Home » ਅਪਰਾਧ » ਨਾਜਾਇਜ਼ ਮਾਈਨਿੰਗ ਕਰਦੇ ਪੋਕਲੇਨ ਮਸ਼ੀਨ ਕਾਬੂ-ਜ਼ਮੀਨ ਮਾਲਕ ਸਮੇਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਨਾਜਾਇਜ਼ ਮਾਈਨਿੰਗ ਕਰਦੇ ਪੋਕਲੇਨ ਮਸ਼ੀਨ ਕਾਬੂ-ਜ਼ਮੀਨ ਮਾਲਕ ਸਮੇਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

News Portal Development Companies In India

ਦੁਨੇਵਾਲਾ ਸੜ੍ਹਕ ’ਤੇ ਮਾਈਨਿੰਗ ਵਿਭਾਗ ਦੀ ਕਾਰਵਾਈ; ਟਰੈਕਟਰ-ਟਰਾਲੀ ਚਾਲਕ ਮੌਕੇ ‘ਤੋਂ ਫ਼ਰਾਰ-ਪੁਲਸ ਨੇ ਜਾਂਚ ਕੀਤੀ ਸ਼ੁਰੂ

ਸੰਗਤ ਮੰਡੀ, 31 ਅਗਸਤ (ਚਰਨਜੀਤ ਮਛਾਣਾ)
-ਥਾਣਾ ਸੰਗਤ ਦੀ ਪੁਲਸ ਨੇ ਪਿੰਡ ਦੁਨੇਵਾਲਾ ਵਿਖ਼ੇ ਕਥਿਤ ਤੌਰ ’ਤੇ ਨਾਜਾਇਜ਼ ਮਾਈਨਿੰਗ ਕੀਤੇ ਜਾਣ ਦੇ ਮਾਮਲੇ ‘ਚ ਇੱਕ ਪੋਕਲੇਨ ਮਸ਼ੀਨ ਕਬਜ਼ੇ ਵਿੱਚ ਲੈ ਕੇ ਅਣਪਛਾਤੇ ਜ਼ਮੀਨ ਮਾਲਕ, ਪੋਕਲੇਨ ਮਸ਼ੀਨ ਦੇ ਚਾਲਕ ਅਤੇ ਕੁੱਝ ਟਰੈਕਟਰ-ਟਰਾਲੀ ਚਾਲਕਾਂ ਖ਼ਿਲਾਫ਼ ਮਾਈਨਜ਼ ਐਂਡ ਮਿਨਰਲਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰਦਿਆਂ ਨਾਜਾਇਜ਼ ਮਾਈਨਿੰਗ ਵਿੱਚ ਸ਼ਾਮਲ ਵਿਅਕਤੀਆਂ ਦੀ ਪਛਾਣ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।
ਥਾਣਾ ਸੰਗਤ ਦੇ ਸਹਾਇਕ ਥਾਣੇਦਾਰ ਕਰਮਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮਾਈਨਿੰਗ ਅਧਿਕਾਰੀਆਂ ਐੱਸ.ਡੀ.ਓ. ਲਵ ਜਿੰਦਲ ਬਠਿੰਡਾ ਨੇ ਪੁਲਸ ਨੂੰ ਦਰਖ਼ਾਸਤ ਦਿੱਤੀ ਸੀ ਕਿ ਉਨ੍ਹਾਂ ਨੂੰ 28 ਅਗਸਤ ਦੀ ਸ਼ਾਮ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਦੁਨੇਵਾਲਾ ਤੋਂ ਭੁਖਿਆਵਾਲੀ ਨੂੰ ਜਾਂਦੀ ਸੜ੍ਹਕ ਨੇੜੇ ਇੱਕ ਥਾਂ ’ਤੇ ਪੋਕਲੇਨ ਮਸ਼ੀਨ ਦੀ ਮਦਦ ਨਾਲ ਕਥਿਤ ਤੌਰ ’ਤੇ ਮਿੱਟੀ ਦੀ ਪੁਟਾਈ ਕੀਤੀ ਜਾ ਰਹੀ ਹੈ। ਇਸ ਸਬੰਧੀ ਮਾਈਨਿੰਗ ਵਿਭਾਗ ਦੀ ਟੀਮ ਵੱਲੋਂ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਗਈ।
