
ਤਲਵੰਡੀ ਸਾਬੋ 31 ਅਕਤੂਬਰ (ਅੰਮ੍ਰਿਤ ਮਲਕਾਣਾ ) ਆਮ ਆਦਮੀ ਪਾਰਟੀ ਵੱਲੋਂ ਅੱਜ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਜਾਰੀ ਕੀਤੀ ਪਹਿਲੀ ਸੂਚੀ ਮੁਤਾਬਿਕ ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕਾ ਬੀਬਾ ਬਲਜਿੰਦਰ ਕੌਰ ਨੂੰ ਫਿਰ ਤੋਂ ਪਾਰਟੀ ਵੱਲੋਂ ਹਲਕਾ ਤਲਵੰਡੀ ਸਾਬੋ ਤੋਂ ਉਮੀਦਵਾਰ ਬਣਾਏ ਜਾਣ ‘ਤੇ ਸਮੁੱਚੇ ਹਲਕੇ ਦੀਆਂ ‘ਆਪ’ ਸਫਾਂ ‘ਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ।ਇਸੇ ਦੌਰਾਨ ਮਾਰਕਿਟ ਕਮੇਟੀ ਰਾਮਾਂ ਮੰਡੀ ਦੇ ਚੇਅਰਪਰਸਨ ਗੁਰਪ੍ਰੀਤ ਕੌਰ ਸਮੇਤ ਮਹਿਲਾ ਵਿੰਗ ਦੀਆਂ ਆਗੂਆਂ ਨੇ ਵਿਧਾਇਕਾ ਬਲਜਿੰਦਰ ਕੌਰ ਦੀ ਰਿਹਾਇਸ਼ ਵਿਖੇ ਪਹੁੰਚ ਕੇ ਮਿਠਾਈ ਵੰਡ ਕੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਵਧਾਈ ਦਿੱਤੀ।
ਗੱਲਬਾਤ ਕਰਦਿਆਂ ਚੇਅਰਪਰਸਨ ਗੁਰਪ੍ਰੀਤ ਕੌਰ ਨੇ ਕਿਹਾ ਕਿ ਪਾਰਟੀ ਆਲਾਕਮਾਨ ਨੇ ਨਾ ਕੇਵਲ ਪਾਰਟੀ ਵਰਕਰਾਂ ਦੀ ਬਲਕਿ ਤਲਵੰਡੀ ਸਾਬੋ ਦੇ ਲੋਕਾਂ ਦੀ ਨਬਜ਼ ਪਛਾਣਦਿਆਂ ਵਿਧਾਇਕਾ ਬਲਜਿੰਦਰ ਕੌਰ ਨੂੰ ਫਿਰ ਤੋਂ ਟਿਕਟ ਦੇ ਕੇ ਨਵਾਜਿਆ ਹੈ।ਉਨਾਂ ਮੁਤਾਬਿਕ ਪਿਛਲੇ ਕਰੀਬ 10 ਸਾਲ੍ਹਾਂ ਤੋਂ ਵਿਧਾਇਕ ਬਣਕੇ ਬੀਬਾ ਬਲਜਿੰਦਰ ਕੌਰ ਨੇ ਹਲਕਾ ਤਲਵੰਡੀ ਸਾਬੋ ‘ਚ ਸਿਆਸਤ ਨਹੀ ਕੀਤੀ ਸਗੋਂ ਹਲਕੇ ਨੂੰ ਆਪਣਾ ਪਰਿਵਾਰ ਸਮਝ ਕੇ ਸੇਵਾ ਕੀਤੀ ਹੈ ਤੇ ਇਸ ਕਰਕੇ ਲੋਕ ਉਨ੍ਹਾਂ ਨੂੰ ਤੀਜੀ ਵਾਰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਾਉਣ ਲਈ ਤਿਆਰੀ ਕਰੀ ਬੈਠੇ ਹਨ।ਉਨਾਂ ਨੇ ਬਲਜਿੰਦਰ ਕੌਰ ਨੂੰ ਟਿਕਟ ਦੇਣ ‘ਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਆਲਾਕਮਾਨ ਦਾ ਧੰਨਵਾਦ ਕੀਤਾ ਹੈ।ਇਸ ਮੌਕੇ ਉਨਾਂ ਨਾਲ ਪਰਮਪ੍ਰੀਤ ਕੌਰ ਕੌਂਸਲਰ ਰਾਮਾਂ ਮੰਡੀ ਤੇ ਹੋਰ ਮਹਿਲਾ ਆਗੂ ਮੌਜੂਦ ਸਨ।









