Home » ਸਿੱਖਿਆ » ਦੀਵਾਲੀ ਤੇ ਬੰਦੀ ਛੋੜ ਦਿਵਸ: ਰੌਸ਼ਨੀ ਦੇ ਨਾਲ ਜ਼ਿੰਮੇਵਾਰੀ ਦਾ ਅਹਿਸਾਸ

ਦੀਵਾਲੀ ਤੇ ਬੰਦੀ ਛੋੜ ਦਿਵਸ: ਰੌਸ਼ਨੀ ਦੇ ਨਾਲ ਜ਼ਿੰਮੇਵਾਰੀ ਦਾ ਅਹਿਸਾਸ

News Portal Development Companies In India

ਦੀਵਾਲੀਅਤੇ ਬੰਦੀ ਛੋੜ ਦਿਵਸ ਖੁਸ਼ੀਆਂ ਸਾਂਝੀਆਂ ਕਰਨ, ਆਪਸੀ ਸਾਂਝ ਵਧਾਉਣ ਅਤੇ ਜੀਵਨ ਵਿੱਚ ਚੰਗਿਆਈ ਦੀ ਰੌਸ਼ਨੀ ਫੈਲਾਉਣ ਦਾ ਮੌਕਾ ਹਨ। ਘਰਾਂ ਦੀ ਸਫ਼ਾਈ, ਦੀਵਿਆਂ ਦੀ ਲੋਅ ਅਤੇ ਪਰਿਵਾਰਾਂ ਦਾ ਇਕੱਠ ਇਸ ਤਿਉਹਾਰ ਨੂੰ ਵਿਸ਼ੇਸ਼ ਬਣਾਉਂਦੇ ਹਨ। ਇਨ੍ਹਾਂ ਖੁਸ਼ੀਆਂ ਦੀ ਸਾਰਥਕਤਾ ਉਦੋਂ ਹੋਰ ਵਧ ਜਾਂਦੀ ਹੈ ਜਦੋਂ ਸਾਡੇ ਜਸ਼ਨ ਦੂਜਿਆਂ ਦੇ ਸੁੱਖ, ਵਾਤਾਵਰਨ ਦੀ ਸੰਭਾਲ ਅਤੇ ਪਰਿਵਾਰ ਦੀ ਆਰਥਿਕ ਸਮਰੱਥਾ ਦਾ ਧਿਆਨ ਰੱਖਦਿਆਂ ਮਨਾਏ ਜਾਣ।ਬੰਦੀ ਛੋੜ ਦਿਵਸ ਨਾਲ ਜੁੜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪ੍ਰੇਰਨਾ ਸਾਨੂੰ ਆਪਣੇ ਨਾਲ ਦੂਜਿਆਂ ਦੀ ਆਜ਼ਾਦੀ, ਸਤਿਕਾਰ ਅਤੇ ਭਲਾਈ ਲਈ ਵੀ ਸੋਚਣ ਦਾ ਰਾਹ ਦਿਖਾਉਂਦੀ ਹੈ। ਗੁਰੂ ਸਾਹਿਬ ਜੀ ਦੇ ਜੀਵਨ ਤੋਂ ਮਿਲਦੀ ਸਰਬੱਤ ਦੇ ਭਲੇ ਦੀ ਸਿੱਖਿਆ ਸਮੁੱਚੀ ਮਨੁੱਖਤਾ ਲਈ ਮਹੱਤਵ ਰੱਖਦੀ ਹੈ। ਇਸ ਭਾਵਨਾ ਨੂੰ ਅਮਲੀ ਰੂਪ ਦੇਣ ਲਈ ਸਾਨੂੰ ਆਪਣੇ ਆਲ਼ੇ-ਦੁਆਲ਼ੇ ਦੇ ਲੋੜਵੰਦਾਂ, ਦੁਖੀਆਂ ਅਤੇ ਇਕੱਲੇ ਰਹਿ ਰਹੇ ਲੋਕਾਂ ਦੀ ਸਾਰ ਲੈਣੀ ਚਾਹੀਦੀ ਹੈ। ਕਿਸੇ ਦੇ ਜੀਵਨ ਵਿੱਚ ਉਮੀਦ ਜਗਾਉਣਾ ਵੀ ਤਿਉਹਾਰ ਮਨਾਉਣ ਦਾ ਸੁੰਦਰ ਢੰਗ ਹੈ।