Home » ਤਾਜ਼ਾ ਖ਼ਬਰਾਂ » ਡਿਊਟੀ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਫੌਤ ਹੋਇਆ ਪਿੰਡ ਬੰਗੀ ਰੁਲਦੂ ਦਾ 28 ਸਾਲਾ ਫੌਜੀ ਜਵਾਨ ਲਵਪ੍ਰੀਤ ਸਿੰਘ

ਡਿਊਟੀ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਫੌਤ ਹੋਇਆ ਪਿੰਡ ਬੰਗੀ ਰੁਲਦੂ ਦਾ 28 ਸਾਲਾ ਫੌਜੀ ਜਵਾਨ ਲਵਪ੍ਰੀਤ ਸਿੰਘ

News Portal Development Companies In India

ਮਾਪਿਆਂ ਦਾ ਇਕਲੌਤਾ ਪੁੱਤਰ ਸੀ ਲਵਪ੍ਰੀਤ ਸਿੰਘ-ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸਸਕਾਰ

ਤਲਵੰਡੀ ਸਾਬੋ 8 ਸਤੰਬਰ (ਅੰਮ੍ਰਿਤ ਮਲਕਾਣਾ ) ਉੱਪ-ਮੰਡਲ ਤਲਵੰਡੀ ਸਾਬੋ ਚ ਅੱਜ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਪਿੰਡ ਬੰਗੀ ਰੁਲਦੂ ਦੇ 28 ਸਾਲਾ ਫੌਜੀ ਜਵਾਨ ਲਵਪ੍ਰੀਤ ਸਿੰਘ ਦੇ ਡਿਊਟੀ ਦੌਰਾਨ ਇੱਕ ਹਾਦਸੇ ਦਾ ਸ਼ਿਕਾਰ ਹੋ ਕੇ ਫੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ।ਗਰੀਬ ਪਰਿਵਾਰ ਨਾਲ ਸਬੰਧਿਤ ਤੇ ਮਾਪਿਆਂ ਦੇ ਇਕਲੌਤੇ ਪੁੱਤਰ ਲਵਪ੍ਰੀਤ ਸਿੰਘ ਦਾ ਅੰਤਿਮ ਸਸਕਾਰ ਪਿੰਡ ਬੰਗੀ ਰੁਲਦੂ ਦੇ ਸਮਸ਼ਾਨਘਾਟ ‘ਚ ਸਰਕਾਰੀ ਸਨਮਾਨਾਂ ਨਾਲ ਕਰ ਦਿੱਤਾ ਗਿਆ ਪ੍ਰੰਤੂ ਇਸ ਮੌਕੇ ਨਾ ਤਾਂ ਪ੍ਰਸ਼ਾਸਨ ਦਾ ਕੋਈ ਉੱਚ ਅਧਿਕਾਰੀ ਤੇ ਨਾ ਹੀ ਸਰਕਾਰ ਦਾ ਕੋਈ ਨੁਮਾਇੰਦਾ ਨਜ਼ਰ ਆਇਆ।

