“ਸੂਤਕੀ ਬੁਖਾਰ ਦੁੱਧ ਉਤਪਾਦਨ ਦੀ ਸਮਰੱਥਾ ਘਟਾਉਣ ਦੇ ਨਾਲ ਨਾਲ ਗੰਭੀਰ ਮਾਮਲਿਆਂ ਵਿੱਚ ਬਣ ਸਕਦਾ ਹੈ ਪਸ਼ੂ ਦੀ ਮੌਤ ਦਾ ਕਾਰਨ” :- ਪ੍ਰਿੰਸੀਪਲ ਡਾਕਟਰ ਬਿਮਲ ਸ਼ਰਮਾ।

ਮਿਲਕ ਫੀਵਰ ਤੋਂ ਗ੍ਰਸਤ ਗਊ ਦੀ ਫੋਟੋ
ਸੰਗਤ ਮੰਡੀ 19 ਅਗਸਤ (ਚਰਨਜੀਤ ਮਛਾਣਾ )
ਸੂਤਕੀ ਬੁਖਾਰ ਜਿਸ ਨੂੰ ਮਿਲਕ ਫੀਵਰ ਵੀ ਕਿਹਾ ਜਾਂਦਾ ਹੈ ਵੱਧ ਦੁੱਧ ਦੇਣ ਵਾਲੇ ਪਸ਼ੂਆਂ ਵਿੱਚ ਆਮ ਤੌਰ ਤੇ ਸੂਣ ਤੋਂ 24 ਤੋਂ 72 ਘੰਟਿਆਂ ਦੇ ਅੰਦਰ ਪਾਇਆ ਜਾਂਦਾ ਹੈ ਕਿਉਂਕਿ ਪਸ਼ੂ ਦੇ ਸੂਣ ਤੋਂ ਤੁਰੰਤ ਬਾਅਦ ਦੁੱਧ ਬਣਾਉਣ ਲਈ ਪਸ਼ੂ ਦੇ ਸਰੀਰ ਨੂੰ ਕਾਫੀ ਮਾਤਰਾ ਵਿੱਚ ਕੈਲਸ਼ੀਅਮ ਦੀ ਲੋੜ ਹੁੰਦੀ ਹੈ ਅਤੇ ਖੂਨ ਵਿੱਚ ਕੈਲਸ਼ੀਅਮ ਦੀ ਅਚਾਨਕ ਘਾਟ ਕਾਰਨ ਪਸ਼ੂ ਵਿੱਚ ਇਹ ਰੋਗ ਹੋ ਜਾਂਦਾ ਹੈ। ਮਿਲਕ ਫੀਵਰ ਸਬੰਧੀ ਪਸ਼ੂ ਪਾਲਕਾਂ ਨੂੰ ਜਾਗਰੂਕ ਕਰਦਿਆਂ ਪ੍ਰਿੰਸੀਪਲ ਡਾਕਟਰ ਬਿਮਲ ਸ਼ਰਮਾ ਨੇ ਦੱਸਿਆ ਕਿ ਮਿਲਕ ਫੀਵਰ ਦਾ ਮੁੱਖ ਕਾਰਨ ਪਸ਼ੂਆਂ ਦੇ ਖੂਨ ਵਿੱਚ ਕੈਲਸ਼ੀਅਮ ਦੀ ਮਾਤਰਾ ਦਾ ਘਟ ਜਾਣਾ ਹੁੰਦਾ ਹੈ। ਪਸ਼ੂ ਦੇ ਸੂਣ ਦੇ ਨੇੜੇ ਜਾਂ ਸੂਣ ਤੋਂ ਤੁਰੰਤ ਬਾਅਦ ਦੁੱਧ ਬਣਾਉਣ ਲਈ ਕੈਲਸ਼ੀਅਮ ਦੀ ਮੰਗ ਬਹੁਤ ਵੱਧ ਜਾਂਦੀ ਹੈ। ਜੇਕਰ ਪਸ਼ੂ ਦਾ ਸਰੀਰ ਹੱਡੀਆਂ ਤੋਂ ਕੈਲਸ਼ੀਅਮ ਇਕੱਠਾ ਕਰਨ ਜਾਂ ਖੁਰਾਕ ਤੋਂ ਕੈਲਸ਼ੀਅਮ ਜਜਬ ਕਰਨ ਵਿੱਚ ਅਸਮਰਥ ਹੁੰਦਾ ਹੈ ਤਾਂ ਇਸ ਦੇ ਨਤੀਜੇ ਵਜੋਂ ਕੈਲਸ਼ੀਅਮ ਦੀ ਘਾਟ ਹੋ ਜਾਂਦੀ ਹੈ ਅਤੇ ਦੁਧਾਰੂ ਪਸ਼ੂਆਂ ਵਿੱਚ ਇਹ ਰੋਗ ਹੋਣ ਦੀ ਸੰਭਾਵਨਾ ਬਹੁਤ ਵੱਧ ਜਾਂਦੀ ਹੈ। ਪਸ਼ੂ ਪਾਲਕਾਂ ਨੂੰ ਪਸ਼ੂ ਦੇ ਸੂਣ ਤੋਂ ਇੱਕ ਮਹੀਨਾ ਪਹਿਲਾਂ ਵਧੇਰੇ ਕੈਲਸ਼ੀਅਮ ਵਾਲਾ ਆਹਾਰ ਦੇਣ ਨਾਲ ਪਸ਼ੂ ਦੀ ਆਪਣੀ ਕੈਲਸ਼ੀਅਮ ਉਤਪਾਦਨ ਦੀ ਸਮਰੱਥਾ ਕਮਜ਼ੋਰ ਹੋ ਜਾਂਦੀ ਹੈ ਜਿਸ ਨਾਲ ਸੂਣ ਤੋਂ ਤੁਰੰਤ ਬਾਅਦ ਕੈਲਸ਼ੀਅਮ ਦੀ ਘਾਟ ਆ ਜਾਂਦੀ ਹੈ। ਸੂਤਕੀ ਬੁਖਾਰ ਜਿਆਦਾ ਦੁੱਧ ਦੇਣ ਵਾਲੀਆਂ ਨਸਲਾਂ ਜਿਵੇਂ ਕਿ ਐਚ.ਐਫ ਅਤੇ ਜਰਸੀ ਗਾਂ ਦੀਆਂ ਨਸਲਾਂ ਅਤੇ ਜਿਆਦਾ ਦੁੱਧ ਦੇਣ ਵਾਲੀਆਂ ਮੱਝਾਂ ਵਿੱਚ ਵਧੇਰੇ ਪਾਇਆ ਜਾਂਦਾ ਹੈ ਅਤੇ ਇਹ ਰੋਗ ਦਾ ਤੀਜੇ ਜਾਂ ਚੌਥੇ ਸੂਏ ਵਿੱਚ ਖਤਰਾ ਵਧ ਹੁੰਦਾ ਹੈ। ਕਈ ਵਾਰੀ ਕਸਰਤ ਦੀ ਘਾਟ ਅਤੇ ਸੂਣ ਦੇ ਸਮੇਂ ਦਾ ਤਣਾਅ ਵੀ ਮਿਲਕ ਫੀਵਰ ਦਾ ਕਾਰਨ ਬਣ ਸਕਦੇ ਹਨ। ਜ਼ਿਆਦਾਤਰ ਕੇਸਾਂ ਵਿੱਚ ਇਹ ਰੋਗ ਪਸ਼ੂ ਦੇ ਸੂਣ ਤੋਂ 24 ਤੋਂ 72 ਘੰਟਿਆਂ ਵਿੱਚ ਹੁੰਦਾ ਹੈ ਅਤੇ ਇਹ ਰੋਗ ਪਸ਼ੂ ਵਿੱਚ ਤਿੰਨ ਪੜਾਵਾਂ ਵਿੱਚ ਵੇਖਣ ਨੂੰ ਮਿਲਦਾ ਹੈ ਪਹਿਲਾ ਪੜਾਅ ਜਿਸ ਵਿੱਚ ਪਸ਼ੂ ਨੂੰ ਭੁੱਖ ਘੱਟ ਲੱਗਦੀ ਹੈ ਮਾਸ ਪੇਸ਼ੀਆਂ ਵਿੱਚ ਕੰਬਣੀ ਬੇਚੈਨੀ ਅਤੇ ਤਾਪਮਾਨ ਹੌਲੀ ਹੌਲੀ ਘਟਣ ਲੱਗ ਜਾਂਦਾ ਹੈ।