
ਸੰਗਤ ਮੰਡੀ, 19 ਸਤੰਬਰ ( ਅਮਨ ਸਰਦਾਰਗੜ੍ਹ) ਸੜਕ ਸੁਰੱਖਿਆ ਫੋਰਸ ਸੜ੍ਹਕ ਸੁਰੱਖਿਆ ਫੋਰਸ ਦੀ ਟੀਮ ਨੇ ਗਸ਼ਤ ਦੌਰਾਨ ਪਰਿਵਾਰ ਤੋਂ ਵਿਛੜੀ ਇੱਕ ਮਹਿਲਾ ਨੂੰ ਉਸ ਦੇ ਪਰਿਵਾਰ ਨਾਲ ਮਿਲਾ ਕੇ ਸ਼ਲਾਘਾਯੋਗ ਕਾਰਜ ਕੀਤਾ ਹੈ।ਸੜ੍ਹਕ ਸੁਰੱਖਿਆ ਫੋਰਸ ਦੇ ਇੰਚਾਰਜ ਏਐੱਸਆਈ ਅੰਗਰੇਜ਼ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨ ਗਸ਼ਤ ਦੌਰਾਨ ਟੀਮ ਨੂੰ ਟੋਲ ਪਲਾਜ਼ਾ ਜੱਸੀ ਬਾਗ਼ ਨੇੜੇ ਇੱਕ ਮਹਿਲਾ ਇਕੱਲੀ ਮਿਲੀ। ਟੀਮ ਵੱਲੋਂ ਜਦੋਂ ਮਹਿਲਾ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣਾ ਨਾਮ ਬੂਲਾ ਸਿੰਘ, ਪਤਨੀ ਰਾਜੂ ਸਿੰਘ, ਵਾਸੀ ਪੱਛਮੀ ਬੰਗਾਲ ਦੱਸਿਆ। ਮਹਿਲਾ ਆਪਣੇ ਪਰਿਵਾਰ ਸਬੰਧੀ ਪੂਰੀ ਜਾਣਕਾਰੀ ਦੇਣ ਦੀ ਸਥਿਤੀ ਵਿੱਚ ਨਹੀਂ ਸੀ।ਟੀਮ ਵੱਲੋਂ ਮਹਿਲਾ ਤੋਂ ਮਿਲੀ ਥੋੜ੍ਹੀ-ਬਹੁਤ ਜਾਣਕਾਰੀ ਦੇ ਆਧਾਰ ’ਤੇ ਉਸ ਦੇ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪਤਾ ਲੱਗਾ ਕਿ ਮਹਿਲਾ ਆਪਣੇ ਪਰਿਵਾਰ ਨਾਲ ਘੁੰਮਣ ਲਈ ਆਈ ਸੀ ਅਤੇ ਰਸਤੇ ਵਿੱਚ ਪਰਿਵਾਰਕ ਮੈਂਬਰਾਂ ਤੋਂ ਵਿਛੜ ਗਈ ਸੀ। ਦੂਜੇ ਪਾਸੇ ਪਰਿਵਾਰਕ ਮੈਂਬਰ ਵੀ ਉਸ ਦੀ ਭਾਲ ਕਰ ਰਹੇ ਸਨ। ਸੜ੍ਹਕ ਸੁਰੱਖਿਆ ਫੋਰਸ ਦੀ ਟੀਮ ਨੇ ਲੋੜੀਂਦੀ ਕਾਰਵਾਈ ਕਰਦਿਆਂ ਮਹਿਲਾ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ। ਮਹਿਲਾ ਦੇ ਪਰਿਵਾਰ ਵੱਲੋਂ ਸੜ੍ਹਕ ਸੁਰੱਖਿਆ ਫੋਰਸ ਦੀ ਟੀਮ ਦਾ ਧੰਨਵਾਦ ਕੀਤਾ ।ਇਸ ਮੌਕੇ ਸੜ੍ਹਕ ਸੁਰੱਖਿਆ ਫੋਰਸ ਟੀਮ ਦੇ ਇੰਚਾਰਜ ਅੰਗਰੇਜ਼ ਸਿੰਘ ਕਾਂਸਟੇਬਲ ਹਰਦੀਪ ਸਿੰਘ , ਲੇਡੀ ਕਾਂਸਟੇਬਲ ਜਸਵੀਰ ਕੌਰ ਅਤੇ ਲੇਡੀ ਕਾਂਸਟੇਬਲ ਜਸਵਿੰਦਰ ਕੌਰ ਸ਼ਾਮਲ ਸਨ।








