਵਿਿਗਆਨਕ ਢੰਗ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪਿੰਡ ਵਿੱਚ ਕੈਂਸਰ ਦੇ ਮਾਮਲੇ ਆਮ ਨਾਲੋਂ ਵੱਧ ਹਨ ਤਾਂ ਇਸ ਦੇ ਪਿੱਛੇ ਕਿਸੇ ਵੀ ਸੰਭਾਵਿਤ ਵਾਤਾਵਰਣਕ, ਪਾਣੀ, ਖੁਰਾਕ ਜਾਂ ਹੋਰ ਕਾਰਕ ਦੀ ਜਾਂਚ ਵਿਿਗਆਨਕ ਤਰੀਕੇ ਨਾਲ ਹੋਣੀ ਚਾਹੀਦੀ ਹੈ।

ਸਰਕਾਰ ਤੋਂ ਤੁਰੰਤ ਸਰਵੇ ਦੀ ਮੰਗ:-

ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਤੋਂ ਮੰਗ ਕੀਤੀ ਕਿ ਪੱਕਾ ਕਲਾਂ ਵਿੱਚ ਕੈਂਸਰ ਸਬੰਧੀ ਵਿਸ਼ੇਸ਼ ਸਰਵੇ ਕਰਵਾਇਆ ਜਾਵੇ। ਇਸ ਦੌਰਾਨ ਹਰ ਪਰਿਵਾਰ ਦੀ ਸਿਹਤ ਸਬੰਧੀ ਜਾਣਕਾਰੀ ਇਕੱਤਰ ਕੀਤੀ ਜਾਵੇ ਅਤੇ ਕੈਂਸਰ ਤੋਂ ਪ੍ਰਭਾਵਿਤ ਮਰੀਜ਼ਾਂ ਦਾ ਪੂਰਾ ਵੇਰਵਾ ਤਿਆਰ ਕੀਤਾ ਜਾਵੇ। ਲੋਕਾਂ ਨੇ ਇਹ ਵੀ ਮੰਗ ਕੀਤੀ ਕਿ ਲੋੜਵੰਦ ਮਰੀਜ਼ਾਂ ਨੂੰ ਸਰਕਾਰੀ ਯੋਜਨਾਵਾਂ ਤਹਿਤ ਇਲਾਜ ਅਤੇ ਆਰਥਿਕ ਸਹਾਇਤਾ ਮੁਹੱਈਆ ਕਰਵਾਈ ਜਾਵੇ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਇੱਕ ਹਫ਼ਤੇ ਵਿੱਚ ਦੋ ਘਰਾਂ ਦੇ ਚਿਰਾਗ ਕੈਂਸਰ ਕਾਰਨ ਬੁਝ ਗਏ ਹੋਣ ਅਤੇ ਕਰੀਬ ਦੋ ਦਰਜਨ ਲੋਕਾਂ ਦੇ ਇਸ ਬਿਮਾਰੀ ਨਾਲ ਜੂਝਣ ਦੀ ਗੱਲ ਸਾਹਮਣੇ ਆ ਰਹੀ ਹੋਵੇ ਤਾਂ ਇਹ ਸਿਰਫ਼ ਅੰਕੜਾ ਨਹੀਂ, ਸਗੋਂ ਦਰਜਨਾਂ ਪਰਿਵਾਰਾਂ ਦਾ ਦਰਦ ਹੈ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਅਤੇ ਸਿਹਤ ਵਿਭਾਗ ਨੂੰ ਕਾਗਜ਼ੀ ਕਾਰਵਾਈ ਦੀ ਬਜਾਏ ਪਿੰਡ ਪਹੁੰਚ ਕੇ ਲੋਕਾਂ ਦੀ ਸਿਹਤ ਦੀ ਜਾਂਚ ਕਰਨੀ ਚਾਹੀਦੀ ਹੈ ਤਾਂ ਜੋ ਬਿਮਾਰੀ ਦੀ ਅਸਲ ਸਥਿਤੀ ਸਾਹਮਣੇ ਆ ਸਕੇ ਅਤੇ ਸਮੇਂ ਸਿਰ ਲੋੜੀਂਦੇ ਕਦਮ ਚੁੱਕੇ ਜਾ ਸਕਣ।

Leave a Comment

Will the middle class get relief from the first general budget of Modi 3.0?