ਦੂਸਰੇ ਪੜਾਅ ਵਿੱਚ ਪਸ਼ੂ ਖੜਾ ਨਹੀਂ ਹੋ ਸਕਦਾ ਕੰਨ ਅਤੇ ਪੈਰ ਠੰਡੇ ਹੋ ਜਾਂਦੇ ਹਨ। ਮੂੰਹ ਸੁੱਕ ਜਾਂਦਾ ਹੈ ਅਤੇ ਮਿਹਦਾ ਕੰਮ ਕਰਨਾ ਘੱਟ ਕਰ ਦਿੰਦਾ ਹੈ ਅਤੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ। ਤੀਸਰੇ ਪੜਾਅ ਵਿੱਚ ਪਸ਼ੂ ਸੱਜੇ ਪਾਸੇ ਨੂੰ ਗਰਦਨ ਮੋੜ ਕੇ ਬੈਠ ਜਾਂਦਾ ਹੈ ਜਾਂ ਆਪਣੇ ਪਾਸੇ ਸਿੱਧਾ ਲੇਟ ਜਾਂਦਾ ਹੈ ਕਈ ਵਾਰੀ ਬੇਹੋਸ਼ ਹੋ ਜਾਂਦਾ ਹੈ ਅਤੇ ਜੇਕਰ ਤੁਰੰਤ ਪਸ਼ੂ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਪਸ਼ੂ ਦੀ ਮੌਤ ਦਾ ਕਾਰਨ ਵੀ ਬਣ ਸਕਦਾ ਹੈ। ਇਸ ਰੋਗ ਕਾਰਨ ਪਸ਼ੂ ਦੀ ਦੁੱਧ ਦੀ ਪੈਦਾਵਾਰ ਘੱਟ ਜਾਂਦੀ ਹੈ, ਪਸ਼ੂ ਦੇ ਸੂਣ ਵਿੱਚ ਵੀ ਰੁਕਾਵਟ ਆ ਸਕਦੀ ਹੈ। ਇਸ ਤੋਂ ਇਲਾਵਾ ਇਸ ਰੋਗ ਕਾਰਨ ਥਨੈਲਾ ਰੋਗ ਜਿਸ ਨੂੰ ਮੈਂਸਟਾਈਟਸ ਵੀ ਕਹਿੰਦੇ ਹਨ ਅਤੇ ਬੱਚੇਦਾਨੀ ਵਿੱਚ ਬਿਮਾਰੀਆਂ ਦੀ ਸੰਭਾਵਨਾ ਵੱਧ ਜਾਂਦੀ ਹੈ ਅਤੇ ਆਉਣ ਵਾਲੇ ਸੂਏ ਵਿੱਚ ਮਿਲਕ ਫੀਵਰ ਦੇ ਦੁਆਰਾ ਹੋਣ ਦਾ ਖਤਰਾ ਵੀ ਵੱਧ ਜਾਂਦਾ ਹੈ। ਸੂਤਕੀ ਬੁਖਾਰ ਵਿੱਚ ਡਾਕਟਰ ਦੀ ਸਲਾਹ ਨਾਲ ਪਸ਼ੂ ਨੂੰ ਨਾੜ ਰਾਹੀਂ ਕੈਲਸ਼ੀਅਮ ਬੋਰੋ ਗਲੂਕੋਨੇਟ ਦੇਣਾ ਚਾਹੀਦਾ ਹੈ ਅਤੇ ਪਸ਼ੂ ਦੀ ਦਿਲ ਦੀ ਧੜਕਣ ਅਤੇ ਸਾਹ ਦੀ ਜਾਂਚ ਵੀ ਕਰਦੇ ਰਹਿਣਾ ਚਾਹੀਦਾ ਹੈ । ਇਸ ਤੋਂ ਬਾਅਦ ਪਸ਼ੂ ਨੂੰ ਮੂੰਹ ਰਾਹੀਂ ਕੈਲਸ਼ੀਅਮ ਦੇਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਇਸ ਰੋਗ ਤੋਂ ਬਚਾਅ ਲਈ ਪਸ਼ੂ ਨੂੰ ਸੂਣ ਤੋਂ ਪਹਿਲਾਂ ਘੱਟ ਕੈਲਸ਼ੀਅਮ ਵਾਲਾ ਚਾਰਾ ਦੇਣਾ ਚਾਹੀਦਾ ਹੈ ਅਤੇ ਕੈਲਸ਼ੀਅਮ ਫਾਸਫੋਰਸ ਅਤੇ ਮੈਗਨੀਸ਼ੀਅਮ ਦਾ ਸੰਤੁਲਨ ਬਣਾਈ ਰੱਖਣਾ ਚਾਹੀਦਾ ਹੈ। ਵਧੇਰੇ ਦੁੱਧ ਦੇਣ ਵਾਲੇ ਪਸ਼ੂਆਂ ਨੂੰ ਸੂਣ ਸਮੇਂ ਜਾਂ ਸੂਣ ਤੋਂ ਤੁਰੰਤ ਬਾਅਦ ਕੈਲਸ਼ੀਅਮ ਦੇਣਾ ਚਾਹੀਦਾ ਹੈ ਪਸ਼ੂਆਂ ਨੂੰ ਆਰਾਮਦਾਇਕ ਅਤੇ ਸਾਫ ਸੁਥਰੀ ਜਗ੍ਹਾ ਤੇ ਰੱਖਣਾ ਚਾਹੀਦਾ ਹੈ ਅਤੇ ਖੁਰਾਕ ਜਾਂ ਰਹਿਣ ਦੀ ਥਾਂ ਵਿੱਚ ਇਕਦਮ ਬਦਲਾਅ ਨਹੀਂ ਕਰਨਾ ਚਾਹੀਦਾ। ਇਸ ਤੋਂ ਇਲਾਵਾ ਪਸ਼ੂਆਂ ਦਾ ਹਮੇਸ਼ਾ ਰਿਕਾਰਡ ਰੱਖਣਾ ਚਾਹੀਦਾ ਹੈ ਜਿਸ ਨਾਲ ਉੱਚ ਜੋਖਮ ਵਾਲੇ ਪਸ਼ੂਆਂ ਦੀ ਸਮੇਂ ਸਿਰ ਜਾਂਚ ਕਰਕੇ ਉਹਨਾਂ ਦਾ ਇਸ ਬਿਮਾਰੀ ਤੋਂ ਬਚਾਅ ਕੀਤਾ ਜਾ ਸਕਦਾ ਹੈ। ਡਾਕਟਰ ਸ਼ਰਮਾ ਨੇ ਦੱਸਿਆ ਕਿ ਮਿਲਕ ਫੀਵਰ ਇੱਕ ਬਹੁਤ ਹੀ ਗੰਭੀਰ ਪ੍ਰੰਤੂ ਰੋਕਥਾਮ ਯੋਗ ਰੋਗ ਹੈ ਇਸ ਰੋਗ ਦੀ ਸਹੀ ਸਮੇਂ ਤੇ ਪਹਿਚਾਣ, ਚਾਰੇ ਦਾ ਸੰਤੁਲਨ ਅਤੇ ਚੰਗਾ ਪ੍ਰਬੰਧ ਪਸ਼ੂ ਪਾਲਕਾਂ ਨੂੰ ਆਪਣੇ ਪਸ਼ੂਆਂ ਨੂੰ ਇਸ ਰੋਗ ਤੋਂ ਬਚਾਉਣ ਵਿੱਚ ਕਾਫੀ ਸਹਾਇਕ ਸਿੱਧ ਹੋ ਸਕਦੇ ਹਨ। ਇਸ ਰੋਗ ਦੀ ਰੋਕਥਾਮ ਨਾ ਸਿਰਫ ਪਸ਼ੂ ਦੀ ਸਿਹਤ ਨੂੰ ਠੀਕ ਰੱਖਦੀ ਹੈ ਸਗੋਂ ਦੁੱਧ ਉਤਪਾਦਨ ਅਤੇ ਆਮਦਨ ਵਿੱਚ ਵੀ ਵਾਧਾ ਕਰਦੀ ਹੈ।