ਦੱਸਿਆ ਗਿਆ ਹੈ ਕਿ ਜਦੋਂ ਮਾਈਨਿੰਗ ਵਿਭਾਗ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ ਤਾਂ ਉੱਥੇ ਇੱਕ ਪੋਕਲੇਨ ਮਸ਼ੀਨ ਦੀ ਮਦਦ ਨਾਲ ਮਿੱਟੀ ਕੱਢਣ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਕੁੱਝ ਅਣਪਛਾਤੇ ਟਰੈਕਟਰ-ਟਰਾਲੀ ਚਾਲਕ ਕਥਿਤ ਤੌਰ ’ਤੇ ਪੁੱਟੀ ਗਈ ਮਿੱਟੀ ਨੂੰ ਭਰ ਕੇ ਲਿਜਾਣ ਦੀ ਤਿਆਰੀ ਵਿੱਚ ਸਨ। ਮਾਈਨਿੰਗ ਵਿਭਾਗ ਦੀ ਟੀਮ ਨੂੰ ਦੇਖਦੇ ਹੀ ਟਰੈਕਟਰ-ਟਰਾਲੀਆਂ ਦੇ ਚਾਲਕ ਕਥਿਤ ਤੌਰ ’ਤੇ ਆਪਣੇ ਵਾਹਨ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਏ।
ਇਸੇ ਦੌਰਾਨ ਪੋਕਲੇਨ ਮਸ਼ੀਨ ਦਾ ਚਾਲਕ ਵੀ ਕਾਰਵਾਈ ਦੀ ਭਿਣਕ ਪੈਂਦੇ ਹੀ ਮਸ਼ੀਨ ਨੂੰ ਨਾਲ ਲੱਗਦੇ ਇੱਕ ਪਲਾਟ ਵਿੱਚ ਖੜ੍ਹਾ ਕਰਕੇ ਮੌਕੇ ਤੋਂ ਫ਼ਰਾਰ ਹੋ ਗਿਆ। ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੇ ਮੌਕੇ ’ਤੇ ਖੜੀ ਪੋਕਲੇਨ ਮਸ਼ੀਨ ਨੂੰ ਆਪਣੇ ਕਬਜ਼ੇ ਵਿੱਚ ਲੈਣ ਲਈ ਪੁਲਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ’ਤੇ ਥਾਣਾ ਸੰਗਤ ਦੀ ਪੁਲਸ ਪਾਰਟੀ ਮੌਕੇ ’ਤੇ ਪਹੁੰਚੀ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਾਬੂ ਕੀਤੀ ਗਈ ਪੋਕਲੇਨ ਮਸ਼ੀਨ ਪੁਲਸ ਦੇ ਹਵਾਲੇ ਕਰ ਦਿੱਤੀ ਗਈ।
ਮਾਈਨਿੰਗ ਵਿਭਾਗ ਵੱਲੋਂ ਕੀਤੀ ਗਈ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਜਿਸ ਥਾਂ ’ਤੇ ਮਿੱਟੀ ਦੀ ਪੁਟਾਈ ਕੀਤੀ ਜਾ ਰਹੀ ਸੀ, ਉੱਥੇ ਮਾਈਨਿੰਗ ਕਰਨ ਲਈ ਵਿਭਾਗ ਵੱਲੋਂ ਕੋਈ ਪਰਮਿਟ ਜਾਰੀ ਨਹੀਂ ਕੀਤਾ ਗਿਆ ਸੀ। ਇਸ ਕਾਰਨ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੇ ਇਸਨੂੰ ਕਥਿਤ ਤੌਰ ’ਤੇ ਨਾਜਾਇਜ਼ ਮਾਈਨਿੰਗ ਦਾ ਮਾਮਲਾ ਮੰਨਦਿਆਂ ਪੁਲਿਸ ਨੂੰ ਕਾਨੂੰਨੀ ਕਾਰਵਾਈ ਕਰਨ ਲਈ ਦਰਖ਼ਾਸਤ ਦਿੱਤੀ।
ਮਾਈਨਿੰਗ ਅਧਿਕਾਰੀਆਂ ਐੱਸ.ਡੀ.ਓ. ਲਵ ਜਿੰਦਲ ਬਠਿੰਡਾ, ਮਾਈਨਿੰਗ ਇੰਸਪੈਕਟਰ ਭੁਪੇਸ਼ ਕੁਮਾਰ ਅਤੇ ਹਰਵਿੰਦਰ ਸਿੰਘ ਵੱਲੋਂ ਪੁਲਸ ਨੂੰ ਦਿੱਤੀ ਗਈ ਦਰਖ਼ਾਸਤ ਵਿੱਚ ਦੱਸਿਆ ਗਿਆ ਕਿ ਦੁਨੇਵਾਲਾ ਤੋਂ ਭੁਖਿਆਵਾਲੀ ਜਾਣ ਵਾਲੀ ਸੜ੍ਹਕ ’ਤੇ ਬਿਨਾਂ ਕਿਸੇ ਮਨਜ਼ੂਰੀ ਜਾਂ ਪਰਮਿਟ ਦੇ ਮਾਈਨਿੰਗ ਕੀਤੀ ਜਾ ਰਹੀ ਸੀ। ਇਸ ਮਾਮਲੇ ਵਿੱਚ ਮਾਈਨਿੰਗ ਵਿਭਾਗ ਵੱਲੋਂ ਮੌਕੇ ’ਤੇ ਪਹੁੰਚ ਕੇ ਕਾਰਵਾਈ ਕਰਦਿਆਂ ਪੋਕਲੇਨ ਮਸ਼ੀਨ ਕਬਜ਼ੇ ਵਿੱਚ ਲਈ ਗਈ।
