Home » ਧਰਮ » ਅਮਰੀਕੀ ਸਰਕਾਰ ਦੇ ਵਿਭਾਗ ਵੱਲੋਂ ਪੋਸਟਰ ‘ਚ ਪੰਜਾਬੀ ਸਿੱਖਾਂ ਨੂੰ ਨਿਸ਼ਾਨਾ ਬਣਾਉਣਾ ਅਤਿ-ਨਿੰਦਣਯੋਗ-ਜਥੇ:ਬਾਬਾ ਟੇਕ ਸਿੰਘ

ਅਮਰੀਕੀ ਸਰਕਾਰ ਦੇ ਵਿਭਾਗ ਵੱਲੋਂ ਪੋਸਟਰ ‘ਚ ਪੰਜਾਬੀ ਸਿੱਖਾਂ ਨੂੰ ਨਿਸ਼ਾਨਾ ਬਣਾਉਣਾ ਅਤਿ-ਨਿੰਦਣਯੋਗ-ਜਥੇ:ਬਾਬਾ ਟੇਕ ਸਿੰਘ

News Portal Development Companies In India

ਤਲਵੰਡੀ ਸਾਬੋ, 11 ਸਤੰਬਰ (ਅੰਮ੍ਰਿਤ ਮਲਕਾਣਾ ) ਅਮਰੀਕਾ ਸਰਕਾਰ ਦੇ ਹੋਮਲੈਂਡ ਸੁਰੱਖਿਆ ਵਿਭਾਗ (ਡੀ.ਐੱਚ.ਐੱਸ) ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਜਾਰੀ ਕੀਤੇ ਗਏ ਇੱਕ ਪੋਸਟਰ ਵਿੱਚ ‘ਮਿਸਟਰ ਸਿੰਘ’ ਸ਼ਬਦ ਦੀ ਵਰਤੋਂ ਕਰਕੇ ਪੰਜਾਬੀ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਅਤੇ ਨਸਲੀ ਲਾਂਛਨ ਲਗਾਉਣ ਦੀ ਘਟਨਾ ਦਾ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ, ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਗੰਭੀਰ ਨੋਟਿਸ ਲੈਂਦਿਆਂ ਇਸਦੀ ਪੁਰਜ਼ੋਰ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।
ਪ੍ਰੈੱਸ ਬਿਆਨ ਰਾਹੀਂ ਜਥੇਦਾਰ ਬਾਬਾ ਟੇਕ ਸਿੰਘ ਨੇ ਆਖਿਆ ਕਿ ਅਮਰੀਕਾ ਵਰਗੇ ਆਪਣੇ ਆਪ ਨੂੰ ਮਾਨਵ ਅਧਿਕਾਰਾਂ ਦਾ ਆਲਮੀ ਅਲੰਬਰਦਾਰ ਅਖਵਾਉਣ ਵਾਲੇ ਮੁਲਕ ਦੇ ਸਰਕਾਰੀ ਵਿਭਾਗ ਵੱਲੋਂ ਅਜਿਹੀ ਸੰਕੁਚਿਤ,ਨਫ਼ਰਤੀ ਅਤੇ ਭਾਈਚਾਰਕ ਪੱਖਪਾਤ ਵਾਲੀ ਮਾਨਸਿਕਤਾ ਦਾ ਮੁਜ਼ਾਹਰਾ ਕਰਨਾ ਬਹੁਤ ਹੀ ਦੁਖਦਾਈ, ਚਿੰਤਾਜਨਕ ਅਤੇ ਸ਼ਰਮਨਾਕ ਹੈ।
