
ਤਲਵੰਡੀ ਸਾਬੋ 30 ਸਤੰਬਰ (ਅੰਮ੍ਰਿਤ ਮਲਕਾਣਾ ) ਸਿੱਖ ਕੌਮ ਦੀ ਮਹਾਨ ਧਾਰਮਿਕ ਸ਼ਖ਼ਸੀਅਤ ਸੰਤ ਬਾਬਾ ਅਤਰ ਸਿੰਘ ਜੀ ਦੀ 100 ਸਾਲਾ ਯਾਦ ਨੂੰ ਸਮਰਪਿਤ ਕਰਕੇ ਉਨ੍ਹਾਂ ਵੱਲੋਂ ਸਥਾਪਿਤ ਪ੍ਰਸਿੱਧ ਧਾਰਮਿਕ ਸੰਸਥਾ ਗੁਰਦੁਆਰਾ ਬੁੰਗਾ ਮਸਤੂਆਣਾ ਧਾਰਮਿਕ ਮਹਾਂ ਵਿਿਦਆਲਾ ਦਮਦਮਾ ਸਾਹਿਬ ‘ਚ ਕਰਵਾਏ ਜਾਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ‘ਸ਼ੁੱਧ ਪਾਠ ਬੋਧ ਸਮਾਗਮ’ ਦੀਆਂ ਅੰਤਿਮ ਤਿਆਰੀਆਂ ਸਬੰਧੀ ਇੱਕ ਵਿਸ਼ੇਸ ਮੀਟਿੰਗ ਬੁੰਗਾ ਮਸਤੂਆਣਾ ਮੁਖੀ ਬਾਬਾ ਕਾਕਾ ਸਿੰਘ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਸਮਾਗਮ ਦਾ ਪੋਸਟਰ ਜਾਰੀ ਕਰਦਿਆਂ ਸੰਗਤਾਂ ਤੇ ਗ੍ਰੰਥੀ ਸਿੰਘਾਂ ਨੂੰ ਸਮਾਗਮ ‘ਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ।
ਮੀਟਿੰਗ ਦੌਰਾਨ ਬਾਬਾ ਕਾਕਾ ਸਿੰਘ ਨੇ ਕਿਹਾ ਕਿ ਗੁਰੂ ਕਾਲ ਤੋਂ ਚੱਲੀ ਆ ਰਹੀ ਰਵਾਇਤ ਮੁਤਾਬਿਕ ਹੁਣ ਸੰਤ ਬਾਬਾ ਅਤਰ ਸਿੰਘ ਜੀ ਦੀ 100 ਸਾਲਾ ਯਾਦ ਨੂੰ ਸਮਰਪਿਤ ਕਰਕੇ 4 ਅਕਤੂਬਰ ਤੋਂ 2 ਨਵੰਬਰ ਤੱਕ ਕਰਵਾਏ ਜਾ ਰਹੇ ‘ਸ਼ੁੱਧ ਪਾਠ ਬੋਧ ਸਮਾਗਮ’ ਵਿੱਚ ਕੌਮ ਦੇ ਮਹਾਨ ਵਿਦਵਾਨ ਗਿਆਨੀ ਹਰਭਜਨ ਸਿੰਘ ਜੀ ਢੁੱਡੀਕੇ ਵਾਲੇ ਗ੍ਰੰਥੀ ਸਿੰਘਾਂ ਤੇ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਪਾਠ ਬੋਧ ਕਰਵਾਉਣਗੇ।ਉਨ੍ਹਾਂ ਦੱਸਿਆ ਕਿ ਸੰਪ੍ਰਦਾਇ ਮਸਤੂਆਣਾ ਮੁਖੀ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਵੱਲੋਂ ਸਮਾਗਮਾਂ ‘ਚ ਵਿਸ਼ੇਸ ਤੌਰ ‘ਤੇ ਸ਼ਮੂਲੀਅਤ ਕੀਤੀ ਜਾਵੇਗੀ ਤੇ ਸਮਾਗਮ ‘ਚ ਗ੍ਰੰਥੀ ਸਿੰਘਾਂ ਤੇ ਸੰਗਤਾਂ ਦੀ ਵੱਡੇ ਪੱਧਰ ‘ਤੇ ਆਮਦ ਨੂੰ ਦੇਖਦਿਆਂ ਰਿਹਾਇਸ਼ ਅਤੇ ਲੰਗਰਾਂ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।ਉੱਧਰ ਅੱਜ ਮੀਟਿੰਗ ‘ਚ ਸ਼ਾਮਿਲ ਨਗਰ ਦੀਆਂ ਸੰਸਥਾਵਾਂ ਦੇ ਨੁਮਾਇੰਦਿਆਂ ਤੇ ਮੁਹਤਬਰਾਂ ਨੇ ਸਮਾਗਮ ਲਈ ਹਰ ਸਹਿਯੋਗ ਦਾ ਭਰੋਸਾ ਦਿੱਤਾ।
ਮੀਟਿੰਗ ‘ਚ ਬੁੰਗਾ ਮਸਤੂਆਣਾ ਦੇ ਸਕੱਤਰ ਭਾਈ ਸੰਤ ਸਿੰਘ ਪਟਵਾਰੀ,ਭਾਈ ਭਰਪੂਰ ਸਿੰਘ ਸਾਬਕਾ ਮੈਨੇਜਰ ਤਖ਼ਤ ਸ੍ਰੀ ਦਮਦਮਾ ਸਾਹਿਬ,ਮੁਹਤਬਰ ਸ਼ਖ਼ਸੀਅਤਾਂ ‘ਚ ਹਰਮੋਹਿੰਦਰ ਸਿੰਘ,ਠਾਣਾ ਸਿੰਘ ਚੱਠਾ,ਬੀਹਲਾ ਸਿੰਘ ਗੋਦਾਰਾ,ਦਵਿੰਦਰ ਸਿੰਘ ਸੂਬਾ ਕੌਂਸਲਰ ਤੋਂ ਇਲਾਵਾ ਵੱਖ ਵੱਖ ਸਭਾ ਸੁਸਾਇਟੀਆਂ ਦੇ ਨੁਮਾਇੰਦੇ ਤੇ ਗ੍ਰੰਥੀ ਸਿੰਘ ਸ਼ਾਮਿਲ ਹੋਏ।









