Home » ਤਾਜ਼ਾ ਖ਼ਬਰਾਂ » ਨੌਜਵਾਨ ਗੁਰਪਿੰਦਰ ਸਿੰਘ ਬੁੱਟਰ ਦੀ ਯਾਦ ਵਿੱਚ ਮਾਲਵਾ ਵੈਲਫੇਅਰ ਕਲੱਬ ਵੱਲੋਂ ਖੂਨਦਾਨ ਕੈਂਪ, 21 ਯੂਨਿਟ ਖੂਨ ਇਕੱਤਰ

ਨੌਜਵਾਨ ਗੁਰਪਿੰਦਰ ਸਿੰਘ ਬੁੱਟਰ ਦੀ ਯਾਦ ਵਿੱਚ ਮਾਲਵਾ ਵੈਲਫੇਅਰ ਕਲੱਬ ਵੱਲੋਂ ਖੂਨਦਾਨ ਕੈਂਪ, 21 ਯੂਨਿਟ ਖੂਨ ਇਕੱਤਰ

News Portal Development Companies In India

ਨੇੜਲੇ ਪਿੰਡ ਬੰਗੀ ਨਿਹਾਲ ਸਿੰਘ ਦੇ ਸਮਾਜ ਸੇਵੀ ਮਾਲਵਾ ਵੈਲਫੇਅਰ ਕਲੱਬ ਵੱਲੋਂ ਪਿਛਲੇ ਦਿਨੀਂ ਅਚਾਨਕ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੌਜਵਾਨ ਗੱਭਰੂ ਗੁਰਭਿਦਰ ਸਿੰਘ ਬੁੱਟਰ ਦੀ ਯਾਦ ਨੂੰ ਸਮਰਪਿਤ ਉਨ੍ਹਾਂ ਦੀ ਅੰਤਿਮ ਅਰਦਾਸ ਮੌਕੇ ਵਿਸ਼ੇਸ਼ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ, ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ, ਰਿਸ਼ਤੇਦਾਰਾਂ, ਸਾਕ-ਸਬੰਧੀਆਂ ਅਤੇ ਪਿੰਡ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਦਿਆਂ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਕੀਤੇ ਗਏ ਕੀਰਤਨ ਗੁਰਬਾਣੀ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਗੁਰਪਿੰਦਰ ਸਿੰਘ ਬੁੱਟਰ ਦੀ ਯਾਦ ਵਿੱਚ ਲਗਾਏ ਗਏ ਖੂਨਦਾਨ ਕੈਂਪ ਦੌਰਾਨ ਗੁਰੂ ਨਾਨਕ ਬਲੱਡ ਬੈਂਕ ਚੈਰੀਟੇਬਲ ਬਠਿੰਡਾ ਦੀ ਟੀਮ ਵੱਲੋਂ 21 ਯੂਨਿਟ ਖੂਨ ਇਕੱਤਰ ਕੀਤਾ ਗਿਆ। ਤਾ ਜੋ ਲੋੜਵੰਦ ਮਰੀਜ਼ ਦੀ ਕੀਮਤੀ ਜਾਨ ਬਚਾਉਣ ਵਿੱਚ ਯੋਗਦਾਨ ਪਾਇਆ ਜਾ ਸਕੇ ਅਤੇ ਵਿਛੜੇ ਨੌਜਵਾਨ ਦੀ ਯਾਦ ਨੂੰ ਸਮਾਜ ਸੇਵਾ ਦੇ ਕਾਰਜਾਂ ਰਾਹੀਂ ਸਦਾ ਜਿਉਂਦਾ ਰੱਖਿਆ ਜਾ ਸਕੇ।
ਇਸ ਮੌਕੇ ਮਾਲਵਾ ਵੈਲਫੇਅਰ ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਬੁੱਟਰ ਨੇ ਗੱਲਬਾਤ ਕਰਦਿਆਂ ਗੁਰਪਿੰਦਰ ਸਿੰਘ ਬੁੱਟਰ ਨੂੰ ਯਾਦ ਕਰਦੇ ਹੋਏ ਦੱਸਿਆ ਕਿ ਭਿੰਦਰ ਬਹੁਤ ਹੀ ਮਿਲਾਪੜੇ ਅਤੇ ਸਤਿਕਾਰ ਕਰਨ ਵਾਲੇ ਸੁਭਾਅ ਦਾ ਮਾਲਕ ਸੀ। ਉਹ ਕਦੇ ਵੀ ਕਿਸੇ ਨੂੰ ਸਿੱਧਾ ਨਾਮ ਲੈ ਕੇ ਨਹੀਂ ਬੁਲਾਉਂਦਾ ਸੀ, ਸਗੋਂ ਹਰ ਵਿਅਕਤੀ ਨੂੰ ਉਸ ਦੇ ਰਿਸ਼ਤੇ ਅਤੇ ਉਮਰ ਅਨੁਸਾਰ ਬਾਈ ਜੀ, ਚਾਚਾ ਜੀ ਜਾਂ ਤਾਇਆ ਜੀ ਕਹਿ ਕੇ ਸੰਬੋਧਨ ਕਰਦਾ ਸੀ। ਕਿਸਾਨੀ ਸੰਘਰਸ਼ ਦੌਰਾਨ ਵੀ ਉਸ ਨੇ ਸਰਗਰਮ ਭੂਮਿਕਾ ਨਿਭਾਈ ਅਤੇ ਇਸ ਸਬੰਧੀ ਲਗਭਗ 40 ਦਿਨ ਤਿਹਾੜ ਜੇਲ੍ਹ ਵਿੱਚ ਵੀ ਰਿਹਾ। ਇਸ ਮੌਕੇ ਕਲੱਬ ਦੇ ਮੈਂਬਰ ਗੁਰਪਿੰਦਰ ਸਿੰਘ ਦੇ ਵੱਡੇ ਭਰਾ ਗੁਰਵਿੰਦਰ ਸਿੰਘ ਬੁੱਟਰ ਨੇ ਆਪਣੇ ਛੋਟੇ ਭਰਾ ਨੂੰ ਭਾਵੁਕ ਸ਼ਬਦਾਂ ਵਿੱਚ ਯਾਦ ਕਰਦਿਆਂ ਕਿਹਾ ਕਿ ਭਾਵੇਂ ਭਿੰਦਰ ਸਰੀਰਕ ਤੌਰ ’ਤੇ ਸਾਡੇ ਵਿਚਕਾਰ ਨਹੀਂ ਰਿਹਾ, ਪਰ ਉਸ ਦੀਆਂ ਯਾਦਾਂ ਹਮੇਸ਼ਾ ਪਰਿਵਾਰ ਅਤੇ ਸਮਾਜ ਦੇ ਦਿਲਾਂ ਵਿੱਚ ਜਿਉਂਦੀਆਂ ਰਹਿਣਗੀਆਂ। ਉਨ੍ਹਾਂ ਕਿਹਾ ਕਿ ਛੋਟੇ ਭਰਾ ਦੀ ਯਾਦ ਨੂੰ ਸਮਰਪਿਤ ਹਰ ਸਾਲ ਕੋਈ ਨਾ ਕੋਈ ਵਿਸ਼ੇਸ਼ ਸਮਾਜ ਸੇਵੀ ਉਪਰਾਲਾ ਕੀਤਾ ਜਾਇਆ ਕਰੇਗਾ। ਇਸ ਤੋਂ ਇਲਾਵਾ ਤਰਸੇਮ ਸਿੰਘ ਬੁੱਟਰ ਨੇ ਅੰਤਿਮ ਅਰਦਾਸ ਉਪਰੰਤ ਤਰਸੇਮ ਬੁੱਟਰ ਦੀ ਜੀਵਨੀ ਅਤੇ ਉਸ ਦੇ ਜੀਵਨ ਨਾਲ ਜੁੜੀਆਂ ਯਾਦਾਂ ਬਾਰੇ ਚਾਨਣਾ ਪਾਇਆ ਅਤੇ ਪਹੁੰਚੀਆਂ ਸੰਗਤਾਂ, ਰਿਸ਼ਤੇਦਾਰਾਂ ਤੇ ਸਾਕ-ਸਬੰਧੀਆਂ ਦਾ ਧੰਨਵਾਦ ਕੀਤਾ।ਇਸ ਮੌਕੇ ਜਗਮੀਤ ਸਿੰਘ ਬੁੱਟਰ, ਹੈਪੀ ਸਿੱਧੂ, ਕਮਲ, ਰਾਵਨ ਬੁੱਟਰ, ਬੂਟਾ ਸਿੰਘ, ਸਾਬਕਾ ਪੰਚਾਇਤ ਮੈਂਬਰਾਂ ਮਨਪੀਤ ਬੁੱਟਰ ਗਗਨ ਸਿੱਧੂ ਜਸਵੀਰ ਬੁੱਟਰ ਹਰਪੀਤ ਜੱਜਲ ਅਤੇ ਪਿੰਡ ਦੀ ਗ੍ਰਾਮ ਪੰਚਾਇਤ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ। ਉਨ੍ਹਾਂ ਨੇ ਮਾਲਵਾ ਵੈਲਫੇਅਰ ਕਲੱਬ ਵੱਲੋਂ ਕੀਤੇ ਇਸ ਨੇਕ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਲੱਬ ਦੇ ਸਮੂਹ ਮੈਂਬਰਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਦੀ ਕਾਮਨਾ ਕੀਤੀ।

Leave a Comment

Will the middle class get relief from the first general budget of Modi 3.0?