ਉਨਾਂ ਆਖਿਆ ਕਿ ਇਤਿਹਾਸ ਗਵਾਹ ਹੈ ਕਿ ਸਿੱਖਾਂ ਨੇ ਅਮਰੀਕਾ ਦੀ ਆਰਥਿਕਤਾ,ਵਿਕਾਸ ਅਤੇ ਸਮਾਜਿਕ ਤਾਣੇ-ਬਾਣੇ ਨੂੰ ਮਜ਼ਬੂਤ ਕਰਨ ਵਿੱਚ ਆਪਣੀ ਇਮਾਨਦਾਰੀ,ਮਿਹਨਤ ਅਤੇ ਹੁਨਰ ਨਾਲ ਨਿਵੇਕਲਾ ਯੋਗਦਾਨ ਪਾਇਆ ਹੈ।ਵਿਸ਼ੇਸ਼ ਤੌਰ ‘ਤੇ ਅਮਰੀਕਾ ਦੇ ਟਰੱਕਾਂ ਵਾਲੇ ਖੇਤਰ ਵਿੱਚ ਦਿਨ-ਰਾਤ ਇੱਕ ਕਰਕੇ ਸੇਵਾਵਾਂ ਦੇਣ ਵਾਲੇ ਸਿੱਖ ਡਰਾਈਵਰ ਉੱਥੋਂ ਦੀ ਸਪਲਾਈ ਚੇਨ ਦੀ ਰੀੜ੍ਹ ਦੀ ਹੱਡੀ ਹਨ।ਅਜਿਹੇ ਮਿਹਨਤੀ ਭਾਈਚਾਰੇ ਦੀ ਧਾਰਮਿਕ ਅਤੇ ਕੌਮੀ ਪਛਾਣ (‘ਸਿੰਘ’) ਨੂੰ ਕਿਸੇ ਕਥਿਤ ਅਪਰਾਧਿਕ ਜਾਂ ਲਾਇਸੈਂਸ ਵਿਵਾਦ ਨਾਲ ਜੋੜ ਕੇ ਪੂਰੀ ਕੌਮ ਨੂੰ ਕਟਘਰੇ ਵਿੱਚ ਖੜ੍ਹਾ ਕਰਨਾ ਅਮਰੀਕਾ ਦੀ ਬਹੁ-ਸੱਭਿਆਚਾਰਕ ਸੋਚ ‘ਤੇ ਵੱਡਾ ਧੱਬਾ ਹੈ।
ਸਿੰਘ ਸਾਹਿਬ ਨੇ ਕਿਹਾ ਕਿ ਅਜਿਹੇ ਪੋਸਟਰ ਅਮਰੀਕਾ ਵਿੱਚ ਰਹਿੰਦੇ ਸਿੱਖਾਂ ਵਿਰੁੱਧ ਨਫ਼ਰਤੀ ਅਪਰਾਧਾਂ ਨੂੰ ਹਵਾ ਦੇ ਸਕਦੇ ਹਨ, ਜਿਸ ਦੀ ਪੂਰੀ ਜ਼ਿੰਮੇਵਾਰੀ ਅਮਰੀਕੀ ਪ੍ਰਸ਼ਾਸਨ ਦੀ ਹੋਵੇਗੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਅਮਰੀਕੀ ਦੂਤਾਵਾਸ ਨੂੰ ਲਿਖੇ ਪੱਤਰ ਦਾ ਪੂਰਨ ਸਮਰਥਨ ਕਰਦਿਆਂ ਉਨਾਂ ਕਿਹਾ ਕਿ ਅਮਰੀਕਾ ਸਰਕਾਰ ਨੂੰ ਇਸ ਘਿਨੌਣੀ ਹਰਕਤ ਲਈ ਤੁਰੰਤ ਸਿੱਖ ਜਗਤ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ ਅਤੇ ਪੋਸਟਰ ਤੁਰੰਤ ਹਟਾਉਣਾ ਚਾਹੀਦਾ ਹੈ।ਸਿੰਘ ਸਾਹਿਬ ਨੇ ਕਿਹਾ ਕਿ ਭਾਰਤੀ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੂੰ ਚਾਹੀਦਾ ਹੈ ਕਿ ਉਹ ਬਿਨਾਂ ਦੇਰੀ ਇਸ ਸੰਵੇਦਨਸ਼ੀਲ ਮੁੱਦੇ ਨੂੰ ਅਮਰੀਕਾ ਕੋਲ ਚੁੱਕਣ।

Leave a Comment

Will the middle class get relief from the first general budget of Modi 3.0?