20 ਤੋਂ 22 ਮਾਰਚ ਤੱਕ ਲੱਗਣ ਵਾਲੇ ਮੇਲੇ ਲਈ ਪ੍ਰਬੰਧ ਮੁਕੰਮਲ ਕਰਨ ਦੇ ਦਿੱਤੇ ਨਿਰਦੇਸ਼, ਲੋਕਾਂ ਲਈ ਐਂਟਰੀ ਮੁਫ਼ਤ

ਬਠਿੰਡਾ, 17 ਮਾਰਚ
ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਾਲਵਾ ਹੈਰੀਟੇਜ ਫਾਊਂਡੇਸ਼ਨ ਦੇ ਸਹਿਯੋਗ ਨਾਲ 20 ਤੋਂ 22 ਮਾਰਚ ਤੱਕ ਸਥਾਨਕ ਸ਼ਹੀਦ ਭਗਤ ਸਿੰਘ ਬਹੁਮਤਵੀ ਸ਼ਹੀਦ ਖੇਡ ਸਟੇਡੀਅਮ ਵਿਖੇ ਕਰਵਾਏ ਜਾਣ ਵਾਲੇ 19ਵੇਂ ਵਿਰਾਸਤੀ ਮੇਲੇ ਅਤੇ ਪੰਜਾਬ ‘ਸਖੀ ਸ਼ਕਤੀ’ ਮੇਲੇ ਦੀਆਂ ਤਿਆਰੀਆਂ ਦੇ ਅਗਾਊ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਇਸ ਮੌਕੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੰਦਿਆਂ ਕਿਹਾ ਕਿ ਸਾਰੇ ਪ੍ਰਬੰਧ ਨਿਧਾਰਤ ਸਮੇਂ ਅੰਦਰ ਪੂਰੇ ਕੀਤੇ ਜਾਣ ਤਾਂ ਜੋ ਆਮ ਜਨਤਾ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਜ਼ੋਰ ਦਿੱਤਾ ਕਿ ਮੇਲੇ ਦੌਰਾਨ ਸਫਾਈ, ਸੁਰੱਖਿਆ, ਟ੍ਰੈਫਿਕ ਅਤੇ ਸੁਵਿਧਾਵਾਂ ਦੇ ਖਾਸ ਪ੍ਰਬੰਧ ਕੀਤੇ ਜਾਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਤਿੰਨ ਦਿਨਾਂ ਤੱਕ ਚੱਲਣ ਵਾਲੇ ਇਸ ਮੇਲੇ ਵਿੱਚ ਰੰਗਲੇ ਪੰਜਾਬ ਦੀਆਂ ਰਿਵਾਇਤੀ ਝਲਕੀਆਂ ਪੁਰਾਤਨ ਪਹਿਰਾਵੇ, ਲੋਕ ਖੇਡਾਂ, ਰਿਵਾਇਤੀ ਖਾਣੇ, ਝੂਲੇ, ਗੀਤ-ਸੰਗੀਤ, ਪਤੰਗ ਬਾਜ਼ੀ, ਕਠਪੁਤਲੀ ਦਾ ਖੇਡ ਅਤੇ ਸੱਭਿਆਚਾਰਕ ਪ੍ਰੋਗਰਾਮ ਲੋਕਾਂ ਨੂੰ ਆਪਣੀ ਵਿਰਾਸਤ ਨਾਲ ਜੋੜਣਗੇ।
ਉਨ੍ਹਾਂ ਦੱਸਿਆ ਕਿ ਮੇਲੇ ਦਾ ਆਗਾਜ਼ 20 ਮਾਰਚ ਨੂੰ ਸ਼ਹਿਰ ਵਿਖੇ ਰਵਾਇਤੀ ਅਤੇ ਵਿਰਾਸਤੀ ਜਲੂਸ ਨਾਲ ਕੀਤਾ ਜਾਵੇਗਾ। ਇਸ ਵਿਚ ਮਾਲਵਾ ਹੈਰੀਟੇਜ ਫਾਊਂਡੇਸ਼ਨ, ਸਕੂਲਾਂ ਅਤੇ ਕਾਲਜਾਂ ਦੀਆਂ ਟੀਮਾਂ, ਯੂਥ ਕਲੱਬ ਆਦਿ ਭਾਗ ਲੈਣਗੇ। 20 ਮਾਰਚ ਨੂੰ ਕਲਾਕਾਰ ਕਰਮਜੀਤ ਅਨਮੋਲ ਅਤੇ ਬੀਨੂ ਢਿੱਲੋਂ ਦੇ ਨਾਲ ਨਾਲ ਗਾਇਕ ਮੰਡੇਰ ਬ੍ਰਦਰਜ਼ ਅਤੇ ਗੁਰਜੀਤ ਜੀਤੀ ਵੱਲੋਂ ਪੇਸ਼ਕਾਰੀਆਂ ਦਿੱਤੀਆਂ ਜਾਣਗੀਆਂ ।