ਦਰਖਾਸਤ ਦੇ ਆਧਾਰ ’ਤੇ ਸਹਾਇਕ ਥਾਣੇਦਾਰ ਕਰਮਜੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਤੋਂ ਮਾਮਲੇ ਸਬੰਧੀ ਜਾਣਕਾਰੀ ਹਾਸਲ ਕੀਤੀ। ਪੁਲਿਸ ਨੇ ਐੱਸ.ਡੀ.ਓ. ਲਵ ਜਿੰਦਲ ਦੇ ਬਿਆਨਾਂ ’ਤੇ ਅਣਪਛਾਤੇ ਜ਼ਮੀਨ ਮਾਲਕ, ਅਣਪਛਾਤੇ ਪੋਕਲੇਨ ਮਸ਼ੀਨ ਚਾਲਕ ਅਤੇ ਅਣਪਛਾਤੇ ਟਰੈਕਟਰ-ਟਰਾਲੀ ਚਾਲਕਾਂ ਖ਼ਿਲਾਫ਼ ਮਾਈਨਜ਼ ਐਂਡ ਮਿਨਰਲਜ਼ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।
ਅਧਿਕਾਰੀਆਂ ਅਨੁਸਾਰ ਰਾਤ ਦਾ ਹਨੇਰਾ ਹੋਣ ਕਾਰਨ ਮੌਕੇ ’ਤੇ ਕੀਤੀ ਗਈ ਪੁਟਾਈ ਦੀ ਮਾਤਰਾ, ਖੇਤਰਫਲ ਜਾਂ ਡੂੰਘਾਈ ਦਾ ਤੁਰੰਤ ਸਹੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਿਆ। ਇਸ ਸਬੰਧੀ ਅਗਲੀ ਜਾਂਚ ਦੌਰਾਨ ਮਾਈਨਿੰਗ ਵਿਭਾਗ ਵੱਲੋਂ ਮੌਕੇ ਦੀ ਪੈਮਾਇਸ਼ ਕਰਵਾਈ ਜਾ ਸਕਦੀ ਹੈ, ਜਿਸ ਤੋਂ ਬਾਅਦ ਕਥਿਤ ਤੌਰ ’ਤੇ ਕੱਢੀ ਗਈ ਮਿੱਟੀ ਦੀ ਮਾਤਰਾ ਅਤੇ ਹੋਏ ਨੁਕਸਾਨ ਸਬੰਧੀ ਹੋਰ ਤੱਥ ਸਾਹਮਣੇ ਆਉਣ ਦੀ ਸੰਭਾਵਨਾ ਹੈ।
ਪੁਲਸ ਨੇ ਹੁਣ ਮਾਮਲੇ ਦੀ ਜਾਂਚ ਤੇਜ਼ ਕਰ ਦਿੱਤੀ ਹੈ। ਜਾਂਚ ਦੌਰਾਨ ਸਭ ਤੋਂ ਪਹਿਲਾਂ ਪੋਕਲੇਨ ਮਸ਼ੀਨ ਦੇ ਮਾਲਕ ਅਤੇ ਚਾਲਕ ਦੀ ਪਛਾਣ ਕਰਨ ਦੇ ਨਾਲ-ਨਾਲ ਉਸ ਜ਼ਮੀਨ ਦੇ ਮਾਲਕ ਬਾਰੇ ਜਾਣਕਾਰੀ ਇਕੱਠੀ ਕੀਤੀ ਜਾਵੇਗੀ ਜਿੱਥੇ ਕਥਿਤ ਤੌਰ ’ਤੇ ਮਾਈਨਿੰਗ ਕੀਤੀ ਜਾ ਰਹੀ ਸੀ। ਇਸ ਤੋਂ ਇਲਾਵਾ ਮੌਕੇ ਤੋਂ ਫ਼ਰਾਰ ਹੋਏ ਟਰੈਕਟਰ-ਟਰਾਲੀ ਚਾਲਕਾਂ ਦੀ ਪਛਾਣ ਕਰਨ ਲਈ ਵੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਜਿਹੜੇ ਵੀ ਵਿਅਕਤੀ ਇਸ ਕਥਿਤ ਨਾਜਾਇਜ਼ ਮਾਈਨਿੰਗ ਵਿੱਚ ਸ਼ਾਮਲ ਪਾਏ ਜਾਣਗੇ, ਉਨ੍ਹਾਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

Leave a Comment

Will the middle class get relief from the first general budget of Modi 3.0?