ਰਾਮਾਂ ਮੰਡੀ, 4 ਨਵੰਬਰ,(ਰਾਮਪਾਲ ਅਰੋੜਾ)ਕੋਈ ਵੀ ਪਰਿਵਾਰ ਭੁੱਖਾ ਨਾ ਸੋਵੇ ਅਤੇ ਸਮਾਜ ਦੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਨੂੰ ਬੁਨਿਆਦੀ ਲੋੜਾਂ ਪ੍ਰਾਪਤ ਹੋ ਸਕਣ ।ਇਸ ਉਦੇਸ਼ ਨੂੰ ਮੁੱਖ ਰੱਖਦਿਆਂ ਸਮਾਜ ਸੇਵੀ ਸਮੂਹ ਖ਼ਾਲਸਾ ਦਲ ਵੱਲੋਂ ਚਲਾਈ ਜਾ ਰਹੀ ਮਾਸਿਕ ਰਾਸ਼ਨ ਵੰਡ ਮੁਹਿੰਮ ਤਹਿਤ ਇਸ ਮਹੀਨੇ ਵੀ ਲੋੜਵੰਦ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਪ੍ਰਦਾਨ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ, ਸਮੂਹ ਦੇ ਵਲੰਟੀਅਰਾਂ ਨੇ ਪਹਿਲਾਂ ਤੋਂ ਸਰਵੇਖਣ ਦੌਰਾਨ ਪਛਾਣੇ ਗਏ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੇ ਘਰ-ਘਰ ਜਾ ਕੇ ਪੂਰੇ ਆਦਰ-ਸਤਿਕਾਰ ਨਾਲ ਰਾਸ਼ਨ ਦੀਆਂ ਸਮੱਗਰੀਆਂ ਪਹੁੰਚਾਈਆਂ। ਇਸ ਮੌਕੇ ਵਲੰਟੀਅਰਾਂ ਨੇ ਦੱਸਿਆ ਕਿ ਇਹ ਪਰਉਪਕਾਰੀ ਸੇਵਾ ਪੂਰੀ ਤਰ੍ਹਾਂ ਨਾਲ ਸਮੂਹ ਸ਼ਹਿਰ ਨਿਵਾਸੀਆਂ ਦੇ ਅਪਾਰ ਸਹਿਯੋਗ ਅਤੇ ਦਾਨ ਨਾਲ ਹੀ ਸੰਭਵ ਹੋ ਰਹੀ ਹੈ। ਵਲੰਟੀਅਰਾਂ ਨੇ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ ਕਿ ਮੰਡੀ ਵਾਸੀਆਂ ਦਾ ਇਹ ਨਿਰੰਤਰ ਸਮਰਥਨ ਹੀ ਹੈ ਜੋ ਇਸ ਮਾਸਿਕ ਸੇਵਾ ਨੂੰ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰੱਖਣ ਵਿੱਚ ਮਦਦ ਕਰ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਇਸ ਨੂੰ ਇਸੇ ਤਰ੍ਹਾਂ ਜਾਰੀ ਰੱਖਣ ਦਾ ਹੌਸਲਾ ਦਿੰਦਾ ਹੈ। ਇਸ ਮੌਕੇ ਪ੍ਰਬੰਧਕਾਂ ਨੇ ਸਮੂਹ ਦਾਨੀ ਸੱਜਣਾਂ ਨੂੰ ਨਿਮਰਤਾ ਸਹਿਤ ਅਪੀਲ ਕੀਤੀ ਕਿ ਉਹ ਇਸ ਨੇਕ ਕਾਰਜ ਵਿੱਚ ਵੱਧ-ਚੜ੍ਹ ਕੇ ਅਪਣਾ ਸਰਗਰਮ ਯੋਗਦਾਨ ਪਾਉਣ ਤਾਂ ਜੋ ਭਵਿੱਖ ਵਿੱਚ ਹੋਰ ਵੀ ਵੱਧ ਤੋਂ ਵੱਧ ਲੋੜਵੰਦ ਪਰਿਵਾਰਾਂ ਤੱਕ ਪਹੁੰਚ ਕਰਕੇ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ।