ਦੀਵਾਲੀ ਮੌਕੇ ਪਟਾਕਿਆਂ ਦੀ ਵਰਤੋਂ ਬਾਰੇ ਵੀ ਜ਼ਿੰਮੇਵਾਰੀ ਨਾਲ ਸੋਚਣ ਦੀ ਲੋੜ ਹੈ। ਸਾਡੀ ਕੁਝ ਪਲਾਂ ਦੀ ਖੁਸ਼ੀ ਕਿਸੇ ਹੋਰ ਲਈ ਪਰੇਸ਼ਾਨੀ ਦਾ ਕਾਰਨ ਨਹੀਂ ਬਣਨੀ ਚਾਹੀਦੀ। ਬਜ਼ੁਰਗਾਂ, ਛੋਟੇ ਬੱਚਿਆਂ, ਬਿਮਾਰ ਵਿਅਕਤੀਆਂ ਅਤੇ ਪਸ਼ੂ-ਪੰਛੀਆਂ ਦੇ ਸੁੱਖ ਦਾ ਖ਼ਿਆਲ ਰੱਖਦਿਆਂ ਪਟਾਕਿਆਂ ਤੋਂ ਪਰਹੇਜ਼ ਕਰਨਾ ਚੰਗੀ ਪਹਿਲ ਹੋ ਸਕਦੀ ਹੈ। ਮਿੱਟੀ ਦੇ ਦੀਵੇ, ਸਾਦੀ ਸਜਾਵਟ, ਮਿਲ ਬੈਠ ਕੇ ਗੱਲਾਂ ਕਰਨਾ ਅਤੇ ਪਿਆਰ ਨਾਲ ਵਧਾਈਆਂ ਦੇਣਾ ਤਿਉਹਾਰ ਦੀ ਰੌਣਕ ਨੂੰ ਹੋਰ ਵਧਾ ਸਕਦੇ ਹਨ।ਵਿਿਦਆਰਥੀਆਂ ਲਈ ਇਹ ਦਿਹਾੜਾ ਆਪਣੇ ਮਾਪਿਆਂ ਦੀ ਮਿਹਨਤ ਨੂੰ ਸਮਝਣ ਦਾ ਮੌਕਾ ਵੀ ਹੈ। ਹਰ ਪਰਿਵਾਰ ਦੀ ਆਮਦਨ ਅਤੇ ਲੋੜਾਂ ਵੱਖਰੀਆਂ ਹੁੰਦੀਆਂ ਹਨ। ਕਈ ਮਾਪੇ ਬੱਚਿਆਂ ਦੀ ਪੜ੍ਹਾਈ ਅਤੇ ਘਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਆਪਣੀਆਂ ਇੱਛਾਵਾਂ ਵੀ ਪਿੱਛੇ ਰੱਖ ਦਿੰਦੇ ਹਨ। ਅਜਿਹੇ ਵਿੱਚ ਮਹਿੰਗੇ ਪਟਾਕਿਆਂ, ਕੱਪੜਿਆਂ ਜਾਂ ਤੋਹਫ਼ਿਆਂ ਲਈ ਜ਼ਿੱਦ ਕਰਨਾ ਉਨ੍ਹਾਂ ਦੀ ਚਿੰਤਾ ਵਧਾ ਸਕਦਾ ਹੈ। ਬੱਚਿਆਂ ਨੂੰ ਚਾਹੀਦਾ ਹੈ ਕਿ ਉਹ ਮਾਪਿਆਂ ਦੀ ਸਲਾਹ ਮੰਨਣ ਅਤੇ ਖਰੀਦਦਾਰੀ ਘਰ ਦੇ ਤੈਅ ਕੀਤੇ ਬਜਟ ਅਨੁਸਾਰ ਕਰਨ। ਖੁਸ਼ੀਆਂ ਦੇ ਤਿਉਹਾਰ ’ਤੇ ਬੇਲੋੜਾ ਖਰਚ ਕਰਵਾ ਕੇ ਉਨ੍ਹਾਂ ਦਾ ਮਨ ਦੁਖਾਉਣ ਦੀ ਥਾਂ ਉਨ੍ਹਾਂ ਨੂੰ ਸਹਿਯੋਗ ਅਤੇ ਸਤਿਕਾਰ ਦਾ ਤੋਹਫ਼ਾ ਦਿੱਤਾ ਜਾਵੇ।ਸਾਦਗੀ ਨਾਲ ਤਿਉਹਾਰ ਮਨਾਉਣ ਦੀ ਆਦਤ ਪੈਦਾ ਕਰਨ ਵਿੱਚ ਵੱਡਿਆਂ ਦੀ ਭੂਮਿਕਾ ਵੀ ਅਹਿਮ ਹੈ। ਬੱਚੇ ਸਾਡੇ ਵਰਤਾਓ ਤੋਂ ਸਿੱਖਦੇ ਹਨ। ਜੇ ਅਸੀਂ ਖ਼ੁਦ ਦਿਖਾਵੇ ਅਤੇ ਦੂਜਿਆਂ ਨਾਲ ਤੁਲਨਾ ਕਰਕੇ ਖਰਚ ਕਰਨ ਤੋਂ ਬਚਾਂਗੇ ਤਾਂ ਬੱਚੇ ਵੀ ਪੈਸੇ ਦੀ ਕਦਰ ਸਿੱਖਣਗੇ। ਉਨ੍ਹਾਂ ਨੂੰ ਘਰ ਦੀ ਸਜਾਵਟ, ਸਫ਼ਾਈ ਅਤੇ ਵਧਾਈ ਕਾਰਡ ਬਣਾਉਣ ਵਿੱਚ ਸ਼ਾਮਲ ਕਰਕੇ ਰਚਨਾਤਮਕਤਾ ਅਤੇ ਪਰਿਵਾਰਕ ਸਾਂਝ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ।ਤਿਉਹਾਰ ਦਾ ਕੁਝ ਹਿੱਸਾ ਸੇਵਾ ਦੇ ਨਾਂ ਵੀ ਹੋਣਾ ਚਾਹੀਦਾ ਹੈ। ਆਪਣੀ ਸਮਰੱਥਾ ਅਨੁਸਾਰ ਕਿਸੇ ਲੋੜਵੰਦ ਪਰਿਵਾਰ ਨਾਲ ਮਿਠਾਈ ਸਾਂਝੀ ਕਰਨੀ, ਕਿਸੇ ਬੱਚੇ ਨੂੰ ਕਿਤਾਬਾਂ ਦੇਣੀਆਂ ਜਾਂ ਕਿਸੇ ਬਜ਼ੁਰਗ ਕੋਲ ਬੈਠ ਕੇ ਉਸ ਦਾ ਹਾਲ ਪੁੱਛਣਾ ਛੋਟੇ ਪਰ ਅਰਥਪੂਰਨ ਉਪਰਾਲੇ ਹਨ। ਇਹ ਸਹਾਇਤਾ ਸਤਿਕਾਰ ਨਾਲ ਕੀਤੀ ਜਾਵੇ ਤਾਂ ਜੋ ਲੈਣ ਵਾਲੇ ਦੀ ਇੱਜ਼ਤ ਵੀ ਬਣੀ ਰਹੇ।ਆਓ, ਇਸ ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਘਰਾਂ ਦੇ ਨਾਲ ਆਪਣੇ ਵਿਚਾਰਾਂ ਨੂੰ ਵੀ ਰੌਸ਼ਨ ਕਰੀਏ। ਮਨ ਵਿੱਚੋਂ ਈਰਖਾ, ਗੁੱਸੇ ਅਤੇ ਹਉਮੈ ਨੂੰ ਘਟਾਉਣ ਦਾ ਯਤਨ ਕਰੀਏ। ਸਾਡੀ ਦਿਵਾਲੀ ਅਜਿਹੀ ਹੋਵੇ ਜਿਸ ਵਿੱਚ ਮਾਪਿਆਂ ਦੇ ਚਿਹਰਿਆਂ ’ਤੇ ਮੁਸਕਾਨ, ਆਪਸੀ ਰਿਸ਼ਤਿਆਂ ਵਿੱਚ ਮਿਠਾਸ ਅਤੇ ਹਰ ਜੀਵ ਲਈ ਸਤਿਕਾਰ ਹੋਵੇ। ਦੀਵਿਆਂ ਦੀ ਰੌਸ਼ਨੀ ਦੇ ਨਾਲ ਜਗਿਆ ਜ਼ਿੰਮੇਵਾਰੀ ਦਾ ਅਹਿਸਾਸ ਹੀ ਇਸ ਤਿਉਹਾਰ ਦਾ ਸਭ ਤੋਂ ਸੁੰਦਰ ਸੁਨੇਹਾ ਬਣ ਸਕਦਾ ਹੈ।

ਸਤਵੀਰ ਕੌਰ ਸਿੱਧੂ
ਕੋਆਰਡੀਨੇਟਰ
ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਜੋਗੇਵਾਲਾ (ਬਠਿੰਡਾ)

Leave a Comment

Will the middle class get relief from the first general budget of Modi 3.0?