Home » ਸਿਹਤ » ਵਿਸ਼ਵ ਸਟ੍ਰੋਕ ਦਿਵਸ: ਮੈਕਸ ਹਸਪਤਾਲ ਬਠਿੰਡਾ ਦੇ ਡਾਕਟਰਾਂ ਵੱਲੋਂ ਸਟ੍ਰੋਕ ਦੇ ਲੱਛਣਾਂ ਦੀ ਸਮੇਂ ਸਿਰ ਪਛਾਣ ਅਤੇ ਤੁਰੰਤ ਇਲਾਜ਼ ਦੀ ਮਹੱਤਤਾ ’ਤੇ ਜ਼ੋਰ

ਵਿਸ਼ਵ ਸਟ੍ਰੋਕ ਦਿਵਸ: ਮੈਕਸ ਹਸਪਤਾਲ ਬਠਿੰਡਾ ਦੇ ਡਾਕਟਰਾਂ ਵੱਲੋਂ ਸਟ੍ਰੋਕ ਦੇ ਲੱਛਣਾਂ ਦੀ ਸਮੇਂ ਸਿਰ ਪਛਾਣ ਅਤੇ ਤੁਰੰਤ ਇਲਾਜ਼ ਦੀ ਮਹੱਤਤਾ ’ਤੇ ਜ਼ੋਰ

News Portal Development Companies In India

ਬਠਿੰਡਾ, 27 ਅਕਤੂਬਰ, (ਸੰਦੀਪ ਸ਼ੇਰਗਿੱਲ) ਹਰ ਸਾਲ 29 ਅਕਤੂਬਰ ਨੂੰ ਮਨਾਏ ਜਾਂਦੇ ਵਿਸ਼ਵ ਸਟ੍ਰੋਕ ਦਿਵਸ ਦੇ ਮੌਕੇ ’ਤੇ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ, ਬਠਿੰਡਾ ਦੇ ਡਾਕਟਰਾਂ ਨੇ ਸਟ੍ਰੋਕ (ਦਿਮਾਗੀ ਦੌਰਾ) ਦੇ ਸ਼ੁਰੂਆਤੀ ਲੱਛਣਾਂ ਦੀ ਪਛਾਣ ਕਰਨ ਅਤੇ ਬਿਨਾਂ ਦੇਰੀ ਤੁਰੰਤ ਡਾਕਟਰੀ ਸਹਾਇਤਾ ਲੈਣ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ।ਸਟ੍ਰੋਕ ਇੱਕ ਗੰਭੀਰ ਮੈਡੀਕਲ ਐਮਰਜੈਂਸੀ ਹੈ, ਜੋ ਉਸ ਸਮੇਂ ਹੁੰਦਾ ਹੈ ਜਦੋਂ ਦਿਮਾਗ ਦੇ ਕਿਸੇ ਹਿੱਸੇ ਤੱਕ ਖੂਨ ਦੀ ਸਪਲਾਈ ਰੁਕ ਜਾਂਦੀ ਹੈ ਜਾਂ ਦਿਮਾਗ ਦੀ ਕੋਈ ਖੂਨ ਦੀ ਨਾੜੀ ਫਟ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਸਮੇਂ ਸਿਰ ਇਲਾਜ ਬੇਹੱਦ ਜ਼ਰੂਰੀ ਹੈ, ਕਿਉਂਕਿ ਇਸ ਨਾਲ ਦਿਮਾਗ ਨੂੰ ਹੋਣ ਵਾਲੇ ਨੁਕਸਾਨ ਨੂੰ ਘਟਾਉਣ, ਸਿਹਤਯਾਬੀ ਦੀਆਂ ਸੰਭਾਵਨਾਵਾਂ ਵਧਾਉਣ ਅਤੇ ਲੰਬੇ ਸਮੇਂ ਤੱਕ ਰਹਿਣ ਵਾਲੀ ਅਪੰਗਤਾ ਦੇ ਖ਼ਤਰੇ ਨੂੰ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ।ਸਰੀਰ ਦੇ ਇੱਕ ਪਾਸੇ ਅਚਾਨਕ ਕਮਜ਼ੋਰੀ ਜਾਂ ਸੁੰਨ ਹੋਣਾ, ਚਿਹਰੇ ਦਾ ਇੱਕ ਪਾਸਾ ਲਟਕ ਜਾਣਾ, ਬੋਲਣ ਜਾਂ ਗੱਲ ਸਮਝਣ ਵਿੱਚ ਮੁਸ਼ਕਲ ਆਉਣਾ, ਅਚਾਨਕ ਨਜ਼ਰ ਧੁੰਦਲੀ ਹੋਣਾ ਜਾਂ ਦਿਖਾਈ ਦੇਣ ਵਿੱਚ ਸਮੱਸਿਆ ਆਉਣਾ, ਚੱਕਰ ਆਉਣਾ ਅਤੇ ਤੁਰਨ-ਫਿਰਨ ਵਿੱਚ ਸੰਤੁਲਨ ਵਿਗੜਨਾ ਸਟ੍ਰੋਕ ਦੇ ਮੁੱਖ ਲੱਛਣ ਹੋ ਸਕਦੇ ਹਨ। ਇਨ੍ਹਾਂ ਲੱਛਣਾਂ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ, ਭਾਵੇਂ ਇਹ ਕੁਝ ਸਮੇਂ ਬਾਅਦ ਆਪਣੇ ਆਪ ਠੀਕ ਹੀ ਕਿਉਂ ਨਾ ਹੋ ਜਾਣ। ਅਜਿਹੇ ਲੱਛਣ ਦਿਖਾਈ ਦੇਣ ’ਤੇ ਤੁਰੰਤ ਨਜ਼ਦੀਕੀ ਹਸਪਤਾਲ ਪਹੁੰਚਣਾ ਜ਼ਰੂਰੀ ਹੈ, ਤਾਂ ਜੋ ਸਮੇਂ ਸਿਰ ਜਾਂਚ ਕਰਕੇ ਢੁਕਵਾਂ ਇਲਾਜ ਸ਼ੁਰੂ ਕੀਤਾ ਜਾ ਸਕੇ।ਇਸ ਮੌਕੇ ਡਾ. ਪੱਲਵ ਜੈਨ, ਸੀਨੀਅਰ ਕੰਸਲਟੈਂਟ – ਨਿਊਰੋਲੋਜੀ, ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ, ਬਠਿੰਡਾ ਨੇ ਕਿਹਾ, “ਸਟ੍ਰੋਕ ਦੀ ਸਥਿਤੀ ਵਿੱਚ ਤੁਰੰਤ ਡਾਕਟਰੀ ਸਹਾਇਤਾ ਲੈਣੀ ਬਹੁਤ ਜ਼ਰੂਰੀ ਹੈ, ਕਿਉਂਕਿ ਹਰ ਗੁਜ਼ਰਦਾ ਮਿੰਟ ਦਿਮਾਗ ਨੂੰ ਹੋਣ ਵਾਲੇ ਨੁਕਸਾਨ ਅਤੇ ਮਰੀਜ਼ ਦੀ ਸਿਹਤਯਾਬੀ ’ਤੇ ਅਸਰ ਪਾ ਸਕਦਾ ਹੈ। ਚਿਹਰੇ ਦਾ ਅਚਾਨਕ ਇੱਕ ਪਾਸੇ ਲਟਕ ਜਾਣਾ, ਬਾਂਹ ਜਾਂ ਲੱਤ ਵਿੱਚ ਕਮਜ਼ੋਰੀ ਆਉਣਾ, ਬੋਲਣ ਵਿੱਚ ਮੁਸ਼ਕਲ ਹੋਣਾ ਜਾਂ ਅਚਾਨਕ ਸੰਤੁਲਨ ਵਿਗੜਨਾ ਸਟ੍ਰੋਕ ਦੇ ਚੇਤਾਵਨੀ ਸੰਕੇਤ ਹਨ। ਲੋਕਾਂ ਨੂੰ ਇਹ ਸੋਚ ਕੇ ਇੰਤਜ਼ਾਰ ਨਹੀਂ ਕਰਨਾ ਚਾਹੀਦਾ ਕਿ ਲੱਛਣ ਆਪਣੇ ਆਪ ਠੀਕ ਹੋ ਜਾਣਗੇ ਅਤੇ ਨਾ ਹੀ ਘਰ ਵਿੱਚ ਹੀ ਇਨ੍ਹਾਂ ਦਾ ਇਲਾਜ਼ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਲੱਛਣਾਂ ਦੀ ਸਮੇਂ ਸਿਰ ਪਛਾਣ ਕਰਕੇ ਬਿਨਾਂ ਦੇਰੀ ਹਸਪਤਾਲ ਪਹੁੰਚਣ ਨਾਲ ਗੰਭੀਰ ਪੇਚੀਦਗੀਆਂ ਅਤੇ ਲੰਬੇ ਸਮੇਂ ਤੱਕ ਰਹਿਣ ਵਾਲੀ ਅਪੰਗਤਾ ਦੇ ਖ਼ਤਰੇ ਨੂੰ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ।”ਡਾ. ਜੈਨ ਨੇ ਅੱਗੇ ਕਿਹਾ, “ਸਟ੍ਰੋਕ ਦੇ ਕਈ ਜ਼ੋਖ਼ਮ ਕਾਰਕਾਂ, ਜਿਵੇਂ ਕਿ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਕੋਲੈਸਟ੍ਰੋਲ ਦਾ ਵਧਿਆ ਪੱਧਰ, ਸਿਗਰਟਨੋਸ਼ੀ, ਮੋਟਾਪਾ ਅਤੇ ਸਰੀਰਕ ਸਰਗਰਮੀ ਦੀ ਘਾਟ ਨੂੰ ਸਮੇਂ ਸਿਰ ਡਾਕਟਰੀ ਦੇਖਭਾਲ ਅਤੇ ਸਿਹਤਮੰਦ ਜੀਵਨਸ਼ੈਲੀ ਅਪਣਾ ਕੇ ਕਾਬੂ ਕੀਤਾ ਜਾ ਸਕਦਾ ਹੈ। ਨਿਯਮਿਤ ਸਿਹਤ ਜਾਂਚ ਕਰਵਾਉਣਾ, ਬਲੱਡ ਪ੍ਰੈਸ਼ਰ ਅਤੇ ਬਲੱਡ ਸ਼ੂਗਰ ਨੂੰ ਕਾਬੂ ਵਿੱਚ ਰੱਖਣਾ, ਸੰਤੁਲਿਤ ਖੁਰਾਕ ਲੈਣਾ, ਸਰੀਰਕ ਤੌਰ ’ਤੇ ਸਰਗਰਮ ਰਹਿਣਾ ਅਤੇ ਤੰਬਾਕੂ ਤੋਂ ਦੂਰ ਰਹਿਣਾ ਸਟ੍ਰੋਕ ਦੇ ਖ਼ਤਰੇ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ। ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਕੋਈ ਬਿਮਾਰੀ ਹੈ, ਉਨ੍ਹਾਂ ਨੂੰ ਡਾਕਟਰ ਵੱਲੋਂ ਦੱਸੇ ਗਏ ਇਲਾਜ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਨਿਯਮਿਤ ਤੌਰ ’ਤੇ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।”
