-ਢਾਈ ਲੱਖ ਰੁਪਏ, ਸੋਨਾ ਤੇ ਚਾਂਦੀ ਸਮੇਤ ਨਕਦੀ ਚੋਰੀ; ਥਾਣਾ ਸੰਗਤ ਪੁਲਿਸ ਵੱਲੋਂ ਜਾਂਚ ਸ਼ੁਰੂ-

ਸੰਗਤ ਮੰਡੀ 2 ਸਤੰਬਰ (ਚਰਨਜੀਤ ਮਛਾਣਾ )
ਬਠਿੰਡਾ ਡੱਬਵਾਲੀ ਨੈਸ਼ਨਲ ਹਾਈਵੇ ‘ਤੇ ਪੈਂਦੇ ਪਿੰਡ ਗੁਰਥੜੀ ਵਿਖੇ ਲੰਘੀ ਰਾਤ ਚੋਰਾਂ ਵੱਲੋਂ ਦੋ ਘਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਨਕਦੀ, ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰੀ ਦੀਆਂ ਇਨ੍ਹਾਂ ਘਟਨਾਵਾਂ ਤੋਂ ਬਾਅਦ ਪਿੰਡ ਵਾਸੀਆਂ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ।ਪਹਿਲੀ ਚੋਰੀ ਜਸਕੀਰਤ ਸਿੰਘ ਪੁੱਤਰ ਕੁਲਦੀਪ ਸਿੰਘ ਸਖਤ ਦੇ ਘਰ ਵਿੱਚ ਹੋਈ। ਜਾਣਕਾਰੀ ਦਿੰਦਿਆਂ ਜਸਕੀਰਤ ਸਿੰਘ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਰਾਤ ਸਮੇਂ ਚੁਬਾਰੇ ਵਿੱਚ ਸੁੱਤੇ ਹੋਏ ਸਨ। ਸਵੇਰੇ ਕਰੀਬ ਸਾਢੇ ਚਾਰ ਵਜੇ ਜਦੋਂ ਉਹ ਉੱਠੇ ਤਾਂ ਘਰ ਦੇ ਕਮਰਿਆਂ ਦੀਆਂ ਲਾਈਟਾਂ ਜਗ ਰਹੀਆਂ ਸਨ ਅਤੇ ਅਲਮਾਰੀਆਂ ਵਿੱਚ ਪਿਆ ਸਾਮਾਨ ਖਿੱਲਰਿਆ ਹੋਇਆ ਸੀ। ਅਲਮਾਰੀਆਂ ਦੀ ਜਾਂਚ ਕਰਨ ’ਤੇ ਪਤਾ ਲੱਗਿਆ ਕਿ ਉਸ ਵਿੱਚ ਰੱਖੇ ਢਾਈ ਲੱਖ ਰੁਪਏ, ਡੇਢ ਤੋਲਾ ਸੋਨਾ ਅਤੇ ਕਰੀਬ 25 ਤੋਲੇ ਚਾਂਦੀ ਨੂੰ ਚੋਰ ਚੋਰੀ ਕਰਕੇ ਲੈ ਗਏ।

ਜਸਕੀਰਤ ਸਿੰਘ ਨੇ ਦੱਸਿਆ ਕਿ ਘਰ ਵਿੱਚ ਚਿਣਾਈ ਦਾ ਕੰਮ ਸ਼ੁਰੂ ਕਰਵਾਉਣਾ ਸੀ, ਜਿਸ ਕਾਰਨ ਢਾਈ ਲੱਖ ਰੁਪਏ ਅਲਮਾਰੀ ਵਿੱਚ ਰੱਖੇ ਹੋਏ ਸਨ।ਇਸ ਮੌਕੇ ਜਸਕੀਰਤ ਸਿੰਘ ਦੀ ਮਾਤਾ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਨੇ ਦੁੱਧ ਵੇਚ ਕੇ ਕੁਝ ਪੈਸੇ ਜੋੜੇ ਸਨ ਅਤੇ ਧੀ ਦੀਆਂ ਬਾਲੀਆਂ ਸਮੇਤ ਘਰ ਵਿੱਚ ਰੱਖਿਆ ਸੋਨਾ, ਚਾਂਦੀ ਅਤੇ ਨਕਦੀ ਚੋਰ ਲੈ ਗਏ। ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਤੁਰੰਤ 112 ਨੰਬਰ ’ਤੇ ਦਿੱਤੀ ਗਈ, ਜਿਸ ਤੋਂ ਬਾਅਦ ਥਾਣਾ ਸੰਗਤ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।ਇਸੇ ਰਾਤ ਦੂਜੀ ਚੋਰੀ ਸੁਖਪਾਲ ਸਿੰਘ ਪੁੱਤਰ ਮੇਜਰ ਸਿੰਘ ਦੇ ਘਰ ਵਿੱਚ ਹੋਣ ਦੀ ਜਾਣਕਾਰੀ ਮਿਲੀ ਹੈ। ਸੁਖਪਾਲ ਸਿੰਘ ਨੇ ਦੱਸਿਆ ਕਿ ਉਹ ਵੀ ਆਪਣੇ ਪਰਿਵਾਰ ਸਮੇਤ ਹਰ ਰੋਜ਼ ਦੀ ਤਰ੍ਹਾਂ ਵਿਹੜੇ ਵਿੱਚ ਸੁੱਤੇ ਹੋਏ ਸਨ। ਸਵੇਰੇ ਉੱਠ ਕੇ ਦੇਖਿਆ ਤਾਂ ਕਮਰੇ ਦੀ ਲਾਈਟ ਜਗ ਰਹੀ ਸੀ ਅਤੇ ਅਲਮਾਰੀ ਦਾ ਸਾਮਾਨ ਖਿੱਲਰਿਆ ਪਿਆ ਸੀ। ਅਲਮਾਰੀ ਦੀ ਜਾਂਚ ਕਰਨ ’ਤੇ 2 ਹਜ਼ਾਰ ਰੁਪਏ ਨਕਦ ਅਤੇ ਕਰੀਬ 7 ਤੋਲੇ ਚਾਂਦੀ ਦਾ ਕੜਾ ਗਾਇਬ ਮਿਲਿਆ। ਪਰਿਵਾਰ ਵੱਲੋਂ ਇਸ ਸਬੰਧੀ ਵੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।ਇੱਕੋ ਰਾਤ ਦੋ ਘਰਾਂ ਵਿੱਚ ਹੋਈਆਂ ਚੋਰੀਆਂ ਕਾਰਨ ਪਿੰਡ ਵਾਸੀਆਂ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਹੈ। ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਲਾਕੇ ਵਿੱਚ ਰਾਤ ਸਮੇਂ ਗਸ਼ਤ ਵਧਾਉਣ ਅਤੇ ਚੋਰਾਂ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ ਹੈ।
ਕੀ ਕਹਿੰਦੇ ਹਨ ਥਾਣਾ ਸੰਗਤ ਦੇ ਐਸ ਐਚ ਓ ਹਰਬੰਸ ਸਿੰਘ?
ਜਦ ਇਸ ਮੌਕੇ ਤੇ ਥਾਣਾ ਸੰਗਤ ਦੇ ਐਸ ਐਚ ਓ ਹਰਬੰਸ ਸਿੰਘ ਨਾਲ਼ ਗਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਜਸਕੀਰਤ ਸਿੰਘ ਪੁੱਤਰ ਕੁਲਦੀਪ ਸਿੰਘ ਸਖ਼ਤ ਦੇ ਬਿਆਨਾ ‘ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਭਾਲ ਜਾਰੀ ਹੈ ਜਲਦੀ ਹੀ ਚੋਰਾ ਨੂੰ ਕਾਬੂ ਕੀਤਾ ਜਾਵੇਗਾ।