ਮਿਲੀ ਜਾਣਕਾਰੀ ਅਨੁਸਾਰ ਪਿਤਾ ਜਸਵਿੰਦਰ ਸਿੰਘ ਅਤੇ ਮਾਤਾ ਕੁਲਵਿੰਦਰ ਕੌਰ ਦਾ ਇਕਲੌਤਾ ਪੁੱਤਰ ਲਵਪ੍ਰੀਤ ਸਿੰਘ (28) ਕਰੀਬ ਸਾਢੇ ਸੱਤ ਸਾਲ ਪਹਿਲਾਂ ਭਾਰਤੀ ਫੌਜ ਦੀ ਤੀਜੀ ਸਿੱਖ ਰੈਜੀਮੈਂਟ ‘ਚ ਭਰਤੀ ਹੋਇਆ ਸੀ।ਪਿੰਡ ਵਾਲਿਆਂ ਮੁਤਾਬਿਕ ਉਸਦੀ ਡਿਊਟੀ ਉੱਤਰ ਪ੍ਰਦੇਸ਼ ਦੀ ਕਿਸੇ ਫੌਜੀ ਛਾਉੇਣੀ ‘ਚ ਸੀ ਤੇ ਹੁਣ ਉਨਾਂ ਦੀ ਰੈਜੀਮੈਂਟ ਨੂੰ ਜੰਮੂ ਤਬਦੀਲ ਕੀਤਾ ਜਾ ਰਿਹਾ ਸੀ ਕਿ ਇਸੇ ਦੌਰਾਨ ਪਿਛਲੇ ਦਿਨੀਂ ਰੇਲ ਗੱਡੀ ਤੋਂ ਡਿੱਗਣ ਕਰਕੇ ਲਵਪ੍ਰੀਤ ਸਿੰਘ ਦੀ ਮੌਤ ਹੋ ਗਈ।ਦੱਸਣਯੋਗ ਹੈ ਕਿ ਲਵਪ੍ਰੀਤ ਸਿੰਘ ਦੇ ਪਿਤਾ ਜਸਵਿੰਦਰ ਸਿੰਘ ਨੇ ਵੀ ਕੁਝ ਸਮਾਂ ਸੀਮਾ ਸੁਰੱਖਿਆ ਬਲ (ਬੀ.ਐੱਸ.ਐਫ) ‘ਚ ਨੌਕਰੀ ਕੀਤੀ ਹੈ ਤੇ ਮੌਜੂਦਾ ਸਮੇਂ ਉਹ ਸਰਕਾਰੀ ਸਕੂਲ ‘ਚ ਸੁਰੱਖਿਆ ਸੇਵਾਦਾਰ ਵਜੋਂ ਸੇਵਾਵਾਂ ਨਿਭਾ ਰਹੇ ਹਨ ਜਦੋਂਕਿ ਪਰਿਵਾਰ ਕੋਲ ਖੇਤੀਯੋਗ ਸਿਰਫ ਇੱਕ ਏਕੜ ਜ਼ਮੀਨ ਦੱਸੀ ਜਾ ਰਹੀ ਹੈ।ਲਵਪ੍ਰੀਤ ਸਿੰਘ ਦੀ ਇੱਕ ਭੈਣ ਸੁਰਿੰਦਰ ਕੌਰ ਹੇੈ ਜੋ ਸਟੱਡੀ ਵੀਜ਼ਾ ਤੇ ਵਿਦੇਸ਼ ਗਈ ਹੋਈ ਸੀ ਤੇ ਅੱਜ ਉਹ ਅੰਤਿਮ ਸਸਕਾਰ ਮੌਕੇ ਸਵੇਰੇ ਹੀ ਵਿਦੇਸ਼ ਤੋਂ ਪਿੰਡ ਪੁੱਜੀ।
ਉੱਧਰ ਤਿਰੰਗੇ ਝੰਡੇ ਚ ਲਿਪਟੀ ਲਵਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਜਿਉਂ ਹੀ ਫੌਜੀ ਟਰੱਕ ‘ਚ ਪਿੰਡ ਬੰਗੀ ਰੁਲਦੂ ਪਹੁੰਚੀ ਤਾਂ ਲੋਕਾਂ ਨੇ ਲਵਪ੍ਰੀਤ ਸਿੰਘ ਅਮਰ ਰਹੇ ਦੇ ਨਾਅਰਿਆਂ ਨਾਲ ਵਾਤਾਵਰਨ ਗੂੰਜਾ ਦਿੱਤਾ।ਫੌਜੀ ਜਵਾਨ ਲਵਪ੍ਰੀਤ ਸਿੰਘ ਦਾ ਅੰਤਿਮ ਸਸਕਾਰ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ।ਫੌਜ ਦੀ ਟੁਕੜੀ ਨੇ ਮਾਤਮੀ ਧੁਨ ਵਜਾਉਣ ਉਪਰੰਤ ਹਥਿਆਰ ਉਲਟੇ ਕਰਕੇ ਤੇ ਹਵਾ ‘ਚ ਗੋਲੀਆਂ ਦਾਗ ਕੇ ਸ਼ਰਧਾਂਜਲੀ ਭੇਟ ਕੀਤੀ।ਪੁਲਿਸ ਵੱਲੋਂ ਥਾਣਾ ਰਾਮਾਂ ਮੰਡੀ ਮੁਖੀ ਨੇ ਮ੍ਰਿਤਕ ਦੇਹ ਤੇ ਫੁੱਲ ਮਾਲਾਵਾਂ ਭੇਟ ਕੀਤੀਆਂ।ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਤੇ ਭਾਜਪਾ ਆਗੂ ਸੁਖਵਿੰਦਰ ਸਿੰਘ ਗੁਣੀ,ਨੰਬਰਦਾਰ ਯੁੂਨੀਅਨ ਆਗੂ ਗੁਰਦੀਪ ਸਿੰਘ ਬੰਗੀ,ਪਿੰਡ ਦੀ ਪੰਚਾਇਤ ਤੇ ਵੱਡੀ ਗਿਣਤੀ ਮੁਹਤਬਰ ਸਸਕਾਰ ਮੌਕੇ ਮੌਜੂਦ ਦਿਖਾਈ ਦਿੱਤੇ।ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਉਂਕਿ ਲਵਪ੍ਰੀਤ ਸਿੰਘ ਡਿਊਟੀ ਦੌਰਾਨ ਫੌਤ ਹੋਇਐ ਇਸਲਈ ਉਸਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਤੇ ਪਿੰਡ ‘ਚ ਉਸਦੀ ਯਾਦਗਾਰ ਸਥਾਪਿਤ ਕੀਤੀ ਜਾਵੇ,ਗਰੀਬ ਪਰਿਵਾਰ ਨਾਲ ਸਬੰਧਿਤ ਲਵਪ੍ਰੀਤ ਸਿੰਘ ਦੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ,ਨਿਯਮਾਂ ਮੁਤਾਬਿਕ ਆਰਥਿਕ ਸਹਾਇਤਾ ਮੁਹੱਈਆ ਕਰਵਾਈ ਜਾਵੇ।

Leave a Comment

Will the middle class get relief from the first general budget of Modi 3.0?