ਵਿਸ਼ਵ ਸਟ੍ਰੋਕ ਦਿਵਸ ਦੇ ਮੌਕੇ ’ਤੇ ਡਾਕਟਰਾਂ ਨੇ ਜ਼ੋਰ ਦਿੱਤਾ ਕਿ ਸਟ੍ਰੋਕ ਦੇ ਲੱਛਣਾਂ ਬਾਰੇ ਜਾਗਰੂਕਤਾ ਅਤੇ ਸਮੇਂ ਸਿਰ ਡਾਕਟਰੀ ਦਖ਼ਲ ਮਰੀਜ਼ ਦੀ ਸਿਹਤਯਾਬੀ ਨੂੰ ਬਿਹਤਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ, ਬਠਿੰਡਾ, ਨਿਊਰੋਲੋਜੀ ਨਾਲ ਸਬੰਧਤ ਵਿਸ਼ੇਸ਼ ਡਾਕਟਰੀ ਸੇਵਾਵਾਂ ਪ੍ਰਦਾਨ ਕਰਦਾ ਹੈ। ਹਸਪਤਾਲ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਸਟ੍ਰੋਕ ਦੇ ਚੇਤਾਵਨੀ ਸੰਕੇਤਾਂ ਨੂੰ ਪਛਾਣਨ, ਸਟ੍ਰੋਕ ਦੇ ਖ਼ਤਰੇ ਨੂੰ ਵਧਾਉਣ ਵਾਲੇ ਕਾਰਕਾਂ ’ਤੇ ਕਾਬੂ ਪਾਉਣ ਅਤੇ ਲੱਛਣ ਦਿਖਾਈ ਦੇਣ ’ਤੇ ਤੁਰੰਤ ਡਾਕਟਰੀ ਸਹਾਇਤਾ ਲੈਣ।

ਮੈਕਸ ਹੈਲਥਕੇਅਰ ਬਾਰੇ ਮੁੱਢਲੀ ਜਾਣਕਾਰੀ :-
ਮੈਕਸ ਹੈਲਥਕੇਅਰ ਇੰਸਟੀਚਿਊਟ ਲਿਮਟਿਡ (ਮੈਕਸ ਹੈਲਥਕੇਅਰ) ਭਾਰਤ ਦੀਆਂ ਪ੍ਰਮੁੱਖ ਸਿਹਤ ਸੇਵਾ ਸੰਸਥਾਵਾਂ ਵਿੱਚੋਂ ਇੱਕ ਹੈ। ਸੰਸਥਾ ਆਧੁਨਿਕ ਤਕਨਾਲੋਜੀ ਅਤੇ ਅਤਿ-ਆਧੁਨਿਕ ਖੋਜ ਦੀ ਸਹਾਇਤਾ ਨਾਲ ਮਰੀਜ਼ਾਂ ਨੂੰ ਉੱਚ ਪੱਧਰੀ ਡਾਕਟਰੀ ਇਲਾਜ ਅਤੇ ਦੇਖਭਾਲ ਪ੍ਰਦਾਨ ਕਰਨ ਲਈ ਵਚਨਬੱਧ ਹੈ।
ਮੈਕਸ ਹੈਲਥਕੇਅਰ ਉੱਤਰੀ ਭਾਰਤ ਵਿੱਚ ਆਪਣੀ ਮਜ਼ਬੂਤ ਮੌਜੂਦਗੀ ਦੇ ਨਾਲ 21 ਸਿਹਤ ਸੇਵਾ ਕੇਂਦਰਾਂ ਦਾ ਸੰਚਾਲਨ ਕਰਦੀ ਹੈ, ਜਿਨ੍ਹਾਂ ਵਿੱਚ 6,100 ਤੋਂ ਵੱਧ ਬੈੱਡ ਹਨ। ਇਸ ਦੇ ਨੈੱਟਵਰਕ ਵਿੱਚ ਕੰਪਨੀ ਅਤੇ ਇਸ ਦੀਆਂ ਸਹਾਇਕ ਕੰਪਨੀਆਂ ਵੱਲੋਂ ਮਾਲਕੀ ਅਤੇ ਸੰਚਾਲਨ ਅਧੀਨ ਹਸਪਤਾਲ ਅਤੇ ਮੈਡੀਕਲ ਸੈਂਟਰ, ਭਾਈਵਾਲੀ ਵਾਲੀਆਂ ਸਿਹਤ ਸੇਵਾ ਇਕਾਈਆਂ ਅਤੇ ਪ੍ਰਬੰਧਨ ਅਧੀਨ ਸਿਹਤ ਸੇਵਾ ਕੇਂਦਰ ਸ਼ਾਮਲ ਹਨ।