ਪੁਲਿਸ ਵੱਲੋਂ ਸਿੰਘਾਂ ਦੇ ਕਕਾਰਾਂ ਅਤੇ ਦਸਤਾਰਾਂ ਦੇ ਕੀਤੇ ਨਿਰਾਦਰ ਦੀਆਂ ਸਾਹਮਣੇ ਆਈਆਂ ਤਸਵੀਰਾਂ ਸ਼ਰਮਨਾਕ-ਜਥੇ:ਬਾਬਾ ਟੇਕ ਸਿੰਘ

ਤਲਵੰਡੀ ਸਾਬੋ,28 ਅਕਤੂਬਰ (ਅੰਮ੍ਰਿਤ ਮਲਕਾਣਾ ) ਪਿਛਲੇ ਦਿਨੀਂ ਮਾਨਸਾ ‘ਚ ਕਤਲ ਕੀਤੇ ਗਏ ਨਸ਼ਾ ਵਿਰੋਧੀ ਕਾਰਕੁੰਨ ਭਾਈ ਪਰਵਿੰਦਰ ਸਿੰਘ ਝੋਟਾ ਦੇ ਇਨਸਾਫ਼ ਦੀ ਲੜਾਈ ਦਰਮਿਆਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਆਦੇਸ਼ਾਂ ਮੁਤਾਬਿਕ ਅੱਜ ਸਿੱਖ ਕੌਮ ਦੇ ਚੌਥੇ ਤਖ਼ਤ,ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਭਾਈ ਝੋਟਾ ਦੇ ਪਰਿਵਾਰ ਦੇ ਇਨਸਾਫ਼ ਵਾਸਤੇ ਅਤੇ ਚੱਲ ਰਹੇ ਸੰਘਰਸ਼ ਦੀ ਚੜ੍ਹਦੀਕਲਾ ਲਈ ਸੰਗਤੀ ਰੂਪ ‘ਚ ਅਰਦਾਸ ਕੀਤੀ ਗਈ।ਜਿਸ ਵਿੱਚ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਵੀ ਸ਼ਾਮਿਲ ਹੋਏ ਜਦੋਂਕਿ ਅਰਦਾਸ ਵਧੀਕ ਹੈੱਡ ਗ੍ਰੰਥੀ ਗਿਆਨੀ ਗੁਰਜੰਟ ਸਿੰਘ ਨੇ ਕੀਤੀ।ਅਰਦਾਸ ਉਪਰੰਤ ਗੱਲਬਾਤ ਦੌਰਾਨ ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਤਾਨਾਸ਼ਾਹੀ ਰਵੱਈਏ ਵਿਰੁੱਧ ਤਿੱਖਾ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਪੰਜਾਬ ਦੀ ਨੌਜਵਾਨੀ ਨਾਲ ਸਰਕਾਰਾਂ ਦਾ ਵਤੀਰਾ ਇਸ ਕਦਰ ਬੇਗ਼ਾਨਗੀ ਅਤੇ ਜ਼ੁਲਮ ਭਰਿਆ ਹੋ ਚੁੱਕੈ ਜਿਵੇਂ ਉਹ ਇਸ ਮੁਲਕ ਦੇ ਨਾਗਰਿਕ ਨਾ ਹੋ ਕੇ ਕਿਸੇ ਦੁਸ਼ਮਣ ਦੇਸ਼ ਦੇ ਵਸਨੀਕ ਹੋਣ।ਕੱਲ੍ਹ ਭੰਮੇ ਕਲਾਂ ਵਿਖੇ ਵਾਪਰੇ ਘਟਨਾਕ੍ਰਮ ਦਾ ਗੰਭੀਰ ਨੋਟਿਸ ਲੈਂਦਿਆਂ ਉਨਾਂ ਕਿਹਾ ਕਿ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਿੰਘਾਂ ਉੱਤੇ ਪੁਲਿਸ ਵੱਲੋਂ ਕੀਤੇ ਗਏ ਤਸ਼ੱਦਦ ਦੌਰਾਨ ਕਕਾਰਾਂ ਤੇ ਦਸਤਾਰਾਂ ਦੀ ਹੋਈ ਸ਼ਰ੍ਹੇਆਮ ਬੇਅਦਬੀ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ ਹਨ, ਉਨ੍ਹਾਂ ਨੇ ਹਰੇਕ ਸੰਵੇਦਨਸ਼ੀਲ ਇਨਸਾਨ ਅਤੇ ਸਮੁੱਚੇ ਸਿੱਖ ਜਗਤ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਹਨ।ਉਨ੍ਹਾਂ ਸਖ਼ਤ ਲਹਿਜ਼ੇ ਵਿੱਚ ਕਿਹਾ ਕਿ ਜਿਨ੍ਹਾਂ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਸਿੱਖੀ ਦੀ ਸ਼ਾਨ ਦਸਤਾਰ ਅਤੇ ਪਵਿੱਤਰ ਕਕਾਰਾਂ ਦਾ ਤਿਰਸਕਾਰ ਕੀਤਾ ਹੈ ਉਨ੍ਹਾਂ ਖ਼ਿਲਾਫ਼ ਤੁਰੰਤ ਮਿਸਾਲੀ ਤੇ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।ਉਨ੍ਹਾਂ ਦੋ-ਟੁੱਕ ਚਿਤਾਵਨੀ ਦਿੰਦਿਆਂ ਕਿਹਾ ਕਿ ਸਿੱਖ ਕੌਮ ਆਪਣੀ ਦਸਤਾਰ ਅਤੇ ਕਕਾਰਾਂ ਦੇ ਹੋਏ ਅਜਿਹੇ ਸ਼ਰਮਨਾਕ ਅਪਮਾਨ ਨੂੰ ਬਰਦਾਸ਼ਤ ਨਹੀ ਕਰੇਗੀ।
ਸਿੰਘ ਸਾਹਿਬ ਨੇ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਜ਼ਬਰੀ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਪੁਲਿਸ ਵੱਲੋਂ ਕਬਜ਼ੇ ਵਿੱਚ ਲੈਣ ਦੀ ਘਟਨਾ ਨੂੰ ਅਤਿ-ਨਿੰਦਣਯੋਗ ਅਤੇ ਅਣਮਨੁੱਖੀ ਵਰਤਾਰਾ ਦੱਸਿਆ।ਬਾਬਾ ਟੇਕ ਸਿੰਘ ਨੇ ਸਮੁੱਚੇ ਖ਼ਾਲਸਾ ਪੰਥ,ਇਨਸਾਫ਼ ਪਸੰਦ ਧਿਰਾਂ ਅਤੇ ਪੰਚਾਇਤਾਂ ਨੂੰ ਕਿਹਾ ਕਿ ਉਹ ਮਾਨਸਾ ਮੋਰਚੇ ‘ਚ ਵਧ-ਚੜ੍ਹ ਕੇ ਸ਼ਮੂਲੀਅਤ ਕਰਨ।ਇਸ ਮੌਕੇ ਤਖ਼ਤ ਸਾਹਿਬ ਦੇ ਮੈਨੇਜਰ ਭਾਈ ਨਰਿੰਦਰਜੀਤ ਸਿੰਘ ਤੇ ਹੋਰ ਪ੍ਰਬੰਧਕ ਹਾਜ਼ਰ ਰਹੇ।