21 ਮਾਰਚ ਨੂੰ ਵੱਖ ਵੱਖ ਟੀਮਾਂ ਵੱਲੋਂ ਗਿੱਧਾ, ਭੰਗੜਾ, ਲੁੱਡੀ, ਰਵਾਇਤੀ ਖੇਡਾਂ ਅਤੇ ਮਸਤਾਨੇ ਗਰੁੱਪ ਵੱਲੋਂ ਨਾਟਕ ਇਕ ਸੀ ਰੰਗ ਸਫੇਦ ਪੇਸ਼ ਕੀਤਾ ਜਾਵੇਗਾ। ਨਾਲ ਹੀ ਕਲਾਕਾਰ ਕੰਵਰ ਗਰੇਵਾਲ ਵੱਲੋਂ ਪੇਸ਼ਕਰੀ ਦਿੱਤੀ ਜਾਵੇਗੀ ।
22 ਮਾਰਚ ਨੂੰ ਵੀ ਵੱਖ ਵੱਖ ਟੀਮਾਂ ਵੱਲੋਂ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਜਾਣਗੀਆਂ । ਗਾਇਕ ਰਣਜੀਤ ਬਾਵਾ ਵੱਲੋਂ ਦਰਸ਼ਕਾਂ ਦਾ ਮਨੋਰੰਜਨ ਕੀਤਾ ਜਾਵੇਗਾ।
ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਸਿੱਧ ਪੰਜਾਬੀ ਕਲਾਕਾਰਾਂ ਦੀ ਹਾਜ਼ਰੀ ਮੇਲੇ ਦੀ ਰੌਣਕ ਵਧਾਏਗੀ। ਇਨ੍ਹਾਂ ਵਿੱਚ ਕੰਵਰ ਗਰੇਵਾਲ, ਰਣਜੀਤ ਬਾਵਾ, ਬਲਕਾਰ ਸਿੱਧੂ, ਬੀਨੂੰ ਢਿਲੋਂ, ਮੰਡੇਰ ਬ੍ਰਦਰਜ਼, ਦੇਵ ਖਰੌੜ, ਗੁਰਜੀਤ ਜੀਤੀ ਅਤੇ ਗੁਰ ਸਿੱਧੂ ਸ਼ਾਮਲ ਹਨ, ਜੋ ਦਰਸ਼ਕਾਂ ਦਾ ਮਨੋਰੰਜਨ ਕਰਨਗੇ।
ਇਸ ਦੇ ਨਾਲ ਹੀ ਕਰਵਾਏ ਜਾ ਰਹੇ ਪੰਜਾਬ ਸਖੀ ਸ਼ਕਤੀ ਮੇਲੇ-2026 ਦੌਰਾਨ ਉਦਯੋਗ ਅਤੇ ਵਣਜ ਵਿਭਾਗ ਪੰਜਾਬ (ਰੈਮਪ) ਅਤੇ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਬਠਿੰਡਾ ਦੇ ਸਹਿਯੋਗ ਨਾਲ ਜ਼ਿਲ੍ਹੇ ਦੀਆਂ ਸਵੈ-ਸਹਾਇਤਾ ਗਰੁੱਪਾਂ ਅਤੇ ਸੰਸਥਾਵਾਂ ਵੱਲੋਂ ਤਿਆਰ ਕੀਤੇ ਉਤਪਾਦਾਂ ਦੀ ਪ੍ਰਦਰਸ਼ਨੀ ਅਤੇ ਵਿਕਰੀ ਵੀ ਕੀਤੀ ਜਾਵੇਗੀ, ਜਿਸ ਨਾਲ ਮਹਿਲਾ ਸਸ਼ਕਤੀਕਰਨ ਨੂੰ ਵੱਡਾ ਬਲ ਮਿਲੇਗਾ।
ਡਿਪਟੀ ਕਮਿਸ਼ਨਰ ਨੇ ਬਠਿੰਡਾ ਵਾਸੀਆਂ ਨੂੰ ਮੇਲੇ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਦਾ ਨਿੱਘਾ ਸੱਦਾ ਦਿੰਦਿਆਂ ਕਿਹਾ ਕਿ ਮੇਲੇ ਵਿੱਚ ਦਾਖਲਾ ਪੂਰੀ ਤਰ੍ਹਾਂ ਮੁਫ਼ਤ ਰਹੇਗਾ। ਉਨ੍ਹਾਂ ਦੱਸਿਆ ਕਿ ਮੇਲੇ ਚ ਰਵਾਇਤੀ ਖੇਡਦਿਆਂ ਜਿਵੇਂ ਕਿ ਰੱਸਾ ਕੱਸੀ, ਦੰਗਲ ਆਦਿ ਵੀ ਕਰਵਾਏ ਜਾਣਗੇ ਤਾਂ ਜੋ ਲੋਕਾਂ ਨੂੰ ਪੰਜਾਬ ਦੇ ਅਮੀਰ ਵਿਰਸੇ ਤੋਂ ਜਾਣੂ ਕਰਵਾਇਆ ਜਾਵੇ ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਮੈਡਮ ਕੰਚਨ, ਉੱਪ ਮੰਡਲ ਮੈਜਿਸਟ੍ਰੇਟ ਸ੍ਰੀ ਬਲਕਰਨ ਸਿੰਘ, ਮੁੱਖ ਮੰਤਰੀ ਫੀਲਡ ਅਫਸਰ ਸ੍ਰੀ ਰਮਨਜੀਤ, ਮੈਡਮ ਹਰਸ਼ਿਤਾ ਸ਼ਰਮਾ ਆਈ ਏ ਐੱਸ (ਯੂ ਟੀ) ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫਾਊਂਡੇਸ਼ਨ ਦੇ ਪ੍ਰਧਾਨ ਹਰਵਿੰਦਰ ਸਿੰਘ ਖਾਲਸਾ, ਸ਼੍ਰੀ ਚਮਕੌਰ ਸਿੰਘ ਮਾਨ,
ਡੀ.ਐਸ.ਪੀ. ਗੁਰਪ੍ਰੀਤ ਸਿੰਘ ਸਮੇਤ ਹੋਰ ਅਧਿਕਾਰੀ ਅਤੇ ਮੈਂਬਰ ਹਾਜ਼ਰ ਸਨ।

ਮਹੀਨਿਵਾਰ ਪੰਜਾਬੀ ਅਖ਼ਬਾਰ ‘ਯੰਗ ਪੀਡੀਆ’. ਦੀ ਅਧਿਕਾਰਿਤ ਵੈੱਬਸਾਈਟ ‘ਤੇ ਤੁਹਾਡਾ ਸਵਾਗਤ ਹੈ।ਸਾਡਾ ਮਕਸਦ ਸਕਾਰਾਤਮਕ ਪੱਤਰਕਾਰੀ,ਸਾਹਿਤ,ਸਿੱਖਿਆ ,ਇਤਿਹਾਸ,ਆਦਿ ਨੂੰ ਉਤਸਾਹਿਤ ਕਰਨਾ ਅਤੇ ਤੱਥਾਂ ਅਧਾਰਿਤ ਸਹੀ ਜਾਣਕਾਰੀ ਮੁਹੱਈਆ ਕਰਵਾਉਣਾ ਹੈ ।ਤੁਸੀਂ ਆਪਣੀਆਂ ਰਚਨਾਵਾਂ (ਖੋਜ ਭਰਪੂਰ ਲੇਖ, ਕਵਿਤਾ ,ਕਹਾਣੀ ,ਮੁਲਾਕਾਤ,ਆਮ ਜਾਣਕਾਰੀ ਆਦਿ ), ਖ਼ਬਰਾਂ ਸਾਡੀ ਈ-ਮੇਲ youngpeida6@gmail.com ‘ਤੇ ਭੇਜ ਸਕਦੇ ਹੋ।ਇਸ ਦੇ ਨਾਲ਼ ਹੀ ਬਤੌਰ ਪੱਤਰਕਾਰ /ਲੇਖਕ ਸਾਡੇ ਨਾਲ਼ ਜੁੜਨ ਲਈ ਉੱਪਰ ਦਿੱਤੀ ਮੇਲ ਉੱਪਰ ਆਪਣਾ ਡਾਟਾ ਭੇਜ ਸਕਦੇ ਹੋ ਜਾਂ ਵੈੱਬਸਾਈਟ ਉੱਪਰ ਦਿੱਤੇ ਲਿੰਕ ‘ਤੇ ਜਾ ਕੇ ਸਿੱਧਾ ਵੀ ਅਪਲਾਈ ਕਰ ਸਕਦੇ ਹੋ।ਪ੍ਰਾਪਤ ਰਚਨਾਵਾਂ ਵਿੱਚੋਂ ਚੋਣਵੀਆਂ ਰਚਨਾਵਾਂ ਮਹੀਨੇਵਾਰ ਛਪਣ ਵਾਲ਼ੇ ਅੰਕ ਵਿੱਚ ਵੀ ਸ਼ਾਮਿਲ ਕੀਤੀਆਂ ਜਾਣਗੀਆਂ।ਰੋਜ਼ਾਨਾ ਅਪਡੇਟ ਲਈ ਸਾਡੇ ਵਟਸਐਪ ਚੈੱਨਲ https://whatsapp.com/channel/0029Vamm3eC0gcfEVIzBrq1J ਨਾਲ਼ ਇਸ ਲਿੰਕ ਦੇ ਜ਼ਰੀਏ ਜੁੜ ਸਕਦੇ ਹੋ ।
-ਧੰਨਵਾਦ ਸਹਿਤ-
ਸੰਪਾਦਕ







