“ਬੱਚਿਆਂ ਨੂੰ ਅਕਾਦਮਿਕ ਵਿੱਦਿਆ ਦੇ ਨਾਲ਼-ਨਾਲ਼ ਧਾਰਮਿਕ ਵਿੱਦਿਆ ਨਾਲ਼ ਜੋੜਨਾ ਜ਼ਰੂਰੀ” :-ਜਥੇ:ਬਾਬਾ ਟੇਕ ਸਿੰਘ

ਪ੍ਰਦਰਸ਼ਨੀ ਦੌਰਾਨ ਨਜ਼ਰ ਆ ਰਹੇ ਜਥੇਦਾਰ ਬਾਬਾ ਟੇਕ ਸਿੰਘ ਤੇ ਹੋਰ ਸ਼ਖ਼ਸੀਅਤਾਂ
ਤਲਵੰਡੀ ਸਾਬੋ 30 ਅਗਸਤ (ਅੰਮ੍ਰਿਤ ਮਲਕਾਣਾ) ਸਿੱਖ ਕੌਮ ਦੇ ਚੌਥੇ ਤਖ਼ਤ,ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਮੌਕੇ ਜਿੱਥੇ ਮਹਾਨ ਗੁਰਮਤਿ ਸਮਾਗਮ ਕਰਵਾਏ ਗਏ, ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ‘ਡਾਇਰੈਕਟੋਰੇਟ ਆਫ਼ ਐਜੂਕੇਸ਼ਨ’ ਦੇ ਪ੍ਰਬੰਧ ਅਧੀਨ ਚੱਲ ਰਹੇ ਸਕੂਲਾਂ ਵਿੱਚੋਂ ਲਗਭਗ 30 ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਇੱਕ ਵਿਸ਼ੇਸ਼ ਧਾਰਮਿਕ ਤੇ ਇਤਿਹਾਸਕ ਪ੍ਰਦਰਸ਼ਨੀ ਲਗਾਈ ਗਈ।
ਪ੍ਰਦਰਸ਼ਨੀ ਦੌਰਾਨ ਬੱਚਿਆਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਗੁਰੂ ਸਾਹਿਬਾਨ ਦੇ ਲਾਸਾਨੀ ਇਤਿਹਾਸ ਨਾਲ ਸਬੰਧਤ ਤਿਆਰ ਕੀਤੇ ਗਏ ਮਾਡਲ ਸੰਗਤ ਦੀ ਖਿੱਚ ਦਾ ਕੇਂਦਰ ਬਣੇ ਰਹੇ।ਪ੍ਰਦਰਸ਼ਨੀ ਦੌਰਾਨ ਵੱਖ-ਵੱਖ ਸਕੁਲਾਂ ਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਮਾਡਲਾਂ ਨੂੰ ਦੇਖਦਿਆਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਵਿਦਿਆਰਥੀਆਂ ਅਤੇ ਸਕੂਲਾਂ ਦੇ ਪ੍ਰਬੰਧਕਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ ਦੀ ਇਹ ਵੱਡੀ ਖ਼ਾਸੀਅਤ ਹੈ ਕਿ ਇਹ ਅਕਾਦਮਿਕ ਸਿੱਖਿਆ ਦੇ ਨਾਲ਼-ਨਾਲ਼ ਬੱਚਿਆਂ ਨੂੰ ਗੁਰਬਾਣੀ ਅਤੇ ਗੁਰਮਤਿ ਮਾਰਗ ਨਾਲ਼ ਜੋੜਦੇ ਹਨ।ਉਨ੍ਹਾਂ ਕਿਹਾ ਕਿ “ਅੱਜ ਦੇ ਸਮੇਂ ਵਿੱਚ ਅਜਿਹੀ ਸਿੱਖਿਆ ਹਰ ਸਕੂਲ ਵਿੱਚ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਜਦੋਂ ਸਾਡੇ ਬੱਚੇ ਗੁਰੂ ਸਾਹਿਬਾਨ ਦੇ ਇਤਿਹਾਸ ਅਤੇ ਧਾਰਮਿਕ ਸਿਧਾਂਤਾਂ ਤੋਂ ਜਾਣੂ ਹੋਣਗੇ, ਤਾਂ ਉਹ ਕਦੇ ਵੀ ਨਸ਼ਿਆਂ ਜਾਂ ਪਤਿਤਪੁਣੇ ਵਰਗੀਆਂ ਭੈੜੀਆਂ ਅਲਾਮਤਾਂ ਵੱਲ ਨਹੀਂ ਭਟਕਣਗੇ।
ਪ੍ਰਦਰਸ਼ਨੀ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਿੱਖਿਆ ਸਕੱਤਰ ਸੁਖਮਿੰਦਰ ਸਿੰਘ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਦੇ ਸਕੂਲਾਂ ਦਾ ਮਕਸਦ ਕੇਵਲ ਕਿਤਾਬੀ ਗਿਆਨ ਦੇਣਾ ਹੀ ਨਹੀਂ, ਬਲਕਿ ਬੱਚਿਆਂ ਦਾ ਸਰਬਪੱਖੀ ਬੌਧਿਕ ਵਿਕਾਸ ਕਰਨਾ ਅਤੇ ਉਨ੍ਹਾਂ ਨੂੰ ਗੁਰਬਾਣੀ ਸਿਧਾਂਤਾਂ ਨਾਲ ਮਜ਼ਬੂਤੀ ਨਾਲ਼ ਜੋੜਨਾ ਵੀ ਹੈ।
ਇਸ ਮੌਕੇ ਸ਼੍ਰੋਮਣੀ ਕਮੇਟੀ ਅੰਤ੍ਰਿਗ ਮੈਂਬਰ ਗੁਰਪ੍ਰੀਤ ਸਿੰਘ ਝੱਬਰ,ਬਾਬਾ ਗੁਰਮੀਤ ਸਿੰਘ ਤ੍ਰਿਲੋਕੇਵਾਲਾ,ਸੁਰਜੀਤ ਸਿੰਘ ਰਾਏਪੁਰ ਦੋਵੇਂ ਮੈਂਬਰ ਸ਼੍ਰੋਮਣੀ ਕਮੇਟੀ,ਬਾਬਾ ਕਾਕਾ ਸਿੰਘ ਮੁਖੀ ਗੁ:ਬੁੰਗਾ ਮਸਤੂਆਣਾ,ਨਰਿੰਦਰਜੀਤ ਸਿੰਘ ਮੈਨੇਜ਼ਰ ਤਖਤ ਸਾਹਿਬ,ਭਾਈ ਭੋਲਾ ਸਿੰਘ ਇੰਚਾਰਜ ਧਰਮ ਪ੍ਰਚਾਰ,ਬਾਬਾ ਪ੍ਰੀਤਮ ਸਿੰਘ ਮੱਲੜੀ ਸਮੇਤ ਹੋਰ ਸ਼ਖ਼ਸੀਅਤਾਂ ਮੌਜੂਦ ਸਨ।









