-ਨਸ਼ਿਆਂ ਖਿਲਾਫ਼ ਯਾਤਰਾ ਚ ਆਮ ਲੋਕਾਂ ਨੂੰ ਸ਼ਾਮਿਲ ਹੋਣ ਦੀ ਕੀਤੀ ਅਪੀਲ-

ਤਲਵੰਡੀ ਸਾਬੋ 20 ਸਤੰਬਰ (ਅੰਮ੍ਰਿਤ ਮਲਕਾਣਾ ) ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਭਰ ‘ਚ ਕੱਢੀਆਂ ਜਾਣ ਵਾਲੀਆਂ ਚਾਰ ‘ਨਸ਼ਾ ਮੁਕਤ ਪੰਜਾਬ’ ਯਾਤਰਾਵਾਂ ਦੀ ਲੜੀ ‘ਚ ਦੂਜੀ ਯਾਤਰਾ ਦੇ 21 ਸਤੰਬਰ ਨੂੰ ਤਲਵੰਡੀ ਸਾਬੋ ਤੋਂ ਆਰੰਭਤਾ ਸਬੰਧੀ ਅਨਾਜ ਮੰਡੀ ਤਲਵੰਡੀ ਸਾਬੋ ‘ਚ ਕੀਤੀਆਂ ਅੰਤਿਮ ਤਿਆਰੀਆਂ ਦਾ ਅੱਜ ਭਾਜਪਾ ਜ਼ਿਲ੍ਹਾ ਬਠਿੰਡਾ (ਦਿਹਾਤੀ) ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਨੇ ਜਾਇਜ਼ਾ ਲਿਆ।
ਜਾਇਜ਼ਾ ਲੈਣ ਉਪਰੰਤ ਗੱਲਬਾਤ ਕਰਦਿਆਂ ਗੁਰਪ੍ਰੀਤ ਸਿੰਘ ਮਲੂਕਾ ਨੇ ਦੱਸਿਆ ਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ,ਭਾਜਪਾ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਭਾਜਪਾ ਦੇ ਕੌਮੀ ਤੇ ਸੂਬਾਈ ਆਗੂ 21 ਸਤੰਬਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਓਟ ਆਸਰਾ ਲੈਣ ਉਪਰੰਤ ਅਨਾਜ ਮੰਡੀ ਚੋਂ ‘ਪੰਜਾਬ ਨਸ਼ਾ ਮੁਕਤ’ ਯਾਤਰਾ ਦੀ ਆਰੰਭਤਾ ਕਰਨਗੇ।ਮਲੂਕਾ ਨੇ ਕਿਹਾ ਕੇ ਯਾਤਰਾ ਦੀਆ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ।ਉਨ੍ਹਾਂ ਨੇ ਕਿਹਾ ਕਿ ਇਹ ਯਾਤਰਾ ਰਾਜਨੀਤੀ ਤੋਂ ਉੱਪਰ ਉੱਠ ਕੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਕੱਢੀ ਜਾ ਰਹੀ ਹੈ ਇਸ ਲਈ ਆਮ ਲੋਕਾਂ ਨੂੰ ਵੀ ਸਮਾਜਿਕ ਮੁਹਿੰਮ ਤਹਿਤ ਇਸ ਯਾਤਰਾ ‘ਚ ਸ਼ਾਮਿਲ ਹੋਣਾ ਚਾਹੀਦਾ ਹੈ।ਉਧਰ ਸੂਬਾ ਮੀਤ ਪ੍ਰਧਾਨ ਨਵਜੋਤ ਸਿੰਘ ਗੁਣੀ ਨੇ ਕਿਹਾ ਕਿ ਹਲਕਾ ਤਲਵੰਡੀ ਸਾਬੋ ਤੋਂ ਵੱਡੀ ਗਿਣਤੀ ਭਾਜਪਾ ਵਰਕਰ ਤੇ ਆਮ ਲੋਕ ਯਾਤਰਾ ‘ਚ ਸ਼ਮੂਲੀਅਤ ਕਰਨਗੇ।
ਇਸ ਮੌਕੇ ਭਾਰਤੀ ਜਨਤਾ ਯੁਵਾ ਮੋਰਚਾ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਜੱਸਾ,ਜ਼ਿਲ੍ਹਾ ਮੀਡੀਆ ਕਨਵੀਨਰ ਰਤਨ ਸ਼ਰਮਾਂ ਮਲੂਕਾ,ਅਮਨ ਚੱਠਾ ਰਾਮਾਂ ਮੰਡੀ,ਗੁਰਜੀਤ ਸਿੰਘ ਗੋਰਾ ਦਿਉਣ ਤੋਂ ਇਲਾਵਾ ਵੱਖ ਵੱਖ ਵਿੰਗਾ ਦੇ ਪ੍ਰਧਾਨ ਤੇ ਹੋਰ ਅਹੁਦੇਦਾਰ ਮੌਜੂਦ ਸਨ।