ਇਸ ਨੈੱਟਵਰਕ ਵਿੱਚ ਦਿੱਲੀ-ਐਨਸੀਆਰ ਦੇ ਸਾਕੇਤ (ਤਿੰਨ ਹਸਪਤਾਲ), ਪਟਪੜਗੰਜ, ਵੈਸ਼ਾਲੀ, ਰਾਜਿੰਦਰ ਪਲੇਸ, ਦਵਾਰਕਾ, ਨੋਇਡਾ ਅਤੇ ਸ਼ਾਲੀਮਾਰ ਬਾਗ ਵਿੱਚ ਸਥਿਤ ਅਤਿ-ਆਧੁਨਿਕ ਤੀਸਰੇ ਅਤੇ ਚੌਥੇ ਪੱਧਰ ਦੀਆਂ ਵਿਸ਼ੇਸ਼ ਡਾਕਟਰੀ ਸੇਵਾਵਾਂ ਪ੍ਰਦਾਨ ਕਰਨ ਵਾਲੇ ਹਸਪਤਾਲ ਸ਼ਾਮਲ ਹਨ। ਇਸ ਤੋਂ ਇਲਾਵਾ ਲਖਨਊ, ਮੁੰਬਈ, ਨਾਗਪੁਰ, ਮੋਹਾਲੀ, ਬਠਿੰਡਾ, ਦੇਹਰਾਦੂਨ ਅਤੇ ਭੁਵਨੇਸ਼ਵਰ ਵਿੱਚ ਵੀ ਹਸਪਤਾਲ ਹਨ। ਗੁਰੂਗ੍ਰਾਮ ਵਿੱਚ ਸੈਕੰਡਰੀ ਕੇਅਰ ਹਸਪਤਾਲ ਅਤੇ ਦਿੱਲੀ-ਐਨਸੀਆਰ ਦੇ ਨੋਇਡਾ, ਲਾਜਪਤ ਨਗਰ ਅਤੇ ਪੰਚਸ਼ੀਲ ਪਾਰਕ ਦੇ ਨਾਲ-ਨਾਲ ਪੰਜਾਬ ਦੇ ਮੋਹਾਲੀ ਵਿੱਚ ਮੈਡੀਕਲ ਸੈਂਟਰ ਵੀ ਇਸ ਨੈੱਟਵਰਕ ਦਾ ਹਿੱਸਾ ਹਨ। ਮੋਹਾਲੀ ਅਤੇ ਬਠਿੰਡਾ ਦੇ ਹਸਪਤਾਲ ਪੰਜਾਬ ਸਰਕਾਰ ਨਾਲ ਜਨਤਕ-ਨਿੱਜੀ ਭਾਈਵਾਲੀ (ਪੀਪੀਪੀ) ਤਹਿਤ ਚਲਾਏ ਜਾਂਦੇ ਹਨ।
ਹਸਪਤਾਲਾਂ ਤੋਂ ਇਲਾਵਾ, ਮੈਕਸ ਹੈਲਥਕੇਅਰ ਮੈਕਸ ਹੋਮ ਅਤੇ ਮੈਕਸ ਲੈਬ ਬ੍ਰਾਂਡਾਂ ਤਹਿਤ ਘਰੇਲੂ ਸਿਹਤ ਸੇਵਾਵਾਂ ਅਤੇ ਪੈਥੋਲੋਜੀ ਸੇਵਾਵਾਂ ਵੀ ਪ੍ਰਦਾਨ ਕਰਦੀ ਹੈ।ਮੈਕਸ ਹੋਮ ਰਾਹੀਂ ਘਰ ਵਿੱਚ ਸਿਹਤ ਅਤੇ ਤੰਦਰੁਸਤੀ ਨਾਲ ਸਬੰਧਤ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ, ਜਦਕਿ ਮੈਕਸ ਲੈਬ ਨੈੱਟਵਰਕ ਤੋਂ ਬਾਹਰ ਦੇ ਮਰੀਜ਼ਾਂ ਨੂੰ ਵੀ ਜਾਂਚ ਸੇਵਾਵਾਂ ਪ੍ਰਦਾਨ ਕਰਦੀ ਹੈ।

Leave a Comment

Will the middle class get relief from the first general budget of Modi 3.0?