
ਸੰਗਤ ਮੰਡੀ, 19 ਸਤੰਬਰ (ਅਮਨ ਸਰਦਾਰਗੜ੍ਹ)ਪਿੰਡ ਪਥਰਾਲਾ ਦੀ ਸਵਰਨਕਾਰਾਂ ਵਾਲੀ ਗਲ਼ੀ ਹਾਰਗੀਰਾਂ ਲਈ ਮੁਸੀਬਤ ਦਾ ਕਾਰਨ ਬਣੀ ਹੋਈ ਹੈ। ਪਿੰਡ ਵਾਸੀ ਸਮਾਜਸੇਵੀ ਬਹਾਦਰ ਸਿੰਘ ਸੋਨੀ ਨੇ ਦੱਸਿਆ ਕਿ ਗਲ਼ੀ ਵਿੱਚ ਪਾਣੀ ਨਿਕਾਸੀ ਦੇ ਢੁਕਵੇਂ ਪ੍ਰਬੰਧ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੇ ਲਗਭਗ 70 ਫੀਸਦੀ ਹਿੱਸੇ ਦਾ ਪਾਣੀ ਗ਼ਲਤ ਤਰੀਕੇ ਨਾਲ ਇਸ ਗਲ਼ੀ ਵੱਲ ਪਾ ਦਿੱਤਾ ਗਿਆ ਹੈ ਜਿਸ ਕਾਰਨ ਗਲ਼ੀ ਵਿੱਚ ਪਾਣੀ ਖੜ੍ਹਾ ਰਹਿੰਦਾ ਹੈ ਅਤੇ ਆਮ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗਲ਼ੀ ਵਿੱਚੋਂ ਲੰਘਣਾ ਮੁਸ਼ਕਲ ਹੈ ਅਤੇ ਘਰਾਂ ਸਾਹਮਣੇ ਖੜ੍ਹਾ ਪਾਣੀ ਬਜ਼ੁਰਗਾਂ, ਬੱਚਿਆਂ ਅਤੇ ਮਹਿਲਾਵਾਂ ਲਈ ਦਿੱਕਤਾਂ ਪੈਂਦਾ ਕਰਦਾ ਹੈ ਪ੍ਰੰਤੂ ਇਸ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਹਲਕਾ ਇੰਚਾਰਜ਼, ਬੀ.ਡੀ.ਪੀ.ਓ. ਸੰਗਤ ਅਤੇ ਪੰਚਾਇਤ ਸਕੱਤਰ ਦੇ ਧਿਆਨ ਵਿੱਚ ਸਮੱਸਿਆ ਲਿਆਉਣ ਤੇ ਲਾਰਿਆਂ ਤੋਂ ਸਵਾਏ ਕੁੱਝ ਵੀ ਪੱਲੇ ਨਹੀਂ ਪਾਇਆ ਗਿਆ ਅਤੇ ਸਮੱਸਿਆ ਦਾ ਅਜੇ ਤੱਕ ਕੋਈ ਢੁੱਕਵਾਂ ਹੱਲ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਪਿੰਡ ਦੇ ਗੁਰੂ ਘਰ ਜਾਣ ਵਾਲੇ ਮੇਨ ਰਸਤੇ ਦੀ ਇਹ ਗਲ਼ੀ ਦੋ ਸਾਬਕਾ ਸਰਪੰਚਾਂ ਦੱਲਣ ਸਿੰਘ ਅਤੇ ਸੁਖਦੇਵ ਸਿੰਘ ਵਾਲੀ ਪਿੰਡ ਦੀ ਸਭ ਪੁਰਾਣੀ ਗਲੀ ਹੈ। ਸਵਰਨਕਾਰਾਂ ਵਾਲੀ ਗਲ਼ੀ ਦੇ ਵਸਨੀਕਾਂ ਨੇ ਪ੍ਰਸ਼ਾਸਨ ਅਤੇ ਪਿੰਡ ਪੰਚਾਇਤ ਤੋਂ ਮੰਗ ਕੀਤੀ ਹੈ ਕਿ ਮੌਕੇ ਦਾ ਜਾਇਜ਼ਾ ਲੈ ਕੇ ਪਾਣੀ ਦੀ ਨਿਕਾਸੀ ਦਾ ਸਥਾਈ ਹੱਲ ਕੀਤਾ ਜਾਵੇ ਅਤੇ ਗਲ਼ੀ ਵਿੱਚ ਆ ਰਹੇ ਵਾਧੂ ਪਾਣੀ ਨੂੰ ਸਹੀ ਦਿਸ਼ਾ ਵਿੱਚ ਕੱਢਣ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਸ ਸਮੱਸਿਆ ਦਾ ਹੱਲ ਜਲਦੀ ਨਾ ਕੀਤਾ ਗਿਆ ਤਾਂ ਉਹ ਇਕੱਠੇ ਹੋ ਕੇ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਣਗੇ।









